ਪੰਜਾਬੀ ਵਿਰਾਸਤ, ਕਵਿਤਾ ਅਤੇ ਕੋਮਲ ਕਲਾਵਾਂ ਦੀ ਤ੍ਰਿਵੈਣੀ ‘ਦਵਿੰਦਰ ਬਾਂਸਲ’

10/26/2020 5:00:33 PM

ਉਜਾਗਰ ਸਿੰਘ

ਇਸਤਰੀ ਪਰਮਾਤਮਾ ਦਾ ਸਮਾਜ ਨੂੰ ਦਿੱਤਾ ਬਿਹਤਰੀਨ ਤੋਹਫਾ ਹੈ। ਸਮਾਜ ਦੀ ਸਿਰਜਣਾ, ਸਥਾਪਤੀ, ਸਲਾਮਤੀ, ਖ਼ੁਸ਼ਹਾਲੀ, ਸੰਜ਼ੀਦਗੀ ਅਤੇ ਉਤਪਤੀ ਇਸਤਰੀ ਉਪਰ ਹੀ ਨਿਰਭਰ ਕਰਦੀ ਹੈ। ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਇਸਤਰੀ ਨੂੰ ਅਨੇਕਾਂ ਦੁਸ਼ਾਵਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸਦਾ ਇਸਤਰੀ ਦੀ ਮਨੋਦਸ਼ਾ ’ਤੇ ਗਹਿਰਾ ਪ੍ਰਭਾਵ ਪੈਣਾ ਕੁਦਰਤੀ ਹੈ। ਇਸਤਰੀ ਭਾਵਨਾਵਾਂ ਵਿਚ ਵਹਿਣ ਵਾਲੀ ਹੁੰਦੀ ਹੈ, ਜਿਸ ਕਰਕੇ ਜਲਦੀ ਮੁਹੱਬਤ ਦੇ ਮਕੜਜਾਲ ਵਿਚ ਫਸ ਜਾਂਦੀ ਹੈ। ਇਸਤਰੀ ਬਾਰੇ ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਇਸਤਰੀ ਗੁੰਝਲਦਾਰ ਹੁੰਦੀ ਹੈ ਤੇ ਉਸਨੂੰ ਸਮਝਣਾ ਅਸੰਭਵ ਹੈ। ਉਸਦੇ ਦਿਲ ਵਿਚ ਕਿਹੜੀਆਂ ਭਾਵਨਾਵਾਂ ਉਸਲਵੱਟੇ ਲੈਂਦੀਆਂ ਰਹਿੰਦੀਆਂ ਹਨ, ਉਨ੍ਹਾਂ ਬਾਰੇ ਜਾਨਣਾ ਕਠਨ ਹੈ। ਇਸਤਰੀ ਹੀ ਇਸਤਰੀ ਦੇ ਦਿਲ ਅੰਦਰ ਝਾਤ ਮਾਰਕੇ ਕੁਝ ਕੁ ਜਾਣ ਸਕਦੀ ਹੈ।

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸ਼ਤਰ : ਇਕ ਚੁਟਕੀ ਲੂਣ ਦੀ ਵਰਤੋਂ ਨਾਲ ਤੁਸੀਂ ਹੋ ਸਕਦੈ ਹੋ ‘ਮਾਲਾਮਾਲ’, ਜਾਣੋ ਕਿਵੇਂ

ਇਸਤਰੀ ਸਰੋਕਾਰਾਂ ਦੀ ਕਵਿਤਰੀ ‘ਦਵਿੰਦਰ ਬਾਂਸਲ’
ਕੈਨੇਡਾ ਦੇ ਟਰਾਂਟੋ ਸ਼ਹਿਰ ਵਿਚ ਵਸ ਰਹੀ ਪੰਜਾਬੀ ਅਤੇ ਅੰਗਰੇਜ਼ੀ ਦੀ ਕਵਿਤਰੀ ਦਵਿੰਦਰ ਬਾਂਸਲ ਇਸਤਰੀਆਂ ਦੀ ਅੰਤਰੀਵ ਮਨੋਦਸ਼ਾ ਦੀਆਂ ਪਰਤਾਂ ਆਪਣੀਆਂ ਕਵਿਤਾਵਾਂ ਵਿਚ ਖੋਲ੍ਹਦੀ ਹੈ। ਇਸੇ ਕਰਕੇ ਦਵਿੰਦਰ ਬਾਂਸਲ ਨੂੰ ਇਸਤਰੀ ਸਰੋਕਾਰਾਂ ਦੀ ਕਵਿਤਰੀ ਕਿਹਾ ਜਾ ਸਕਦਾ ਹੈ। ਦਵਿੰਦਰ ਬਾਂਸਲ ਦਾ ਨਰਸਿੰਗ ਕਿਤਾ ਅਜਿਹਾ ਹੈ, ਜਿਸਦਾ ਹਮੇਸ਼ਾ ਇਸਤਰੀਆਂ ਨਾਲ ਵਾਹ ਪੈਂਦਾ ਹੈ। ਉਹ ਪਰਿਵਾਰਿਕ ਮਸਲਿਆਂ ਦੇ ਨਿਪਟਾਰੇ ਲਈ ਟਰਾਂਟੋ ਪੁਲਸ ਨਾਲ ਵਾਲੰਟੀਅਰ ਦੇ ਤੌਰ ’ਤੇ ਵੀ ਲੰਮੇ ਸਮੇਂ ਤੋਂ ਕੰਮ ਕਰਦੀ ਆ ਰਹੀ ਹੈ। ਇਸ ਲਈ ਉਹ ਆਪਣੇ ਫਰਜ਼ ਨਿਭਾਉਂਦਿਆਂ ਇਸਤਰੀਆਂ ਦੇ ਅੰਦਰ ਵੜਕੇ ਉਨ੍ਹਾਂ ਦੀਆਂ ਉਲਝਣਾਂ ਨੂੰ ਭਾਵਨਾਵਾਂ ਦੇ ਵਹਿਣ ਵਿਚ ਵਹਾਅ ਕੇ ਉਨ੍ਹਾਂ ਦੇ ਮਨਾਂ ਦੀਆਂ ਤ੍ਰਾਸਦੀਆਂ ਨੂੰ ਗੰਭੀਰਤਾ ਨਾਲ ਲੈਂਦੀ ਹੋਈ ਜਾਣਕਾਰੀ ਪ੍ਰਾਪਤ ਕਰਦੀ ਰਹਿੰਦੀ ਹੈ। ਫਿਰ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਕਵਿਤਾਵਾਂ ਵਿਚ ਮਾਲਾ ਦੇ ਮੋਤੀਆਂ ਦੀ ਤਰ੍ਹਾਂ ਪ੍ਰੋ ਦਿੰਦੀ ਹੈ। 

ਪੜ੍ਹੋ ਇਹ ਵੀ ਖਬਰ - Health tips : ਤੁਸੀਂ ਵੀ ਹੋ ਪਿੱਠ ਦਰਦ ਤੋਂ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ, ਦਰਦ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ

ਇਸਤਰੀ ਦੀਆਂ ਅੰਤਰੀਵ ਭਾਵਨਾਵਾਂ ਨੂੰ ਰੱਖਦੀ ਹੈ ਰੁਮਾਂਸਵਾਦ ਦੀ ਪਿਉਂਦ 
ਉਸਦੀ ਕਮਾਲ ਇਹ ਹੈ ਕਿ ਉਹ ਇਸਤਰੀ ਦੀਆਂ ਅੰਤਰੀਵ ਭਾਵਨਾਵਾਂ ਨੂੰ ਰੁਮਾਂਸਵਾਦ ਦੀ ਪਿਉਂਦ ਨਾਲ ਕਵਿਤਾ ਦਾ ਰੂਪ ਦੇ ਕੇ ਆਪਣੇ ਮਨ ਦਾ ਭਾਰ ਲਾਹ ਲੈਂਦੀ ਹੈ। ਉਹ ਇਸਤਰੀਆਂ ਦੀਆਂ ਭਾਵਨਾਵਾਂ ਨੂੰ ਆਪਣੀਆਂ ਪੇਂਟਿੰਗ ਵਿਚ ਵੀ ਪ੍ਰਗਟਾਅ ਦਿੰਦੀ ਹੈ। ਵੈਸੇ ਤਾਂ ਦਵਿੰਦਰ ਬਾਂਸਲ ਦੀਆਂ ਸਾਰੀਆਂ ਕਵਿਤਾਵਾਂ ਇਸਤਰੀਆਂ ਦੀਆਂ ਭਾਵਨਾਵਾਂ ਨੂੰ ਕਵਿਤਾਵਾਂ ਰਾਹੀਂ ਦਰਸਾਕੇ ਇਨਸਾਨੀ ਮਨਾਂ ਨੂੰ ਕੁਰੇਦਦੀਆਂ ਹਨ ਪ੍ਰੰਤੂ ਉਸਦੀ ਤੜਪ ਸਿਰਲੇਖ ਵਾਲੀ ਕਵਿਤਾ ਦਾ ਇਕ ਬੰਦ ਜੋ ਇਸਤਰੀ ਦੀ ਵੇਦਨਾ ਦਾ ਪ੍ਰਗਟਾਵਾ ਕਰਦਾ ਹੈ ਇਸ ਪ੍ਰਕਾਰ ਹੈ-

ਕੋਈ ਵੀ ਮੇਰੇ ਦਰਦ ਨੂੰ ਨਹੀਂ ਜਾਣਦਾ, ਮੇਰੀ ਰੂਹ ਪਿੰਜੀ ਜਾ ਚੁੱਕੀ ਹੈ।
ਮੇਰਾ ਜਿਸਮ ਟੁਕੜੇ ਟੁਕੜੇ ਹੋ ਚੁੱਕਾ ਹੈ,  ਮੇਰੇ ਜ਼ਖ਼ਮਾ ਦੀ ਪੀੜਾ ਮੇਰੀ ਰੂਹ ਨੂੰ।
ਵਿੰਨ੍ਹ ਵਿੰਨ੍ਹ ਕੇ ਛਾਨਣਾ ਕਰਦੀ ਰਹਿੰਦੀ ਹੈ ।

ਪੜ੍ਹੋ ਇਹ ਵੀ ਖਬਰ - ਜਾਣੋ ਰੋਜ਼ਾਨਾ ਖਾਲੀ ਢਿੱਡ ਕਿਉਂ ਖਾਣੀ ਚਾਹੀਦੀ ਹੈ 'ਸੌਗੀ', ਇਨ੍ਹਾਂ ਬੀਮਾਰੀਆਂ ਦਾ ਜੜ੍ਹ ਤੋਂ ਕਰਦੀ ਹੈ ਇਲਾਜ

ਇਕ ਹੋਰ ਹੋਂਦ ਸਿਰਲੇਖ ਵਾਲੀ ਕਵਿਤਾ ਵਿਚ ਉਹ ਇਸਤਰੀ ਤੋਂ ਵਿਦਰੋਹ ਕਰਵਾਉਂਦੀ ਹੋਈ ਲਿਖਦੀ ਹੈ-

ਮੇਰੇ ਬੇਬਸ ਭਟਕ ਰਹੇ ਮਨ, ਪਲ ਪਲ ਤਿੜਕ ਰਹੀ।
ਆਪਣੀ ਹੋਂਦ ਦਾ ਨਕਸ਼ਾ ਦੇਖ, ਮੈਂ ਕਦ ਤੱਕ ਇੰਝ ਹੀ ਧੂਫ ਵਾਂਗ ਧੁਖਦੀ ਰਹਾਂਗੀ?
ਪਰ ਮੈਂ ਜਾਣਦੀ ਹਾਂ, ਮੇਰੇ ਰੋਗ ਦਾ ਦਾਰੂ।
ਮੇਰੇ ਆਪਣੇ ਹੀ ਕੋਲ ਹੈ, ਮੇਰੇ ਮਨ ਦੀ ਕਿਸੇ ਨੁੱਕਰ 'ਚ।
ਸੁਲਗ ਰਹੇ ਕੁੱਝ ਸ਼ਬਦਾਂ ਦੇ ਅਰਥਾਂ 'ਚ।

ਕਈ ਗੁਣਾਂ ਕਰਕੇ ਬਣੀ ਹੋਈ ਹੈ ਦਵਿੰਦਰ ਬਾਂਸਲ ਦੀ ਪਛਾਣ
ਦਵਿੰਦਰ ਪੰਜਾਬੀ ਵਿਰਾਸਤ ਦੀ ਪੇਂਟਿੰਗਜ਼ ਵੀ ਕਰਦੀ ਹੈ। ਕੋਈ ਇਨਸਾਨ ਭਾਵੇਂ ਗੁਣਾਂ ਦੀ ਗੁਥਲੀ ਕਿਉਂ ਨਾ ਹੋਵੇ ਪ੍ਰੰਤੂ ਸਮਾਜ ਵਿਚ ਉਸਦੀ ਪਹਿਚਾਣ ਕਿਸੇ ਇਕ ਗੁਣ ਕਰਕੇ ਹੀ ਹੁੰਦੀ ਹੈ। ਕੈਨੇਡਾ ਵਿਚ ਜੀਵਨ ਦਾ ਆਨੰਦ ਮਾਣ ਰਹੀ ਪੰਜਾਬੀ ਦੀ ਬਹੁਪੱਖੀ ਅਤੇ ਬਹੁਮੁੱਖੀ ਕਵਿਤਰੀ ਦਵਿੰਦਰ ਬਾਂਸਲ ਅਜਿਹੀ ਵਿਕੋਲਿਤਰੀ ਇਸਤਰੀ ਕਵਿਤਰੀ ਹੈ, ਜਿਸਦੀ ਪਹਿਚਾਣ ਇਕ ਨਹੀਂ ਸਗੋਂ ਅਨੇਕ ਗੁਣਾਂ ਕਰਕੇ ਬਣੀ ਹੋਈ ਹੈ। ਉਸਨੂੰ ਪੰਜਾਬੀ ਵਿਰਾਸਤ, ਸਾਹਿਤ ਅਤੇ ਕੋਮਲ ਕਲਾਵਾਂ ਦੀ ਤ੍ਰਿਵੈਣੀ ਵੀ ਕਿਹਾ ਜਾ ਸਕਦਾ ਹੈ। ਅਚੰਭਾ ਇਸ ਗੱਲ ਦਾ ਹੈ ਕਿ ਉਹ ਜੰਮੀ ਅਤੇ ਪਲੀ ਕੀਨੀਆਂ ਵਿਚ, ਪੜ੍ਹਾਈ ਕੀਤੀ ਇੰਗਲੈਂਡ ਅਤੇ ਕੈਨੇਡਾ ਤੋਂ ਅਤੇ ਬਾਕੀ ਸਾਰੀ ਉਮਰ ਕੈਨੇਡਾ ਵਿਚ ਨੌਕਰੀ ਕਰਦੇ ਹੋਏ ਜੀਵਨ ਗੁਜ਼ਾਰਿਆ ਹੈ। ਉਸਦਾ ਪਹਿਰਾਵਾ, ਸੁਡੌਲ ਕੱਦ ਕਾਠ, ਇੱਲ੍ਹ ਦੇ ਆਂਡੇ ਵਰਗੀ ਅੱਖ, ਹਸਮੁੱਖ ਮੁਹਾਂਦਰਾ, ਗਹਿਣਿਆਂ ਵਿਚ ਲਿਪਟੀ ਹੋਈ ਅਤੇ ਦਿਲਕਸ਼ ਦਿਖ ਵਿਚੋਂ ਪੰਜਾਬਣ ਮੁਟਿਆਰ ਦਾ ਸੁਹੱਪਣ ਲਟ ਲਟ ਝਲਕਦਾ ਹੈ। 

ਪੜ੍ਹੋ ਇਹ ਵੀ ਖਬਰ - ‘O ਬਲੱਡ ਗਰੁੱਪ" ਵਾਲਿਆਂ ਨੂੰ ਹੁੰਦੈ ਕੋਰੋਨਾ ਦਾ ਘੱਟ ਖ਼ਤਰਾ, ਇਨ੍ਹਾਂ ਨੂੰ ਹੁੰਦੈ ਜ਼ਿਆਦਾ (ਵੀਡੀਓ)

ਦਵਿੰਦਰ ਪੰਜਾਬੀ ਵਿਰਾਸਤ ਦਾ ਪ੍ਰਤੀਕ
ਸਹਿਜ ਸੁਭਾਅ ਪਹਿਲੀ ਨਜ਼ਰੇ ਵੇਖਣ ਵਾਲੇ ਨੂੰ ਇਉਂ ਮਹਿਸੂਸ ਹੁੰਦਾ ਹੈ, ਜਿਵੇਂ ਦਵਿੰਦਰ ਬਾਂਸਲ ਪੰਜਾਬੀ ਵਿਰਾਸਤ ਨੂੰ ਆਪਣੇ ਮੋਢਿਆਂ ’ਤੇ ਚੁੱਕੀ ਫਿਰਦੀ ਹੋਈ ਪੰਜਾਬੀ ਸਭਿਆਚਾਰ ਦੀ ਪ੍ਰਤੀਕ ਹੋਵੇ। ਕਿਉਂਕਿ ਉਸਦੇ ਪਹਿਰਾਵੇ ਉਪਰ ਪੰਜਾਬੀ ਮੋਟਿਫ ਅਤੇ ਕੰਨਾ, ਗਲ ਤੇ ਹੱਥਾਂ ਵਿਚ ਪਹਿਨੇ ਹੋਏ ਗਹਿਣੇ ਪੰਜਾਬੀ ਵਿਰਾਸਤ ਦਾ ਪ੍ਰਤੀਕ ਲੱਗਦੇ ਹਨ। ਪੰਜਾਬੀ ਵਿਰਾਸਤ ਨਾਲ ਸੰਬੰਧਤ ਕੋਈ ਅਜਿਹਾ ਗਹਿਣਾ ਨਹੀਂ, ਜਿਹੜਾ ਉਹ ਪਹਿਨਦੀ ਨਾ ਹੋਵੇ। ਜਿਵੇਂ ਵੰਗਾਂ, ਪਰਾਂਦੇ, ਬੁੰਦੇ, ਝੁਮਕੇ, ਕੰਗਣ, ਹਾਰ, ਦੌਣੀ, ਟਿੱਕਾ ਪੱਤਾ ਆਦਿ। ਇਉਂ ਲਗਦਾ ਜਿਵੇਂ ਜੇਵਰ ਪਹਿਨਣਾਂ ਤੇ ਇਕੱਠੇ ਕਰਨਾ ਉਸਦਾ ਸ਼ੌਕ ਹੋਵੇ। 

ਦਵਿੰਦਰ ਬਾਂਸਲ ਦਾ ਰੈਣ ਬਸੇਰਾ 
ਜੇਕਰ ਦਵਿੰਦਰ ਬਾਂਸਲ ਦੇ ਰੈਣ ਬਸੇਰੇ ਦੀ ਗੱਲ ਕਰੀਏ ਤਾਂ ਉਹ ਕਿਸੇ ਅਜਾਇਬ ਘਰ ਦਾ ਭੁਲੇਖਾ ਪਾਉਂਦਾ ਹੈ। ਦਵਿੰਦਰ ਬਾਂਸਲ ਅਤੇ ਉਸਦਾ ਪਤੀ ਦੋਵੇਂ ਪਰਿਵਾਰਿਕ ਅਤੇ ਸਮਾਜਿਕ ਸਮਾਗਮਾਂ ਵਿਚ ਸੰਗੀਤ ਦੀ ਤਾਲ ’ਤੇ ਨੱਚਦੇ ਵਿਖਾਈ ਦਿੰਦੇ ਹਨ। ਕੁਝ ਲੋਕ ਉਨ੍ਹਾਂ ਦੇ ਇਸ ਤਰ੍ਹਾਂ ਨ੍ਰਿਤ ਕਰਨ ’ਤੇ ਖ਼ਾਰ ਵੀ ਖਾਂਦੇ ਹਨ ਪਰ ਇਹ ਜੋੜਾ ਮਸਤ ਹਾਥੀ ਦੀ ਤਰ੍ਹਾਂ ਜ਼ਿੰਦਗੀ ਦਾ ਆਨੰਦ ਮਾਨਣ ਵਿਚ ਯਕੀਨ ਰੱਖਦਾ ਹੋਇਆ ਨੱਚਦਾ ਟੱਪਦਾ ਰਹਿੰਦਾ ਹੈ। ਸੰਗੀਤ ਦਵਿੰਦਰ ਬਾਂਸਲ ਦੀ ਜ਼ਿੰਦਗ ਦਾ ਅਟੁੱਟ ਹਿੱਸਾ ਹੈ। ਉਹ ਹਰ ਦੁੱਖ ਸੁਖ ਦੇ ਸਮੇਂ ਨੂੰ ਮਾਨਣ ਵਿਚ ਵਿਸ਼ਵਾਸ ਰੱਖਦੀ ਹੈ। ਉਸਦੀਆਂ ਕਵਿਤਾਵਾਂ ਵਿਚੋਂ ਵੀ ਪੰਜਾਬੀ ਸਭਿਆਚਾਰ ਦੀ ਝਲਕ ਮਾਰਦੀ ਹੈ। 

ਪੜ੍ਹੋ ਇਹ ਵੀ ਖਬਰ - ਕੀ ਤੁਸੀਂ ਜਾਣਦੇ ਹੋ ਸੜਕ ਅਤੇ ਚੁਰਸਤੇ ’ਤੇ ਲੱਗੇ ‘Stop Sign’ ਦਾ ਇਤਿਹਾਸ? ਪੜ੍ਹੋ ਇਹ ਖ਼ਬਰ

ਗੁਣਾਂ ਦੀ ਗੁਥਲੀ ਦਵਿੰਦਰ ਬਾਂਸਲ
ਇਥੇ ਹੀ ਬਸ ਨਹੀਂ ਹੈਰਾਨੀ ਇਸ ਗੱਲ ਦੀ ਵੀ ਹੈ ਕਿ ਇਹ ਸਾਰਾ ਕੁਝ ਉਸਨੇ ਕਿਥੋਂ ਤੇ ਕਿਵੇਂ ਗ੍ਰਹਿਣ ਕੀਤਾ? ਪੰਜਾਬ ਵਿਚ ਤਾਂ ਸਿਰਫ ਇਸ਼ਕ ਵਿਚ ਰੱਤੀ ਹੋਈ ਦਵਿੰਦਰ ਬਾਂਸਲ ਨੇ ਬਗਾਬਤ ਦੇ ਰੌਂ ਵਿਚ ਆਪਣੇ ਮਨਪਸੰਦ ਦੇ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਭਲਵਾਨੀ ਗੇੜਾ ਮਾਰਿਆ ਸੀ। ਗੁਣਾਂ ਦੀ ਗੁਥਲੀ ਦਵਿੰਦਰ ਬਾਂਸਲ ਕੋਮਲ ਕਲਾਵਾਂ ਨੂੰ ਪ੍ਰਣਾਈ ਹੋਈ ਹੈ, ਜਿਹੜੀ ਪੇਂਟਿੰਗ ਕਰਨ ਦਾ ਸ਼ੌਕ ਨਹੀਂ ਰੱਖਦੀ ਸਗੋਂ ਪੰਜਾਬੀ ਸਭਿਆਚਾਰ ਨਾਲ ਵਿਚ ਗੜੁਚ ਹੈ। ਉਸਨੇ ਆਪਣੀ ਇੱਕ ਪੁਸਤਕ ''ਮੇਰੀਆਂ ਝਾਂਜਰਾਂ ਦੀ ਛਨਛਨ'' ਨਿਵੇਕਲੀ ਕਿਸਮ ਦੀ ਪ੍ਰਕਾਸ਼ਤ ਕਰਵਾਈ ਹੈ। 129 ਪੰਨਿਆਂ ਦੀ 300 ਰੁਪਏ ਕੀਮਤ ਵਾਲੀ ਅਸਥੈਟਿਕ ਪਬਲੀਕੇਸ਼ਨਜ਼ ਲੁਧਿਆਣਾ ਵੱਲੋਂ ਪ੍ਰਕਾਸ਼ਤ ਕੀਤੀ ਗਈ। ਇਹ ਪੁਸਤਕ ਸ਼ਾਇਦ ਆਪਣੀ ਕਿਸਮ ਦੀ ਪਹਿਲੀ ਪੁਸਤਕ ਹੈ, ਜਿਸ ਵਿਚ 30 ਕਵਿਤਾਵਾਂ, ਸਿਮਰਤੀਆਂ ਅਤੇ ਸਾਰੀਆਂ ਕਵਿਤਾਵਾਂ ਦੇ ਨਾਲ ਉਸਨੇ ਆਪ ਪੇਂਟ ਕੀਤੇ ਚਿਤਰ ਲਗਾਏ ਹਨ।  

ਦਵਿੰਦਰ ਇਹ ਵੀ ਕਹਿੰਦੀ ਹੈ ਕਿ ਸਾਰੇ ਸੰਸਾਰ ਵਿਚ ਇਸਤਰੀਆਂ ਨਾਲ ਅਜਿਹੇ ਵਿਵਹਾਰ ਹੁੰਦੇ ਹਨ। ਕਵਿਤਾਵਾਂ ਨਾਲ ਲਗਾਏ ਗਏ ਇਹ ਚਿਤਰ ਆਪਣੇ ਆਪ ਵਿਚ ਹੀ ਕਵਿਤਾ ਦੇ ਅਰਥ ਪ੍ਰਗਟਾਉਂਦੇ ਹਨ। ਇਨ੍ਹਾਂ ਚਿਤਰਾਂ ਦਾ ਇਕ ਸੁਖਦ ਪਹਿਲੂ ਇਹ ਵੀ ਹੈ ਕਿ ਇਹ ਜਿਥੇ ਇਸਤਰੀ ਦੀ ਕਸ਼ਮਕਸ਼ ਅਤੇ ਜਦੋਜਹਿਦ ਦਾ ਪ੍ਰਗਟਾਵਾ ਕਰਦੇ ਹਨ, ਉਥੇ ਨਾਲ ਹੀ ਉਸਾਰੂ ਪੱਖ ਵੀ ਵਿਚੋਂ ਝਲਕਦਾ ਹੈ। ਇਹ ਸਾਰੀਆਂ ਕਵਿਤਾਵਾਂ ਮਰਦ ਅਤੇ ਜਨਾਨੀ ਦੇ ਆਪਸੀ ਸੰਬੰਧਾਂ ਦੀ ਖਟਾਸ ਬਾਰੇ ਲਿਖੀਆਂ ਗਈਆਂ ਹਨ। ਭਾਵ ਜਨਾਨੀ ਵਿਆਹੁਤਾ ਅਤੇ ਸਮਾਜਿਕ ਜੀਵਨ ਵਿਚ ਮਰਦ ਦੇ ਹੱਥੋਂ ਕਿਸ ਤਰ੍ਹਾਂ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ ਪ੍ਰੇਸ਼ਾਨ ਕੀਤੀ ਜਾਂਦੀ ਹੈ। ਉਸ ਦੀਆਂ ਭਾਵਨਾਵਾਂ ਨਾਲ ਮਰਦ ਕਿਵੇਂ ਖਿਲਵਾੜ ਕਰਦਾ ਹੈ, ਉਨ੍ਹਾਂ ਬਾਰੇ ਦਵਿੰਦਰ ਬਾਂਸਲ ਨੇ ਥੋੜ੍ਹੇ ਸ਼ਬਦਾਂ ਵਿਚ ਅਰਥ ਭਰਪੂਰ ਕਵਿਤਾਵਾਂ ਲਿਖੀਆਂ ਹਨ। ਉਸਦੀ ਅੱਖਾਂ ਸਿਰਲੇਖ ਵਾਲੀ ਕਵਿਤਾ ਇਸਤਰੀ ਦੀ ਤ੍ਰਾਸਦੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ-

ਜ਼ਿੰਦਗੀ ਦੇ ਉਦਾਸ ਰਾਹਾਂ ਤੇ ਤੁਰਦਿਆਂ, ਵਰ੍ਹਿਆਂ ਤੋਂ ਲੱਭ ਰਹੀ ਹਾਂ।
ਉਨ੍ਹਾਂ ਅਪਣਤ ਭਰੀਆਂ ਅੱਖਾਂ ਨੂੰ, ਜੋ ਇਕ ਵਾਰ ਨਜ਼ਰ ਭਰ ਕੇ ਵੇਖ ਸਕਣ ।
ਮੇਰੇ ਦਿਲ 'ਚੋਂ ਤ੍ਰਿਪ ਤ੍ਰਿਪ ਚੋਂਦੇ, ਲਹੂ ਦੇ ਤੁਪਕਿਆਂ ਨੂੰ।

ਰਿਸ ਰਿਸ ਕੇ ਮਰਦੀਆਂ ਰਹਿੰਦੀਆਂ ਹਨ ਜਨਾਨੀਆਂ
ਕਵਿਤਰੀ ਨੇ ਆਪਣੀਆਂ ਕਵਿਤਾਵਾਂ ਵਿਚ ਇਸਤਰੀ ਨੂੰ ਮਰਦਾਂ ਵੱਲੋਂ ਪੈਦਾ ਕੀਤੀਆਂ ਚੁਣੌਤੀਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਕੇ ਆਪਣੀਆਂ ਭਾਵਨਾਵਾਂ ਨੂੰ ਸੰਤੁਸ਼ਟ ਕਰਨ ਦੀ ਪ੍ਰੇਰਨਾ ਵੀ ਦਿੱਤੀ। ਜਨਾਨੀ ਨੂੰ ਦੁਨੀਆਂ ਕੀ ਕਹੇਗੀ, ਇਸਦੀ ਪਰਵਾਹ ਨਹੀਂ ਕਰਨੀ ਚਾਹੀਦੀ, ਕਿਉਂਕਿ ਜੇ ਉਹ ਆਪਣੀ ਮਰਜ਼ੀ ਨਾਲ ਜ਼ਿੰਦਗੀ ਨਹੀਂ ਜੀਅ ਸਕਦੀ ਫਿਰ ਉਸਨੇ ਸਮਾਜ ਤੋਂ ਕੀ ਲੈਣਾ। ਜਿਸ ਸਮਾਜ ਨੂੰ ਉਸਨੇ ਪੈਦਾ ਕੀਤਾ ਹੈ। ਉਸਨੂੰ ਸਮਾਜ ਵਿਚ ਆਪਣੇ ਆਪ ਨੂੰ ਚੰਗੀ ਕਹਾਕੇ ਅਤੇ ਮਰਦ ਦੀ ਵਿਸ਼ਵਾਸ ਪਾਤਰ ਬਣਕੇ ਆਪਣੀਆਂ ਭਾਵਨਾਵਾਂ ਦਾ ਕਤਲ ਨਹੀਂ ਕਰਨਾ ਚਾਹੀਦਾ। ਉਸਨੇ ਇਹ ਵੀ ਦੱਸਿਆ ਹੈ ਕਿ ਸਾਡਾ ਸਮਾਜ ਇਸਤਰੀ ਨੂੰ ਬਚਪਨ ਤੋਂ ਹੀ ਇਹ ਸਿੱਖਿਆ ਦਿੰਦਾ ਹੈ ਕਿ ਉਹ ਮਰਦ ਤੋਂ ਕਮਜ਼ੋਰ ਹੈ। ਉਸਨੇ ਮਰਦ ਦੇ ਅਧੀਨ ਨਮਰਤਾ ਨਾਲ ਜੀਵਨ ਬਸਰ ਕਰਨਾ ਹੈ, ਜਿਸ ਕਰਕੇ ਇਸਤਰੀਆਂ ਆਪਣੀ ਆਵਾਜ ਬੁਲੰਦ ਨਹੀਂ ਕਰਦੀਆਂ, ਸਗੋਂ ਰਿਸ ਰਿਸ ਕੇ ਮਰਦੀਆਂ ਰਹਿੰਦੀਆਂ ਹਨ। 

ਪੜ੍ਹੋ ਇਹ ਵੀ ਖਬਰ - Beauty Tips : ਤੁਹਾਡੇ ਚਿੱਟੇ ਵਾਲਾਂ ਨੂੰ ਕਾਲਾ ਕਰ ਦੇਵੇਗਾ ‘ਮਹਿੰਦੀ ਦਾ ਤੇਲ’, ਇੰਝ ਕਰੋ ਸਹੀ ਵਰਤੋਂ

ਜਨਾਨੀ ਦੀ ਦੁਸ਼ਮਣ ਹੁੰਦੀ ਹੈ ਜਨਾਨੀ
ਅਣਜੋੜ ਵਿਆਹ, ਮਰਦਾਵਾਂ ਕਮਜ਼ੋਰੀ ਅਤੇ ਦਾਜ ਵਰਗੇ ਵਿਸ਼ਿਆਂ ’ਤੇ ਉਸਨੇ ਕਵਿਤਾਵਾਂ ਲਿਖੀਆਂ। ਉਹ ਆਪਣੀਆਂ ਕਵਿਤਾਵਾਂ ਵਿਚ ਜਨਾਨੀ ਨੂੰ ਜਨਾਨੀ ਦੀ ਦੁਸ਼ਮਣ ਕਹਿੰਦੀ ਹੈ। ਉਹ ਮੰਨਦੀ ਹੈ ਕਿ ਬਹੁਤੇ ਮਰਦ ਜਨਾਨੀਆਂ ਨਾਲ ਦੁਰਵਿਵਹਾਰ ਕਰਦੇ ਹਨ। ਕੁਝ ਕੁ ਇਸਤਰੀਆਂ ਖੇਖਣਹਾਰੀਆਂ ਹੁੰਦੀਆਂ ਹਨ। ਇਕ ਕਿਸਮ ਨਾਲ ਉਸਦੀਆਂ ਕਵਿਤਾਵਾਂ ਇਸਤਰੀ ਨੂੰ ਮਰਦਾਂ ਦੇ ਗੈਰ ਮਨੁਖੀ ਵਿਵਹਾਰ ਵਿਰੁਧ ਬਗਾਬਤ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਪੰਜਾਬੀ ਭਾਸ਼ਾ ਨੂੰ ਅਜੋਕੀ ਨੌਜਵਾਨੀ ਵੱਲੋਂ ਤਿਲਾਂਜਲੀ ਦੇਣ ਦਾ ਰਾਮ ਰੌਲਾ ਪੈਂਦਾ ਰਹਿੰਦਾ ਹੈ ਪ੍ਰੰਤੂ ਹੈਰਾਨੀ ਵਾਲੀ ਗੱਲ ਹੈ ਕਿ ਦਵਿੰਦਰ ਬਾਂਸਲ ਨੇ ਰਵਾਇਤੀ ਢੰਗ ਨਾਲ ਕਦੇ ਪੰਜਾਬੀ ਨਹੀਂ ਪੜ੍ਹੀ, ਜਿਸ ਦੇ ਬਾਵਜੂਦ ਉਹ ਪੰਜਾਬੀ ਵਿਚ ਵਿਦੇਸ਼ ’ਚ ਬੈਠਿਆਂ ਕਵਿਤਾਵਾਂ ਲਿਖ ਰਹੀ ਹੈ। 

ਵੱਖ-ਵੱਖ ਭਾਸ਼ਾਵਾਂ ਦੀ ਹੈ ਗਿਆਤਾ
ਉਸਨੇ ਮਾੜੀ ਮੋਟੀ ਪੰਜਾਬੀ ਪ੍ਰਵਾਸ ਵਿਚ ਹੀ ਖਾਲਸਾ ਸਕੂਲਾਂ ਵਿਚ ਸਿੱਖੀ ਹੈ। ਦਵਿੰਦਰ ਬਾਂਸਲ ਪੰਜਾਬੀ, ਹਿੰਦੀ, ਅੰਗਰੇਜ਼ੀ, ਗੁਜਰਾਤੀ, ਉਰਦੂ, ਸਵਾਹਿਲੀ (ਅਫਰੀਕੀ), ਜਰਮਨ ਅਤੇ ਫਰੈਂਚ ਭਾਸ਼ਾਵਾਂ ਦੀ ਗਿਆਤਾ ਹੈ। ਉਹ ਅੰਗਰੇਜ਼ੀ ਅਤੇ ਪੰਜਾਬੀ ਵਿਚ ਕਵਿਤਾਵਾਂ ਲਿਖਦੀ ਹੈ। ਉਸਦੇ ਸਾਹਿਤਕ ਸ਼ੌਕ ਕਰਕੇ ਉਹ ਪੰਜਾਬੀ ਦੇ ਇਕ ਮੈਗਜ਼ੀਨ ਦੀ ਆਨਰੇਰੀ ਸੰਪਾਦਕੀ ਵੀ ਕਰਦੀ ਰਹੀ ਹੈ।

ਪੜ੍ਹੋ ਇਹ ਵੀ ਖਬਰ - ਅਹਿਮ ਖ਼ਬਰ : ਹਵਾ ਪ੍ਰਦੂਸ਼ਣ ਕਾਰਨ ਸਾਲ 2019 ’ਚ ਭਾਰਤ ਦੇ 1.16 ਲੱਖ ਬੱਚਿਆਂ ਦੀ ਹੋਈ ਮੌਤ (ਵੀਡੀਓ)

ਜਨਮ ਅਤੇ ਜੀਵਨ
ਦਵਿੰਦਰ ਬਾਂਸਲ ਦਾ ਜਨਮ 20 ਅਕਤੂਬਰ 1952 ਨੂੰ ਕੀਨੀਆਂ ਦੇ ਨੈਰੋਬੀ ਸ਼ਹਿਰ ਵਿਚ ਹੋਇਆ ਸੀ। ਮੁੱਢਲੀ ਪੜ੍ਹਾਈ ਉਸਨੇ ਕੀਨੀਆਂ ਵਿਚ ਕੀਤੀ। ਉਹ 16 ਸਾਲ ਦੀ ਸੀ ਕਿ 1968 ਵਿਚ ਉਨ੍ਹਾਂ ਦਾ ਪਰਿਵਾਰ ਇੰਗਲੈਂਡ ਆ ਕੇ ਵਸ ਗਿਆ। ਇੰਗਲੈਂਡ ਆ ਕੇ ਉਸ ਨੇ ਹਾਇਰ ਸੈਕੰਡਰੀ ਅਤੇ ਗ੍ਰੈਜੂਏਸ਼ਨ ਪਾਸ ਕੀਤੀਆਂ, ਫਿਰ ਉਸ ਦਾ ਪਰਿਵਾਰ ਕੈਨੇਡਾ ਆ ਗਿਆ। ਉਥੇ ਉਸ ਨੇ ਮਿਡ ਵਾਈਫ ਅਤੇ ਨਰਸਿੰਗ ਦੇ ਕੋਰਸ ਕੀਤੇ। ਜਨਾਨੀਆਂ ਅਤੇ ਬੱਚਿਆਂ ਨਾਲ ਸੰਬੰਧਤ ਉਸਨੇ ਕਈ ਹੋਰ ਕੋਰਸ ਕੀਤੇ ਹਨ ਅਤੇ ਇਥੇ ਹੀ ਨੌਕਰੀ ਕਰ ਲਈ। ਪਿਛਲੇ 45 ਸਾਲਾਂ ਤੋਂ ਉਹ ਕੈਨੇਡਾ ਵਿਚ ਰਹਿ ਰਹੀ ਹੈ। ਕੈਨੇਡਾ ਵਿਚ ਇਸਤਰੀਆਂ ਦੇ ਰੇਡੀਓ ਪ੍ਰੋਗਰਾਮਾਂ ਵਿਚ ਉਹ ਹਿੱਸਾ ਲੈਂਦੀ ਆ ਰਹੀ ਹੈ। ਇਸ ਤੋਂ ਇਲਾਵਾ ਉਹ ਇਸਤਰੀਆਂ, ਬੱਚਿਆਂ ਅਤੇ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣ ਅਤੇ ਉਨ੍ਹਾਂ ਦੇ ਪਰਿਵਾਰਿਕ ਮਸਲਿਆਂ ਨਾਲ ਸੰਬੰਧਤ ਸੰਸਥਾਵਾਂ ਵਿਚ ਵਾਲੰਟੀਅਰ ਦੇ ਤੌਰ ’ਤੇ ਸੇਵਾਵਾਂ ਦੇ ਰਹੀ ਹੈ। 

ਦਬੰਗ ਕਿਸਮ ਦੀ ਦਲੇਰ ਇਸਤਰੀ ਕਵਿਤਰੀ ਦਵਿੰਦਰ ਬਾਂਸਲ
ਉਸਦੀ ਇਕ ਹੋਰ ਵਿਲੱਖਣ ਗੱਲ ਹੈ ਕਿ ਉਹ ਪੰਜਾਬੀ, ਅਫਰੀਕੀ ਅਤੇ ਕੈਨੇਡਾ ਦੇ ਸਭਿਆਚਾਰਾਂ ਬਾਰੇ ਪੂਰੀ ਤਰ੍ਹਾਂ ਬਾਵਾਸਤਾ ਹੈ। ਉਹ ਇਨ੍ਹਾਂ ਸਭਿਆਚਾਰਾਂ ਨਾਲ ਸੰਬੰਧਤ ਸਾਰੇ ਸਮਾਗਮਾਂ ਵਿਚ ਸੂਤਰਧਾਰ ਹੁੰਦੀ ਹੈ। ਉਹ ਦਬੰਗ ਕਿਸਮ ਦੀ ਦਲੇਰ ਇਸਤਰੀ ਕਵਿਤਰੀ ਹੈ। ਦਵਿੰਦਰ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਰਿਵਾਰ ਖਾਸ ਤੌਰ ’ਤੇ ਆਪਣੇ ਪਤੀ ਕਸ਼ਮੀਰ ਦੇ ਸਿਰ ਬੰਨ੍ਹਦੀ ਹੈ। ਉਸਨੂੰ ਬਹੁਤ ਸਾਰੇ ਮਾਨ ਸਨਮਾਨ ਮਿਲੇ ਹਨ, ਜਿਨ੍ਹਾਂ ਵਿਚ ਟਰਾਂਟੋ ਸਿਟੀ ਕੌਂਸਲ ਵੱਲੋਂ ਉਸਦੀਆਂ ਸੇਵਾਵਾਂ ਕਰਕੇ 2001 ਵਿਚ ਸਨਮਾਨਤ ਕੀਤਾ ਗਿਆ। 2003 ਵਿਚ ਸਰਵੋਤਮ ਕੈਨੇਡੀਅਨ ਕਮਨਿਊਟੀ ਸਰਵਿਸਜ ਲਈ ਸਨਮਾਨਿਤ ਕੀਤਾ ਗਿਆ। ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਓਨਟਾਰੀਓ ਨੇ 2014 ਵਿਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਅੰਤਰਰਾਸ਼ਟਰੀ ਅਵਾਰਡ ਦੇ ਕੇ ਸਨਮਾਨਤ ਕੀਤਾ ਸੀ। ਆਸ ਕੀਤੀ ਜਾ ਸਕਦੀ ਹੈ ਕਿ ਇਹ ਕਵਿਤਰੀ ਭਵਿੱਖ ਵਿਚ ਪੰਜਾਬੀ ਮਾਂ ਬੋਲੀ ਦੀ ਸੇਵਾ ਰਾਹੀਂ ਇਸਤਰੀਆਂ ਦੀ ਰਹਿਨੁਮਾਈ ਕਰਦੀ ਹੋਈ ਨਵੀਂਆਂ ਪੈੜਾਂ ਪਾਵੇਗੀ। 

ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072


rajwinder kaur

Content Editor

Related News