ਟਰੰਪ ਨੇ ਕੈਨੇਡਾ ਨੂੰ ਪਾਈ ਭਾਜੜ, ਇਸ 'ਤੇ ਲਾਉਣਗੇ 10 ਫੀਸਦੀ ਟੈਰਿਫ

08/07/2020 3:02:57 PM

ਓਟਾਵਾ— ਸੰਯੁਕਤ ਰਾਸ਼ਟਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡੀਅਨ ਐਲੂਮੀਨੀਅਮ ਦੀ ਦਰਾਮਦ 'ਤੇ 10 ਫੀਸਦੀ ਟੈਰਿਫ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਓਹੀਓ ਦੀ ਵਰਲਪੂਲ ਫੈਕਟਰੀ 'ਚ ਭਾਸ਼ਣ ਦੌਰਾਨ ਇਹ ਘੋਸ਼ਣਾ ਕੀਤੀ। ਉੱਥੇ ਹੀ, ਇਸ ਦੇ ਜਵਾਬ 'ਚ ਕੈਨੇਡਾ ਨੇ ਵੀ ਅਮਰੀਕਾ ਨੂੰ ਉਸ ਦੇ ਸਾਮਾਨਾਂ 'ਤੇ ਟੈਰਿਫ ਲਾਉਣ ਦੀ ਚਿਤਾਵਨੀ ਦੇ ਦਿੱਤੀ ਹੈ। ਯੂ. ਐੱਸ. ਦਾ ਨਵਾਂ ਟੈਰਿਫ 16 ਅਗਸਤ ਤੋਂ ਲਾਗੂ ਹੋਵੇਗਾ।

ਓਹੀਓ 'ਚ ਇਕ ਸਮਾਗਮ 'ਚ ਬੋਲਦੇ ਹੋਏ ਟਰੰਪ ਨੇ ਕਿਹਾ, ''ਕੈਨੇਡਾ ਹਮੇਸ਼ਾ ਦੀ ਤਰ੍ਹਾਂ ਸਾਡਾ ਫਾਇਦਾ ਉਠਾ ਰਿਹਾ ਹੈ।'' ਉਨ੍ਹਾਂ ਦੋਸ਼ ਲਾਉਂਦੇ ਹੋਏ ਕਿਹਾ ਕਿ ਕੈਨੇਡਾ ਅਮਰੀਕਾ 'ਚ ਭਾਰੀ ਮਾਤਰਾ ਮਾਲ ਭੇਜ ਰਿਹਾ ਹੈ, ਜਿਸ ਨੇ ਸਾਡੇ ਐਲੂਮੀਨੀਅਮ ਕਾਰੋਬਾਰ ਨੂੰ ਬਰਬਾਦ ਕੀਤਾ ਹੈ। ਟਰੰਪ ਨੇ ਕਿਹਾ ਕਿ ਨਵਾਂ ਟੈਰਿਫ ਬਿਲਕੁਲ ਜਾਇਜ਼ ਹੈ ਤੇ ਵਾਅਦਾ ਕੀਤਾ ਕਿ ਉਹ ਹਮੇਸ਼ਾ ਅਮਰੀਕੀ ਵਰਕਰਾਂ ਨੂੰ ਪਹਿਲ 'ਤੇ ਰੱਖਣਗੇ ਅਤੇ ਅਜਿਹਾ ਕਰਨ ਲਈ ਉਹ ਜੋ ਕਰ ਸਕਦੇ ਹਨ ਕਰਨਗੇ।

ਟਰੰਪ ਦੀ ਘੋਸ਼ਣਾ ਪਿੱਛੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਵੀ ਇਸ ਦੇ ਜਵਾਬ 'ਚ ਟੈਰਿਫ ਲਾਉਣ ਦੀ ਚਿਤਾਵਨੀ ਦਿੱਤੀ। ਟਰੂਡੋ ਨੇ ਕਿਹਾ, “ਅਸੀਂ ਹਮੇਸ਼ਾਂ ਆਪਣੇ ਐਲੂਮੀਨੀਅਮ ਵਰਕਰਾਂ ਲਈ ਖੜੇ ਰਹਾਂਗੇ। ਅਸੀਂ ਸਾਲ 2018 'ਚ ਅਜਿਹਾ ਕੀਤਾ ਸੀ ਅਤੇ ਹੁਣ ਵੀ ਅਸੀਂ ਉਨ੍ਹਾਂ ਲਈ ਫਿਰ ਖੜ੍ਹੇ ਹੋਵਾਂਗੇ।'' ਹਾਲਾਂਕਿ, ਟਰੂਡੋ ਤੇ ਫ੍ਰੀਲੈਂਡ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਅਮਰੀਕਾ ਦੇ ਕਿਹੜੇ ਸਾਮਾਨ 'ਤੇ ਜਵਾਬੀ ਟੈਰਿਫ ਲਾਇਆ ਜਾਵੇਗਾ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਟਰੰਪ ਸਰਕਾਰ ਨੇ 2018 'ਚ ਕੈਨੇਡੀਅਨ ਐਲੂਮੀਨੀਅਮ ਅਤੇ ਸਟੀਲ ਦੀ ਦਰਾਮਦ 'ਤੇ ਟੈਰਿਫ ਲਾਗੂ ਕੀਤਾ ਸੀ, ਜੋ ਪਿਛਲੇ ਸਾਲ ਨਵੇਂ ਵਪਾਰ ਕਰਾਰ ਤਹਿਤ ਹਟਾ ਦਿੱਤਾ ਗਿਆ ਸੀ।


Sanjeev

Content Editor

Related News