ਬ੍ਰਿਟੇਨ ਦੇ ਸਕੂਲਾਂ ''ਚ ਨਾਬਾਲਗ ਬੱਚਿਆਂ ਕੋਲੋਂ ਵੱਡੀ ਗਿਣਤੀ ''ਚ ਮਿਲੇ ਹਥਿਆਰ, ਮਾਪੇ ਚਿੰਤਤ

05/27/2017 6:32:26 AM

ਲੰਡਨ (ਰਾਜਵੀਰ ਸਮਰਾ )— ਬੱਚਿਆਂ ਦੀ ਜਿਹੜੀ ਉਮਰ ਹੱਥਾਂ ''ਚ ਖਿਡੌਣੇ ਲੈ ਕੇ ਖੇਡਣ ਮੱਲਣ ਅਤੇ ਪੜ੍ਹਨ ਦੀ ਹੁੰਦੀ ਹੈ, ਜੇਕਰ ਉਸ ਉਮਰ ''ਚ ਘਰ ਦੇ ਲਾਡਲਿਆਂ ਕੋਲੋਂ ਤੇਜ਼ਧਾਰ ਚਾਕੂ, ਕੁਹਾੜੀਆਂ ਅਤੇ ਏਅਰਗੰਨਾਂ ਫੜੀਆ ਜਾਣ ਤਾਂ ਮਾਪਿਆਂ ਦੀ ਮਾਨਸਿਕ ਦਸ਼ਾ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ । ਅਜਿਹੀ ਹੀ ਮਾਨਸਿਕ ਪੀੜਾ ਦਾ ਸ਼ਿਕਾਰ  ਹਨ ਬਰਤਾਨੀਆ ਦੇ ਉਹ ਸੈਂਕੜੇ ਮਾਪੇ ਜਿੰਨਾਂ ਦੇ ਛੋਟੀ ਉਮਰ ਦੇ ਬੱਚਿਆ ਕੋਲੋਂ ਸਕੂਲਾਂ ''ਚ ਹਜ਼ਾਰਾਂ ਹਥਿਆਰਾਂ ਜਿੰਨ੍ਹਾਂ ''ਚ ਚਾਕੂ, ਕੁਹਾੜੀਆਂ, ਬੰਦੂਕਾਂ ਅਤੇ ਪੱਥਰ ਆਦਿ ਬਰਾਮਦ ਕਰਨ ਦਾ ਦਾਅਵਾ ਪੁਲਸ ਫੋਰਸਾਂ ਵੱਲੋਂ ਕੀਤਾ ਜਾ ਰਿਹਾ ਹੈ । ਪੁਲਸ ਅਫਸਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਸਾਲ ਸਕੂਲਾਂ ''ਚ 1369 ਹਥਿਆਰ ਬਰਾਮਦ ਕੀਤੇ ਗਏ, ਜੋ ਕਿ ਉਸ ਤੋਂ ਪਿਛਲੇ ਸਾਲ ਨਾਲੋਂ 18 ਫੀਸਦੀ ਜਿਆਦਾ ਹਨ । ਜਦਕਿ 2015-16 ''ਚ ਫੜੇ ਹਥਿਆਰਾਂ ਦੀ ਗਿਣਤੀ 1158 ਦੇ ਕਰੀਬ ਸੀ । ਮਿਲੀ ਜਾਣਕਾਰੀ ਮੁਤਾਬਕ ਹਥਿਆਰ ਰੱਖਣ ਵਾਲੇ ਘੱਟੋ ਘੱਟ 47 ਬੱਚੇ ਹਨ ਜਿਨ੍ਹਾਂ ਦੀ ਉਮਰ 10 ਸਾਲ ਤੋਂ ਘੱਟ ਹੈ ਅਤੇ ਕੁਝ ਬੱਚਿਆਂ ਦੀ ਉਮਰ ਤਾਂ ਪੰਜ ਸਾਲ ਤੋਂ ਹੇਠਾਂ ਦੀ ਹੈ। ਘੱਟ ਉਮਰ ਦੇ ਤਿੰਨ ਬੱਚਿਆਂ ''ਚੋਂ ਇੱਕ ਕੋਲੋਂ ਚਾਕੁ ਅਤੇ ਦੂਜੇ ਕੋਲੋਂ ਪੱਥਰ ਬਰਾਮਦ ਹੋਇਆ । ਇਨ੍ਹਾਂ ਹਥਿਆਰਾਂ ''ਚ 20 ਫੀਸਦੀ ਚਾਕੂ ਅਤੇ ਤਲਵਾਰਾਂ ਸ਼ਾਮਲ ਹਨ । ਸਕੂਲ ਅਧਿਆਪਕਾਂ ਅਤੇ ਮਾਪਿਆਂ ਲਈ ਵਧੇਰੇ ਚਿੰਤਾ ਇਸ ਗੱਲ ਦੀ ਹੈ ਕਿ ਫੜੇ ਗਏ ਇਨ੍ਹਾਂ ਹਥਿਆਰਾਂ ''ਚ 26 ਬੰਦੂਕਾਂ ਵੀ ਸ਼ਾਮਲ ਹਨ ਜਿੰਨ੍ਹਾ ''ਚ ਬੀਬੀ ਗੰਨਜ਼, ਏਅਰ ਰਾਇਫਲਾਂ ਅਤੇ ਨਕਲੀ ਬੰਦੂਕਾਂ ਸ਼ਾਮਲ ਹਨ । ਮਾਪਿਆਂ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਹ ਗਿਣਤੀ ਇਸ ਤੋਂ ਕਿਤੇ ਵਧ ਵੀ ਹੋ ਸਕਦੀ ਹੈ ਕਿਉਂਕਿ ਕੁਝ ਪੁਲਸ ਫੋਰਸਾਂ ਵੱਲੋਂ ਪੂਰੀ ਜਾਣਕਾਰੀ ਦੇਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ ।