ਓਂਟਾਰੀਓ 'ਚ 165 ਹੋਰ ਲੋਕ ਕੋਰੋਨਾ ਨਾਲ ਸੰਕ੍ਰਮਿਤ, ਦੇਖੋ ਟੋਰਾਂਟੋ ਦਾ ਹਾਲ

07/03/2020 8:29:10 PM

ਟੋਰਾਂਟੋ— ਓਂਟਾਰੀਓ 'ਚ ਪਿਛਲੇ 24 ਘੰਟਿਆਂ 'ਚ 165 ਹੋਰ ਲੋਕ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਕਾਰਨ ਸੂਬੇ ਦੀ ਚਿੰਤਾ ਬਰਕਰਾਰ ਹੈ ਪਰ ਇਸ ਦੇ ਨਾਲ ਹੀ ਇਹ ਲਗਾਤਾਰ ਚੌਥਾ ਦਿਨ ਹੈ ਜਦੋਂ ਸੂਬੇ 'ਚ 200 ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ।

ਸ਼ੁੱਕਰਵਾਰ ਨੂੰ ਸਰਕਾਰ ਵੱਲੋਂ ਪੁਸ਼ਟੀ ਕੀਤੇ ਗਏ ਕੁੱਲ ਮਾਮਲਿਆਂ ਦੇ 80 ਫੀਸਦੀ ਯਾਨੀ 132 ਮਾਮਲੇ ਟੋਰਾਂਟੋ, ਪੀਲ ਅਤੇ ਯਾਰਕ 'ਚ ਦਰਜ ਕੀਤੇ ਗਏ ਹਨ।

ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਬੀਤੇ 24 ਘੰਟਿਆਂ 'ਚ ਸੂਬੇ 'ਚ ਕੋਵਿਡ-19 ਨਾਲ ਸਿਰਫ ਦੋ ਮੌਤਾਂ ਹੀ ਰਿਪੋਰਟ ਹੋਈਆਂ ਹਨ। ਉੱਥੇ ਹੀ, ਪਿਛਲੇ ਦਿਨ 179 ਕੋਰੋਨਾ ਨਾਲ ਸੰਕ੍ਰਮਿਤ ਮਰੀਜ਼ ਠੀਕ ਹੋਏ ਹਨ, ਯਾਨੀ ਸਰਗਮ ਮਾਮਲੇ ਹੋਰ ਘੱਟ ਹੋ ਗਏ ਹਨ।

ਓਂਟਾਰੀਓ ਦੇ ਸਿਹਤ ਮੰਤਰੀ ਨੇ ਕਿਹਾ ਕਿ ਟੋਰਾਂਟੋ, ਪੀਲ ਅਤੇ ਯਾਰਕ ਨੂੰ ਛੱਡ ਕੇ ਪਿਛਲੇ 24 ਘੰਟਿਆਂ 'ਚ ਸੂਬੇ ਦੀਆਂ ਬਾਕੀ ਜ਼ਿਆਦਾਤਰ ਜਨਤਕ ਸਿਹਤ ਇਕਾਈਆਂ ਨੇ ਕੋਵਿਡ-19 ਦੇ ਪੰਜ ਜਾਂ ਇਸ ਤੋਂ ਘੱਟ ਮਾਮਲੇ ਦਰਜ ਕੀਤੇ ਹਨ। ਸ਼ੁੱਕਰਵਾਰ ਨੂੰ ਓਂਟਾਰੀਓ ਦੇ ਹਸਪਤਾਲਾਂ 'ਚ 155 ਕੋਰੋਨਾ ਵਾਇਰਸ ਮਰੀਜ਼ ਇਲਾਜ ਲਈ ਦਾਖਲ ਹਨ। ਇਨ੍ਹਾਂ 'ਚੋਂ 40 ਆਈ. ਸੀ. ਯੂ. 'ਚ, ਜਦੋਂ ਕਿ 25 ਮਰੀਜ਼ਾਂ ਵੈਂਟੀਲੇਟਰ ਦੇ ਸਹਾਰੇ ਹਨ। ਕੋਰੋਨਾ ਵਾਇਰਸ ਮਹਾਮਾਰੀ ਤੋਂ ਲੈ ਕੇ ਸੂਬੇ 'ਚ ਹੁਣ ਤੱਕ 35,535 ਕੋਰੋਨਾ ਵਾਇਰਸ ਲੱਛਣ ਵਾਲੇ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 30,909 ਠੀਕ ਹੋਏ ਹਨ ਅਤੇ 2,682 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਮੌਜੂਦਾ ਸਮੇਂ 1,944 ਸਰਗਰਮ ਮਾਮਲੇ ਹਨ।

Sanjeev

This news is Content Editor Sanjeev