ਅਮਰੀਕਾ-ਮੈਕਸੀਕੋ ਸਰਹੱਦ ਨੇੜੇ ਇੱਕ ਛੋਟੇ ਬੱਚੇ ਸਮੇਤ ਪੰਜ ਗੈਰ ਕਾਨੂੰਨੀ ਬੱਚੇ ਹੋਏ ਬਰਾਮਦ

05/13/2021 2:00:07 AM

ਫਰਿਜ਼ਨੋ (ਗੁਰਿੰਦਰਜੀਤ) - ਅਮਰੀਕਾ ਵਿਚ ਸਰਹੱਦ ਪਾਰੋਂ ਆਉਣ ਵਾਲੇ ਗੈਰ ਕਾਨੂੰਨੀ ਬੱਚਿਆਂ ਦੀ ਗਿਣਤੀ ਵਿੱਚ ਖੜੋਤ ਨਹੀਂ ਆ ਰਹੀ। ਇਸ ਦੇ ਇਕ ਤਾਜਾ ਮਾਮਲੇ ਵਿਚ ਐਤਵਾਰ ਨੂੰ ਦੱਖਣੀ ਟੈਕਸਾਸ ਵਿਚ ਇਕ ਛੋਟੇ ਬੱਚੇ ਸਣੇ ਗੈਰ-ਕਾਨੂੰਨੀ ਪ੍ਰਵਾਸੀ ਲੜਕੀਆਂ ਮਿਲੀਆਂ ਹਨ। ਇਸ ਮਾਮਲੇ ਵਿਚ ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪੈਟਰੋਲ ਏਜੰਟ ਨੇ ਨੌਰਮਾਂਡੀ ਵਿਚ ਕਈ ਅਣ-ਪ੍ਰਮਾਣਿਤ ਪ੍ਰਵਾਸੀ ਬੱਚਿਆਂ ਬਾਰੇ ਮੈਵਰਿਕ ਕਾਉਂਟੀ ਦੇ ਇਕ ਕਾਂਸਟੇਬਲ ਤੋਂ ਸੂਚਨਾ ਹਾਸਲ ਕਰਦਿਆਂ ਕਾਰਵਾਈ ਕੀਤੀ, ਜਿਸ ਦੌਰਾਨ ਏਜੰਟ ਵੱਲੋਂ ਪ੍ਰਵਾਸੀ ਲੜਕੀਆਂ ਨੂੰ ਬਰਾਮਦ ਕੀਤਾ ਗਿਆ, ਜਿਨ੍ਹਾਂ ਦੀ ਉਮਰ 11 ਮਹੀਨੇ ਤੋਂ 7 ਸਾਲ ਦੀ ਹੈ। ਇਨ੍ਹਾਂ ਵਿੱਚੋਂ 3 ਹੋਂਡੁਰਸ ਅਤੇ 2 ਗੁਆਟੇਮਾਲਾ ਤੋਂ ਹਨ।

ਰਿਪਬਲਿਕਨ ਕਾਂਗਰਸ ਦੇ ਮੈਂਬਰ ਟੋਨੀ ਗੋਂਜ਼ਲੇਸ, ਜੋ ਉਸ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੇ ਹਨ ਜਿਥੇ ਮੈਵਰਿਕ ਕਾਉਂਟੀ ਸਥਿਤ ਹੈ, ਨੇ ਲੜਕੀਆਂ ਦੀ ਇਕ ਤਸਵੀਰ ਸਾਂਝੀ ਕਰਦਿਆਂ ਦੱਸਿਆ ਹੈ ਕਿ ਇਕ ਕਿਸਾਨ ਨੇ ਮਦਰਜ਼ ਡੇਅ ਦੀ ਸਵੇਰ ਵੇਲੇ ਵਾਹਨ ਚਲਾਉਣ ਦੌਰਾਨ ਇਹਨਾਂ ਲੜਕੀਆਂ ਨੂੰ ਵੇਖਿਆ ਸੀ। ਕਿਸਾਨ ਮੁਤਾਬਕ ਇਕ ਬੱਚੇ ਦੇ ਕੱਪੜੇ ਵੀ ਨਹੀਂ ਪਾਏ ਸਨ। ਉਸ ਨੇ ਅਧਿਕਾਰੀਆਂ ਨੂੰ ਬੁਲਾ ਕੇ ਕੁੜੀਆਂ ਲਈ ਭੋਜਨ, ਪਾਣੀ ਅਤੇ ਥਾਂ ਦੇਣ ਲਈ ਕਿਹਾ , ਕਿਉਂਕਿ ਉਸ ਦਿਨ ਤਾਪਮਾਨ ਬਹੁਤ ਜ਼ਿਆਦਾ ਸੀ। ਕਸਟਮਜ਼ ਅਤੇ ਬਾਰਡਰ ਪੈਟਰੋਲ ਦੁਆਰਾ ਬੱਚਿਆਂ ਨੂੰ ਸਿਹਤ ਅਤੇ ਮਨੁੱਖੀ ਸੇਵਾਵਾਂ ਦੀ ਹਿਰਾਸਤ ਵਿੱਚ ਤਬਦੀਲ ਕਰਨ ਲਈ, ਓਵਲਡੇ ਸਟੇਸ਼ਨ ਵਿੱਚ ਕਾਰਵਾਈ ਲਈ ਲਿਜਾਇਆ ਗਿਆ। ਸਰਕਾਰੀ ਅੰਕੜਿਆਂ ਅਨੁਸਾਰ, ਰਾਸ਼ਟਰਪਤੀ ਜੋਅ ਬਾਈਡੇਨ ਦੇ ਸੱਤਾ ਸੰਭਾਲਣ ਤੋਂ ਬਾਅਦ, ਬਾਰਡਰ ਪੈਟਰੋਲ ਏਜੰਟਾਂ ਨੇ 2,100 ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀ ਬੱਚਿਆਂ ਦਾ ਸਾਹਮਣਾ ਕੀਤਾ ਹੈ।

Khushdeep Jassi

This news is Content Editor Khushdeep Jassi