ਓਂਟਾਰੀਓ 'ਚ ਰੋਜ਼ਾਨਾ ਵੱਧ ਸਕਦੇ ਨੇ 40,000 ਨਵੇਂ ਕੋਰੋਨਾ ਮਾਮਲੇ : ਡਾਕਟਰ

01/18/2021 7:23:48 PM

ਟੋਰਾਂਟੋ- ਓਂਟਾਰੀਓ ਦੀ ਕੋਵਿਡ-19 ਵਿਗਿਆਨਕ ਸਲਾਹਕਾਰ ਕਮੇਟੀ ਦੇ ਇਕ ਚੋਟੀ ਦੇ ਡਾਕਟਰ ਦਾ ਕਹਿਣਾ ਹੈ ਕਿ ਫਰਵਰੀ ਦੇ ਅੰਤ ਤੱਕ ਸੂਬੇ ਵਿਚ ਹਰ ਦਿਨ 40,000 ਨਵੇਂ ਮਾਮਲੇ ਦੇਖਣ ਨੂੰ ਮਿਲ ਸਕਦੇ ਹਨ, ਜੇਕਰ ਯੂ. ਕੇ. ਵਿਚ ਪੈਦਾ ਹੋਏ ਵਾਇਰਸ ਦੀ ਤਰ੍ਹਾਂ ਇੱਥੇ ਵੀ ਇਹ ਸਥਿਤੀ ਬਣਦੀ ਹੈ।

ਡਾ. ਪੀਟਰ ਜੁਨੀ ਨੇ ਸ਼ਨੀਵਾਰ ਨੂੰ ਪ੍ਰਸਾਰਿਤ ਕੀਤੀ ਇਕ ਇੰਟਰਵਿਊ ਵਿਚ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਲੋਕ ਮੌਜੂਦਾ ਤਾਲਾਬੰਦੀ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਆਪਣੇ ਘਰਾਂ ਵਿਚ ਨਹੀਂ ਰਹਿੰਦੇ ਤਾਂ ਓਂਟਾਰੀਓ ਵਿਚ ਕੋਰੋਨਾ ਭਾਰੂ ਪੈ ਸਕਦਾ ਹੈ।

ਉਨ੍ਹਾਂ ਕਿਹਾ ਕਿ ਰੋਜ਼ਾਨਾ 30,000 ਤੋਂ 40,000 ਮਾਮਲੇ ਆਰਾਮ ਨਾਲ ਹੋ ਸਕਦੇ ਹਨ ਕਿਉਂਕਿ ਨਵਾਂ ਸਟ੍ਰੇਨ ਬਹੁਤ ਜ਼ਿਆਦਾ ਛੂਤਕਾਰੀ ਹੈ।

ਗੌਰਤਲਬ ਹੈ ਕਿ ਓਂਟਾਰੀਓ ਨੇ ਪਿਛਲੇ ਹਫ਼ਤੇ ਸੂਬੇ ਵਿਚ ਦੂਜੀ ਵਾਰ ਐਮਰਜੈਂਸੀ ਲਾਈ ਹੈ ਅਤੇ ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਹੁਕਮ ਦਿੱਤੇ ਹਨ। ਇਹ ਫ਼ੈਸਲਾ ਵਿਗਿਆਨਕ ਸਲਾਹਕਾਰ ਸਮੂਹ ਵੱਲੋਂ ਇਕ ਰਿਪੋਰਟ ਜਾਰੀ ਕਰਨ ਦੇ ਤਿੰਨ ਹਫ਼ਤੇ ਬਾਅਦ ਆਇਆ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਮਹਾਮਾਰੀ ਦੇ ਫੈਲਣ ਨੂੰ ਘੱਟ ਕਰਨ ਦੀਆਂ ਪਹਿਲੀਆਂ ਕੋਸ਼ਿਸ਼ਾਂ ਕੰਮ ਨਹੀਂ ਕਰ ਰਹੀਆਂ। ਡਾ. ਪੀਟਰ ਜੁਨੀ ਨੇ ਕਿਹਾ ਕਿ ਉਭਰ ਰਿਹਾ ਕੋਰੋਨਾ ਵਾਇਰਸ ਨਵਾਂ ਸਟ੍ਰੇਨ ਓਂਟਾਰੀਓ ਦੇ ਕੋਵਿਡ-19 ਮਾਮਲਿਆਂ ਨੂੰ ਤੇਜ਼ੀ ਨਾਲ ਵਧਾ ਸਕਦਾ ਹੈ। ਲੋਕਾਂ ਨੂੰ ਸਾਵਧਾਨੀ ਵਰਤਣੀ ਹੋਵੇਗੀ ਅਤੇ ਪਾਬੰਦੀਆਂ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ।


Sanjeev

Content Editor

Related News