ਓਂਟਾਰੀਓ ਸਰਕਾਰ ਦਾ ਟੋਰਾਂਟੋ ਤੇ ਪੀਲ ਰੀਜ਼ਨ ਲਈ ਵੱਡਾ ਐਲਾਨ

07/30/2020 9:33:47 AM

ਟੋਰਾਂਟੋ— ਓਂਟਾਰੀਓ ਸਰਕਾਰ ਨੇ ਟੋਰਾਂਟੋ ਤੇ ਪੀਲ ਰੀਜ਼ਨ ਲਈ ਵੱਡਾ ਐਲਾਨ ਕੀਤਾ ਹੈ। ਸ਼ੁੱਕਰਵਾਰ ਤੋਂ ਇਹ ਦੋਵੇਂ ਸੂਬੇ 'ਚ ਕੰਮਕਾਰਾਂ 'ਚ ਦਿੱਤੀ ਜਾ ਰਹੀ ਢਿੱਲ ਦੀ ਸਟੇਜ-3 'ਚ ਸ਼ਾਮਲ ਹੋ ਜਾਣਗੇ।

ਓਂਟਾਰੀਓ ਸਰਕਾਰ ਨੇ ਇਕ ਬਿਆਨ 'ਚ ਕਿਹਾ, ''ਸਥਾਨਕ ਕੋਰੋਨਾ ਵਾਇਰਸ ਮਾਮਲਿਆਂ ਦੇ ਰੁਝਾਨ 'ਚ ਕਮੀ ਆਉਣ ਨਾਲ ਇਹ ਫੈਸਲਾ ਸਿਹਤ ਦੇ ਮੁੱਖ ਮੈਡੀਕਲ ਅਧਿਕਾਰੀ ਅਤੇ ਸਥਾਨਕ ਸਿਹਤ ਮੈਡੀਕਲ ਅਫਸਰਾਂ ਦੀ ਸਲਾਹ ਨਾਲ ਲਿਆ ਗਿਆ ਹੈ।''

ਦੋਵੇਂ ਖੇਤਰ ਸ਼ੁੱਕਰਵਾਰ ਨੂੰ ਸਵੇਰੇ 12: 01 ਵਜੇ ਅਧਿਕਾਰਤ ਤੌਰ ਤੇ ਸਟੇਜ-3 'ਚ ਦਾਖਲ ਹੋਣਗੇ। ਹੁਣ ਸਿਰਫ ਵਿੰਡਸਰ-ਐਸੇਕਸ ਇਕੋ ਇਕ ਖੇਤਰ ਹੈ ਜੋ ਇਸ ਸਟੇਜ 'ਚ ਸ਼ਾਮਲ ਹੋਣਾ ਬਾਕੀ ਹੈ। ਸਟੇਜ-3 'ਚ ਬਾਰ ਅਤੇ ਰੈਸਟੋਰੈਂਟਾਂ 'ਚ ਇਨਡੋਰ ਡਾਇਨਿੰਗ ਦੁਬਾਰਾ ਸ਼ੁਰੂ ਹੋ ਸਕਦੀ ਹੈ। ਇਸ ਦੇ ਨਾਲ ਹੀ ਇਨਡੋਰ 'ਚ 50 ਲੋਕਾਂ ਦੇ ਇਕੱਠ ਅਤੇ ਬਾਹਰ ਖੁੱਲ੍ਹੇ 'ਚ 100 ਲੋਕਾਂ ਦੇ ਇਕੱਠ ਨੂੰ ਇਜਾਜ਼ਤ ਦਿੱਤੀ ਜਾ ਸਕਦੀ ਹੈ, ਜਿਸ 'ਚ ਸਰੀਰਕ ਦੂਰੀ ਲਾਜ਼ਮੀ ਰਹੇਗੀ। ਬਿਨਾਂ ਸਰੀਰਕ ਦੂਰੀ ਦੇ ਕਿਸੇ ਵੀ ਤਰ੍ਹਾਂ ਦਾ ਇਕੱਠ ਹੋਣ ਦੀ ਢਿੱਲ ਨਹੀਂ ਦਿੱਤੀ ਗਈ ਹੈ। ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ 'ਚ ਮੰਗਲਵਾਰ ਨੂੰ ਕੋਵਿਡ -19 ਦਾ ਸਿਰਫ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਸਟੇਜ-3 'ਚ ਫੂਡ ਜਾਂ ਡ੍ਰਿੰਕਸ ਦੀ ਸਪਲਾਈ ਕਰਨ ਦੇ ਕੰਮ ਨੂੰ ਛੱਡ ਕੇ ਨਾਈਟ ਕਲੱਬਾਂ ਨੂੰ ਅਜੇ ਵੀ ਦੁਬਾਰਾ ਖੋਲ੍ਹਣ 'ਤੇ ਪਾਬੰਦੀ ਰੱਖੀ ਗਈ ਹੈ।

Sanjeev

This news is Content Editor Sanjeev