ਟੋਰਾਂਟੋ ''ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਇੰਨੇ ਹੋਰ ਹੋਏ ਬਿਮਾਰ

07/05/2020 8:45:57 PM

ਟੋਰਾਂਟੋ— ਓਂਟਾਰੀਓ 'ਚ ਪਿਛਲੇ 24 ਘੰਟੇ 'ਚ 138 ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ, ਲਗਾਤਾਰ ਇਹ 6ਵਾਂ ਦਿਨ ਹੈ, ਜਦੋਂ ਸੂਬੇ 'ਚ 200 ਤੋਂ ਘੱਟ ਮਾਮਲੇ ਘੱਟ ਦਰਜ ਹੋਏ ਹਨ ਪਰ ਟੋਰਾਂਟੋ ਤੇ ਪੀਲ ਰੀਜ਼ਨ 'ਚ ਸੰਕ੍ਰਮਿਤ ਲਗਾਤਾਰ ਸਾਹਮਣੇ ਆ ਰਹੇ ਹਨ।

ਪਿਛਲੇ 24 ਘੰਟੇ 'ਚ ਦਰਜ ਹੋਏ ਨਵੇਂ ਮਾਮਲਿਆਂ 'ਚੋਂ ਟੋਰਾਂਟੋ 'ਚ 39 ਅਤੇ ਪੀਲ ਰੀਜ਼ਨ 'ਚ ਇਸ ਦੌਰਾਨ 28 ਹੋਰ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਸੂਬੇ 'ਚ 2 ਹੋਰ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਗਈ ਹੈ। ਓਂਟਾਰੀਓ 'ਚ ਹੁਣ ਤੱਕ ਕੋਰੋਨਾ ਵਾਇਰਸ ਸੰਕਰਮਣ ਦੇ 35,794 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 2,689 ਮੌਤਾਂ ਅਤੇ 31,266 ਲੋਕ ਠੀਕ ਹੋਏ ਹਨ।

ਸਿਹਤ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਬੀਤੇ 24 ਘੰਟਿਆਂ 'ਚ ਓਂਟਾਰੀਓ 'ਚ ਸਾਹਮਣੇ ਆਏ ਨਵੇਂ ਮਾਮਲਿਆਂ 'ਚੋਂ 105 ਦੀ ਉਮਰ 20 ਅਤੇ 59 ਵਿਚਕਾਰ ਹੈ। 11 ਮਰੀਜ਼ 19 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਅਤੇ 21 ਮਰੀਜ਼ 59 ਸਾਲ ਤੋਂ ਵੱਧ ਉਮਰ ਦੇ ਹਨ। ਸੂਬੇ 'ਚ ਮਹਾਮਾਰੀ ਸ਼ੁਰੂ ਹੋਣ ਤੋਂ ਹੁਣ ਤੱਕ ਹੋਈਆਂ ਕੁੱਲ ਮੌਤਾਂ ਦੀ ਬਹੁਤਾਤ 70 ਸਾਲ ਤੋਂ ਵੱਧ ਉਮਰ ਦੇ ਲੋਕਾਂ 'ਚ ਸਾਹਮਣੇ ਆਈ ਹੈ, ਜਦੋਂ ਕਿ 19 ਸਾਲ ਤੋਂ ਘੱਟ ਉਮਰ ਦੇ ਸਿਰਫ ਇਕ ਵਿਅਕਤੀ ਦੀ ਮੌਤ ਹੋਈ ਹੈ। ਮਰਨ ਵਾਲੇ 11 ਮਰੀਜ਼ਾਂ ਦੀ ਉਮਰ 20 ਅਤੇ 39 ਦੇ ਵਿਚਕਾਰ ਸੀ, ਜਦੋਂ ਕਿ 108 ਦੀ ਉਮਰ 40 ਅਤੇ 59  ਵਿਚਕਾਰ ਅਤੇ 711 ਦੀ ਉਮਰ 60 ਅਤੇ 79 ਦੇ ਵਿਚਕਾਰ ਸੀ। 80 ਸਾਲ ਤੋਂ ਵੱਧ ਉਮਰ ਦੇ 1,800 ਤੋਂ ਵੱਧ ਲੋਕ ਇਸ ਬਿਮਾਰੀ ਨਾਲ ਮਰ ਚੁੱਕੇ ਹਨ, ਜਿਨ੍ਹਾਂ 'ਚੋਂ ਬਹੁਤ ਸਾਰੇ ਲਾਂਗ-ਟਰਮ ਕੇਅਰ ਹੋਮ 'ਚ ਰਹਿੰਦੇ ਸਨ।

Sanjeev

This news is Content Editor Sanjeev