ਕੈਨੇਡਾ, ਯੂ. ਕੇ., ਅਮਰੀਕਾ ਜਾਣ ਵਾਲੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ

08/14/2020 2:58:42 PM

ਨਵੀਂ ਦਿੱਲੀ— ਵਿਦੇਸ਼ ਜਾਣ ਦੀ ਉਡੀਕ ਕਰ ਰਹੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਹੁਣ ਕੈਨੇਡਾ, ਯੂ. ਕੇ., ਅਮਰੀਕਾ ਜਾਣ ਲਈ ਲੰਮਾ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਰਹਿ ਗਈ।

ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਦੇ ਡਾਇਰੈਕਟਰ ਜਨਰਲ ਨੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਜਾਇਜ਼ (ਵੈਲਿਡ) ਵੀਜ਼ਾ ਰੱਖਣ ਵਾਲੇ ਭਾਰਤੀ ਹਵਾਈ ਯਾਤਰੀ 'ਏਅਰ ਬੱਬਲ' ਸਮਝੌਤੇ ਤਹਿਤ ਬ੍ਰਿਟੇਨ, ਅਮਰੀਕਾ, ਕੈਨੇਡਾ ਅਤੇ ਯੂ. ਏ. ਈ. ਦੀ ਯਾਤਰਾ ਕਰ ਸਕਦੇ ਹਨ।

ਹਾਲ ਹੀ, 'ਚ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਹੈ ਕਿ ਹੋਰ ਦੇਸ਼ਾਂ ਨਾਲ ਵੀ 'ਏਅਰ ਬੱਬਲ' ਸਮਝੌਤੇ ਪਾਈਪਲਾਈਨ 'ਚ ਹਨ। ਹਾਲਾਂਕਿ, ਇਸ ਵਿਚਕਾਰ ਭਾਰਤ ਨੇ ਗ੍ਰਹਿ ਮੰਤਰਾਲਾ ਵੱਲੋਂ ਮਨਜ਼ੂਰ ਕੀਤੇ ਜ਼ਰੂਰੀ ਵੀਜ਼ਾ ਧਾਰਕਾਂ ਨੂੰ ਛੱਡ ਕੇ, ਦੇਸ਼ 'ਚ ਕਿਸੇ ਕਿਸਮ ਦੇ ਵੀਜ਼ਾ ਧਾਰਕਾਂ ਨੂੰ ਦਾਖ਼ਲ ਹੋਣ ਦੀ ਆਗਿਆ ਨਹੀਂ ਦਿੱਤੀ ਹੈ।

ਡੀ. ਜੀ. ਸੀ. ਏ. ਨੇ ਇਕ ਬਿਆਨ 'ਚ ਕਿਹਾ, ''ਬੱਬਲ ਸਮਝੌਤੇ ਤਹਿਤ ਕਿਸੇ ਵੀ ਤਰ੍ਹਾਂ ਦਾ ਜਾਇਜ਼ (ਵੈਲਿਡ) ਵੀਜ਼ਾ ਰੱਖਣ ਵਾਲਾ ਕੋਈ ਵੀ ਭਾਰਤੀ ਕੈਨੇਡਾ, ਯੂ. ਕੇ., ਯੂ. ਐੱਸ. ਅਤੇ ਯੂ. ਏ. ਈ. ਦੀ ਯਾਤਰਾ ਕਰ ਸਕਦਾ ਹੈ।''

ਕੀ ਹੈ ਏਅਰ ਬੱਬਲ?
ਏਅਰ ਬੱਬਲ ਇਕ ਤਰ੍ਹਾਂ ਨਾਲ ਉਡਾਣਾਂ ਸ਼ੁਰੂ ਕਰਨ ਦੇ ਸਮਝੌਤੇ ਦਾ ਨਾਮ ਹੈ। ਇਸ 'ਚ ਦੋ ਦੇਸ਼ ਸਮਝੌਤਾ ਕਰਦੇ ਹਨ, ਜਿਸ ਤਹਿਤ ਦੋਹਾਂ ਦੇਸ਼ਾਂ ਦਰਮਿਆਨ ਨਿਸ਼ਚਤ ਸਮੇਂ ਲਈ ਉਡਾਣਾਂ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ। ਇਹ ਉਡਾਣਾਂ ਕੋਰੋਨਾ ਪ੍ਰੋਟੋਕੋਲ ਨੂੰ ਧਿਆਨ 'ਚ ਰੱਖਦਿਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ ਸਿਰਫ ਕੁਝ ਥਾਵਾਂ ਲਈ ਹੀ ਹੁੰਦੀਆਂ ਹਨ। ਇਹ ਉਡਾਣਾਂ ਸਿੱਧੇ ਇਕ ਜਗ੍ਹਾ ਤੋਂ ਦੂਜੀ ਥਾਂ ਜਾਂਦੀਆਂ ਹਨ। ਇਨ੍ਹਾਂ 'ਚ ਸਿਰਫ ਉਹ ਲੋਕ ਯਾਤਰਾ ਕਰ ਸਕਦੇ ਹਨ ਜੋ ਕੋਰੋਨਾ ਨਾਲ ਸਬੰਧਤ ਸਾਰੇ ਨਿਯਮਾਂ-ਕਾਨੂੰਨਾਂ 'ਤੇ ਖਰ੍ਹੇ ਉਤਰਦੇ ਹਨ, ਜਿਵੇਂ ਕਿ ਇਕਾਂਤਵਾਸ ਕੀਤੇ ਜਾਣ ਦੇ ਨਿਯਮ, ਟੈਸਟਿੰਗ ਦੇ ਨਿਯਮ, ਆਦਿ।

ਗੌਰਤਲਬ ਹੈ ਕਿ ਕੋਰੋਨਾ ਸੰਕਟ ਕਾਰਨ ਮਾਰਚ ਤੋਂ ਹੀ ਦੇਸ਼ 'ਚ ਕੌਮਾਂਤਰੀ ਉਡਾਣਾਂ 'ਤੇ ਰੋਕ ਹੈ। ਹਾਲਾਂਕਿ, ਵੰਦੇ ਭਾਰਤ ਮਿਸ਼ਨ ਤਹਿਤ ਬਾਹਰ ਫਸੇ ਲੋਕਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ।


Sanjeev

Content Editor

Related News