ਐਡਮਿੰਟਨ 'ਚ ਬਿਨਾਂ ਮਾਸਕ ਨਿਕਲੇ ਸ਼ਾਪਿੰਗ ਲਈ ਤਾਂ ਹੋਵੇਗਾ ਇੰਨਾ ਜੁਰਮਾਨਾ

07/31/2020 7:26:46 AM

ਐਡਮਿੰਟਨ— ਹੁਣ ਐਡਮਿੰਟਨ ਸ਼ਹਿਰ ਨੇ ਵੀ ਦੁਕਾਨਾਂ, ਮਾਲ ਵਰਗੀਆਂ ਜਨਤਕ ਥਾਵਾਂ 'ਤੇ ਪਹਿਲੀ ਅਗਸਤ ਤੋਂ ਮਾਸਕ ਲਾਜ਼ਮੀ ਕਰ ਦਿੱਤਾ ਹੈ। ਇਹ ਨਿਯਮ ਸਰਕਾਰੀ ਸਹੂਲਤਾਂ ਦੇ ਨਾਲ-ਨਾਲ ਨਿੱਜੀ ਕਾਰੋਬਾਰਾਂ 'ਤੇ ਵੀ ਲਾਗੂ ਹੋਵੇਗਾ। ਨਿਯਮਾਂ ਦੀ ਉਲੰਘਣ ਕਰਨ ਵਾਲੇ ਨੂੰ 100 ਡਾਲਰ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।

ਇਹ ਨਿਯਮ ਦੋ ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ 'ਤੇ ਲਾਗੂ ਨਹੀਂ ਹੋਵੇਗਾ। ਇਸ ਤੋਂ ਇਲਾਵਾ ਉਹ ਲੋਕ ਜੋ ਆਪਣੇ ਆਪ ਮਾਸਕ ਨਹੀਂ ਪਾ ਸਕਦੇ ਜਾਂ ਹਟਾ ਨਹੀਂ ਸਕਦੇ ਅਤੇ ਜਿਹੜੇ ਸਰੀਰਕ ਜਾਂ ਮਾਨਸਿਕ ਚਿੰਤਾ ਜਾਂ ਹੋਰ ਸਿਹਤ ਸਮੱਸਿਆ ਕਾਰਨ ਇਸ ਨੂੰ ਨਹੀਂ ਪਾ ਸਕਦੇ ਉਨ੍ਹਾਂ ਨੂੰ ਛੋਟ ਦਿੱਤੀ ਗਈ ਹੈ।

ਸ਼ਹਿਕ ਦੇ ਮੇਅਰ ਡੌਨ ਇਵਸਨ ਨੇ ਕਿਹਾ ਕਿ ਇਹ ਕਦਮ ਐਡਮਿੰਟਨ ਵਾਸੀਆਂ ਦੀ ਸਿਹਤ ਦੀ ਰੱਖਿਆ ਅਤੇ ਇਕ ਹੋਰ ਆਰਥਿਕ ਬੰਦ ਦੀ ਸੰਭਾਵਨਾ ਤੋਂ ਬਚਾਅ ਲਈ ਜ਼ਰੂਰੀ ਹੈ।

ਪਰਚੂਨ ਸਟੋਰਾਂ, ਮਨੋਰੰਜਨ ਸਥਾਨਾਂ, ਰੇਕ ਸੈਂਟਰਾਂ, ਕਿਰਾਏ ਦੇ ਵਾਹਨਾਂ ਅਤੇ ਹੋਰ ਕਈ ਜਨਤਕ ਥਾਵਾਂ 'ਤੇ ਚਿਹਰੇ ਦੀ ਕਵਰਿੰਗਜ਼ ਦੀ ਜ਼ਰੂਰਤ ਹੋਏਗੀ। ਸਕੂਲਾਂ, ਹਸਪਤਾਲਾਂ ਅਤੇ ਸਿਹਤ ਸੰਭਾਲ ਕੇਂਦਰਾਂ ਜਾਂ ਕੰਮ ਕਰਨ ਵਾਲੀਆਂ ਉਹ ਥਾਵਾਂ ਜਿੱਥੇ ਸਟਾਫ ਵਿਚਕਾਰ ਦੂਰੀ ਰੱਖੀ ਗਈ ਹੈ ਉੱਥੇ ਮਾਸਕ ਜ਼ਰੂਰੀ ਨਹੀਂ ਹੋਣਗੇ। ਸ਼ਹਿਰ ਦੇ ਇਸ ਫੈਸਲੇ ਦਾ ਜਿੱਥੇ ਕੁਝ ਨੇ ਵਿਰੋਧ ਕੀਤਾ ਹੈ ਉੱਥੇ ਹੀ ਕਈ ਇਸ ਦੇ ਸਮਰਥਨ 'ਚ ਵੀ ਹਨ। ਸੋਸ਼ਲ ਮੀਡੀਆ 'ਤੇ ਇਕ ਨੇ ਲਿਖਿਆ ਕਿ ਇਹ ਚੰਗਾ ਫੈਸਲਾ ਹੈ, ਇਸ ਨੂੰ ਸਕੂਲਾਂ 'ਚ ਵੀ ਲਾਜ਼ਮੀ ਕਰਨ ਦੀ ਜ਼ਰੂਰਤ ਹੈ।

ਬੁੱਧਵਾਰ ਨੂੰ ਸਿਟੀ ਕੌਂਸਲ ਦੇ 10 ਮੈਂਬਰਾਂ ਨੇ ਮਾਸਕ ਲਾਜ਼ਮੀ ਕਰਨ ਦੇ ਹੱਕ 'ਚ ਵੋਟ ਕੀਤੀ, ਜਦੋਂ ਕਿ ਕੌਂਸਲਰ ਜੋਨ ਡਿਜ਼ੀਆਦਿਕ, ਟੋਨੀ ਕੈਟਰਿਨਾ ਅਤੇ ਮਾਈਕ ਨਿਕਲ ਨੇ ਇਸ ਦਾ ਵਿਰੋਧ ਕੀਤਾ।


Sanjeev

Content Editor

Related News