ਹੁਣ ਕਿਊਬਿਕ ਰੋਜ਼ਾਨਾ ਨਹੀਂ ਪ੍ਰਕਾਸ਼ਤ ਕਰੇਗਾ COVID-19 ਡਾਟਾ

06/25/2020 7:36:41 PM

ਮਾਂਟਰੀਅਲ : ਹੁਣ ਕਿਊਬਿਕ ਵਿਚ ਰੋਜ਼ਾਨਾ ਕੋਰੋਨਾ ਵਾਇਰਸ ਨਾਲ ਸੰਬੰਧਤ ਮਾਮਲਿਆਂ ਦੀ ਸੂਚਨਾ ਨਹੀਂ ਜਾਰੀ ਹੋਵੇਗੀ। ਸੂਬੇ ਦੇ ਸਿਹਤ ਮੰਤਰਾਲਾ ਨੇ ਇਸ ਦਾ ਐਲਾਨ ਕੀਤਾ ਹੈ।

ਮੰਤਰਾਲਾ ਦਾ ਕਹਿਣਾ ਹੈ ਕਿ ਉਹ ਕੋਵਿਡ-19 ਸਥਿਤੀ ਬਾਰੇ ਰੋਜ਼ਾਨਾ ਜਾਣਕਾਰੀ ਦੇਣ ਦੀ ਬਜਾਏ ਸਿਰਫ ਹਫਤਾਵਾਰੀ ਰਿਪੋਰਟਾਂ ਦੇਵੇਗਾ। 2 ਜੁਲਾਈ ਤੋਂ ਕਿਊਬਿਕ ਦਾ ਸਿਹਤ ਮੰਤਰਾਲਾ ਸਿਰਫ ਆਪਣੀ ਵੈੱਬਸਾਈਟ 'ਤੇ ਡਾਟਾ ਪ੍ਰਕਾਸ਼ਤ ਕਰੇਗਾ ਅਤੇ ਹਰ ਵੀਰਵਾਰ ਨੂੰ ਇਕ ਸਮਾਚਾਰ ਜਾਰੀ ਕਰੇਗਾ। ਹਾਲਾਂਕਿ, ਸੂਬੇ ਦੇ ਪਬਲਿਕ ਹੈਲਥ ਰਿਸਰਚ ਇੰਸਟੀਚਿਊਟ, INSPQ ਵੱਲੋਂ 23 ਜੂਨ ਨੂੰ ਆਪਣੀ ਵੈੱਬਸਾਈਟ 'ਤੇ ਪ੍ਰਕਾਸ਼ਤ ਕੀਤੇ ਗਏ ਇਕ ਨੋਟਿਸ ਅਨੁਸਾਰ ਉਹ ਹੁਣ ਵੀ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਡਾਟਾ ਪ੍ਰਕਾਸ਼ਤ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਗੌਰਤਲਬ ਹੈ ਕਿ ਕਿਊਬਿਕ ਵਿਚ ਰੋਜ਼ਾਨਾ ਦੇ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਹਾਲ ਹੀ ਦੇ ਹਫ਼ਤਿਆਂ ਵਿਚ ਘਟੀ ਹੈ। ਮੰਗਲਵਾਰ ਨੂੰ ਸੂਬੇ ਵਿਚ 53 ਨਵੇਂ ਮਾਮਲੇ ਰਿਪੋਰਟ ਹੋਏ ਸਨ, ਜਿਸ ਨਾਲ ਸੂਬੇ ਵਿਚ ਬੁੱਧਵਾਰ ਤੱਕ ਕੁੱਲ 54,937 ਮਾਮਲੇ ਦਰਜ ਹੋਏ ਹਨ। ਕਿਊਬਿਕ ਸਰਕਾਰ ਨੇ ਜ਼ਿਆਦਾਤਰ ਕਾਰੋਬਾਰਾਂ ਨੂੰ ਦੁਬਾਰਾ ਖੋਲ੍ਹਣ ਦੀ ਆਗਿਆ ਦਿੱਤੀ ਹੈ, ਜਿਸ ਵਿਚ ਰੈਸਟੋਰੈਂਟ, ਜਿਮ ਅਤੇ ਸ਼ਾਪਿੰਗ ਮਾਲ ਸ਼ਾਮਲ ਹਨ ਪਰ ਬਾਰ ਬੰਦ ਹਨ।


Sanjeev

Content Editor

Related News