ਓਂਟਾਰੀਓ ''ਚ ਕੋਵਿਡ-19 ਦੇ ਕਹਿਰ ਪਿਛੋਂ ਪਹਿਲੀ ਵਾਰ ਗੁੱਡ ਨਿਊਜ਼

07/06/2020 10:38:29 PM

ਟੋਰਾਂਟੋ— ਓਂਟਾਰੀਓ 'ਚ ਕੋਰੋਨਾ ਵਾਇਰਸ ਮਹਾਮਾਰੀ ਸ਼ੁਰੂ ਹੋਣ ਦੇ ਲੰਮੇ ਸਮੇਂ ਪਿੱਛੋਂ ਪਹਿਲੀ ਵਾਰ ਕੋਵਿਡ-19 ਨਾਲ ਕੋਈ ਮੌਤ ਨਹੀਂ ਹੋਈ ਹੈ।

ਮਾਰਚ ਦੇ ਅਖੀਰ ਤੋਂ ਹੁਣ ਤੱਕ ਓਂਟਾਰੀਓ 'ਚ ਹਰ ਦਿਨ ਨਾਵਲ ਕੋਰੋਨਾ ਵਾਇਰਸ ਨਾਲ ਸਬੰਧਤ ਕਈ ਮੌਤਾਂ ਦਰਜ ਕੀਤੀਆਂ ਗਈਆਂ ਸਨ। ਹੁਣ ਤੱਕ ਸੂਬੇ 'ਚ ਕੋਰੋਨਾ ਕਾਰਨ ਕੁੱਲ 2,689 ਲੋਕ ਜਾਨ ਗੁਆ ਚੁੱਕੇ ਹਨ। ਸੂਬੇ 'ਚ ਕੋਰੋਨਾ ਵਾਇਰਸ ਦੇ ਸਿਖਰ ਦੌਰਾਨ ਹਰ ਰੋਜ਼ ਦਰਜਨਾਂ ਮੌਤਾਂ ਦਰਜ ਹੋ ਰਹੀਆਂ ਸਨ।

ਉੱਥੇ ਹੀ, ਸੋਮਵਾਰ ਨੂੰ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਸੰਕਰਮਣ ਦੇ 154 ਹੋਰ ਮਾਮਲੇ ਦਰਜ ਕੀਤੇ ਹਨ, ਜੋ ਇਸ ਤੋਂ ਪਿਛਲੇ ਦਿਨ ਦੇ ਮਾਮਲਿਆਂ ਨਾਲੋਂ ਥੋੜ੍ਹੇ ਵੱਧ ਹਨ, ਐਤਵਾਰ ਨੂੰ ਸੂਬੇ ਨੇ 121 ਮਾਮਲੇ ਦਰਜ ਕੀਤੇ ਸਨ। ਹੁਣ ਤੱਕ ਸੂਬਾ ਕੁੱਲ ਮਿਲਾ ਕੇ 35,948 ਮਾਮਲੇ ਦਰਜ ਕਰ ਚੁੱਕਾ ਹੈ, ਜਿਸ 'ਚ 2,689 ਮੌਤਾਂ ਤੇ 31,426 ਠੀਕ ਹੋਏ ਲੋਕਾਂ ਦੀ ਗਿਣਤੀ ਸ਼ਾਮਲ ਹਨ। ਸੂਬਾ ਸਰਕਾਰ ਵੱਲੋਂ ਜਾਰੀ ਬੁਲੇਟਿਨ ਮੁਤਾਬਕ, ਬੀਤੇ ਘੰਟਿਆਂ 'ਚ ਸੂਬੇ 'ਚ ਰਿਪੋਰਟ ਹੋਏ ਨਵੇਂ ਮਾਮਲਿਆਂ 'ਚ 43 ਪੀਲ ਰੀਜ਼ਨ, 12 ਯੋਰਕ ਰੀਜ਼ਨ 'ਚ ਅਤੇ 59 ਟੋਰਾਂਟੋ 'ਚ ਦਰਜ ਹੋਏ ਹਨ। ਓਂਟਾਰੀਓ ਦੇ ਨਵੇਂ ਮਾਮਲਿਆਂ 'ਚੋਂ, 109 ਲੋਕ 20 ਅਤੇ 59 ਸਾਲ ਦੀ ਉਮਰ ਵਿਚਕਾਰ ਦੇ ਹਨ। 10 ਮਰੀਜ਼ 19 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਅਤੇ 35 ਮਰੀਜ਼ 59 ਸਾਲ ਤੋਂ ਵੱਧ ਉਮਰ ਦੇ ਹਨ।


Sanjeev

Content Editor

Related News