ਕੈਨੇਡਾ : ਸਿੱਖ ਪੁਲਸ ਅਫ਼ਸਰਾਂ ਦੇ ਸਮਰਥਨ ''ਚ ਉਤਰੇ ਪੀ. ਐੱਮ. ਟਰੂਡੋ

09/26/2020 9:13:23 PM

ਓਟਾਵਾ— ਸਿੱਖ ਪੁਲਸ ਅਫ਼ਸਰਾਂ ਨਾਲ ਮਾਸਕ ਨੀਤੀ ਨੂੰ ਲੈ ਕੇ ਰਾਇਲ ਕੈਨੇਡੀਅਨ ਮਾਊਂਟੇਨ ਪੁਲਸ (ਆਰ. ਸੀ. ਐੱਮ. ਪੀ.) ਵੱਲੋਂ ਕੀਤੇ ਗਏ ਵਿਤਕਰੇ ਕਾਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰੀ ਨਿਰਾਸ਼ਾ ਜਤਾਈ ਹੈ। ਉਨ੍ਹਾਂ ਕਿਹਾ ਕਿ ਇਹ ਨਹੀਂ ਹੋਣਾ ਚਾਹੀਦਾ ਸੀ।

ਦਰਅਸਲ, ਆਰ. ਸੀ. ਐੱਮ. ਪੀ. ਨੇ ਸਿੱਖ ਅਤੇ ਮੁਸਲਿਮ ਅਫ਼ਸਰਾਂ ਨੂੰ ਦਾੜ੍ਹੀ ਦੀ ਵਜ੍ਹਾ ਨਾਲ ਐੱਨ-95 ਮਾਸਕ ਫਿੱਟ ਨਾ ਆਉਣ ਕਾਰਨ ਫਰੰਟਲਾਈਨ ਡਿਊਟੀ ਤੋਂ ਹਟਾ ਦਿੱਤਾ ਸੀ। ਟਰੂਡੋ ਨੇ ਕਿਹਾ ਕਿ ਧਾਰਮਿਕ ਕਾਰਨਾਂ ਕਰਕੇ ਦਾੜ੍ਹੀ ਰੱਖਣ ਵਾਲੇ ਅਫ਼ਸਰਾਂ ਨਾਲ ਇਹ ਸਲੂਕ ਨਹੀਂ ਹੋਣਾ ਚਾਹੀਦਾ ਸੀ।

ਉਨ੍ਹਾਂ ਕਿਹਾ ਕਿ ਸਪੱਸ਼ਟ ਤੌਰ 'ਤੇ ਸਿਹਤ ਤੇ ਸੁਰੱਖਿਆ ਨਿਯਮ ਬਹੁਤ ਮਹੱਤਵਪੂਰਨ ਹਨ ਪਰ ਧਾਰਮਿਕ ਦ੍ਰਿਸ਼ਟੀ ਤੋਂ ਵੀ ਦੇਖਣਾ ਜ਼ਰੂਰੀ ਹੈ।

ਕੈਨੇਡਾ ਪੁਲਸ ਵਿਭਾਗ ਦੀ ਇਸ ਨੀਤੀ ਨੂੰ ਲੈ ਕੇ ਤਿੱਖੀ ਆਲੋਚਨਾ ਹੋ ਰਹੀ ਹੈ। ਸੀ. ਬੀ. ਸੀ. ਦੀ ਰਿਪੋਰਟ ਮੁਤਾਬਕ, ਵਿਸ਼ਵ ਸਿੱਖ ਸੰਗਠਨ (ਡਬਲਿਊ. ਐੱਸ. ਓ.) ਦੇ ਕਾਨੂੰਨੀ ਸਲਾਹਕਾਰ ਬਲਪ੍ਰੀਤ ਸਿੰਘ ਨੇ ਕਿਹਾ, ''ਇਹ ਸਾਫ਼ ਤੌਰ 'ਤੇ ਵਿਤਕਰੇ ਦਾ ਮਾਮਲਾ ਹੈ।'' ਕਿਹਾ ਜਾ ਰਿਹਾ ਹੈ ਕਿ ਆਰ. ਸੀ. ਐੱਮ. ਪੀ. ਕਮਿਸ਼ਨਰ ਬਰੈਂਡ ਲੁਕੀ ਨੇ ਮਾਰਚ 'ਚ ਹੁਕਮ ਦਿੱਤੇ ਸਨ ਕਿ ਫਰੰਟਲਾਈਨ ਅਫ਼ਸਰਾਂ ਨੂੰ ਫੀਲਡ 'ਚ ਮਾਸਕ ਪਾਉਣਾ ਹੋਵੇਗਾ। ਸਿੰਘ ਨੇ ਕਿਹਾ ਕਿ ਡਬਲਿਊ. ਐੱਸ. ਓ. ਨੇ ਲੁਕੀ ਅਤੇ ਲੋਕ ਸੁਰੱਖਿਆ ਮੰਤਰੀ ਬਿਲ ਬਲੇਅਰ ਨੂੰ ਪੱਤਰ ਲਿਖ ਕੇ ਨੀਤੀ 'ਚ ਸੋਧ ਕਰਨ ਦੀ ਮੰਗ ਕੀਤੀ ਹੈ। ਬਿਲ ਬਲੇਅਰ ਨੇ ਇਸ ਨੀਤੀ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਆਰ. ਸੀ. ਐੱਮ. ਪੀ. ਲਈ ਜ਼ਰੂਰੀ ਹੈ ਕਿ ਸਿੱਖ ਅਧਿਕਾਰੀਆਂ ਨੂੰ ਸਮੇਂ ਸਿਰ ਲੋੜੀਂਦੇ ਨਿੱਜੀ ਸੁਰੱਖਿਆ ਉਪਕਰਣ ਮੁਹੱਈਆ ਕਰਵਾਏ ਜਾਣ।


Sanjeev

Content Editor

Related News