ਚੀਨ ਨੇ ਤੀਜੇ ਕੈਨੇਡੀਅਨ ਨੂੰ ਨਸ਼ਿਆਂ ਦੇ ਦੋਸ਼ 'ਚ ਸੁਣਾਈ ਮੌਤ ਦੀ ਸਜ਼ਾ

08/06/2020 5:39:52 PM

ਬੀਜਿੰਗ— ਕੈਨੇਡਾ ਤੇ ਚੀਨ ਦਰਮਿਆਨ ਸਬੰਧਾਂ 'ਚ ਪੈ ਰਹੀ ਵੱਡੀ ਦਰਾੜ ਵਿਚਕਾਰ ਚੀਨ ਨੇ ਇਕ ਹੋਰ ਕੈਨੇਡੀਅਨ ਨਾਗਰਿਕ ਨੂੰ ਨਸ਼ਿਆਂ ਦੇ ਦੋਸ਼ 'ਚ ਮੌਤ ਦੀ ਸਜ਼ਾ ਸੁਣਾਈ ਹੈ।

ਵੀਰਵਾਰ ਨੂੰ ਗਵਾਂਗਜ਼ੂ ਸ਼ਹਿਰ ਦੀ ਇਕ ਅਦਾਲਤ ਦੇ ਨੋਟਿਸ 'ਚ ਕਿਹਾ ਗਿਆ ਹੈ ਕਿ ਜ਼ੂ ਵੀਹੋਂਗ ਨੂੰ ਮੁਕੱਦਮੇ ਤੋਂ ਬਾਅਦ ਦੋਸ਼ੀ ਪਾਇਆ ਗਿਆ ਹੈ। ਉਸ ਦੇ ਕਥਿਤ ਸਾਥੀ ਵੇਨ ਗੋਂਕਸੀਓਂਗ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉੱਥੇ ਹੀ, ਕੇਸ ਦੀ ਜਾਣਕਾਰੀ ਬਾਰੇ ਹੋਰ ਖੁਲਾਸਾ ਨਹੀਂ ਕੀਤਾ ਗਿਆ ਹੈ। ਹਾਲ ਹੀ 'ਚ ਚੀਨ 'ਚ ਮੌਤ ਦੀ ਸਜ਼ਾ ਸੁਣਨ ਵਾਲਾ ਇਹ ਤੀਜਾ ਕੈਨੇਡੀਅਨ ਹੈ।

ਪਿਛਲੇ ਸਾਲ ਦੋ ਹੋਰ ਕੈਨੇਡੀਅਨ ਨਾਗਰਿਕਾਂ ਨੂੰ ਨਸ਼ਿਆਂ ਦੇ ਦੋਸ਼ 'ਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਰਾਬਰਟ ਲੋਇਡ ਸ਼ੈਲਨਬਰਗ ਨੂੰ ਅਚਾਨਕ ਮੁੱਕਦਮਾ ਹੋਣ ਤੋਂ ਬਾਅਦ ਨਸ਼ਾ ਤਸਕਰੀ ਲਈ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਤੋਂ ਕੁਝ ਮਹੀਨਿਆਂ ਬਾਅਦ ਇਕ ਹੋਰ ਕੈਨੇਡੀਅਨ ਨਾਗਰਿਕ ਫੈਨ ਵੇਈ ਨੂੰ ਨਸ਼ਾ ਤਸਕਰੀ ਦੇ ਦੋਸ਼ 'ਚ ਮੌਤ ਦੀ ਸਜ਼ਾ ਸੁਣਾਈ ਗਈ ਸੀ।

ਗੌਰਤਲਬ ਹੈ ਕਿ ਸਾਲ 2018 ਦੇ ਅਖੀਰ 'ਚ ਵੈਨਕੂਵਰ 'ਚ ਹੁਵਾਵੇ ਦੀ ਕਾਰਜਕਾਰੀ ਦੀ ਗ੍ਰਿਫਤਾਰੀ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਕਾਰ ਸਬੰਧ ਤਣਾਅਪੂਰਨ ਬਣੇ ਹੋਏ ਹਨ। ਉੱਥੇ ਹੀ, ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੈਨਬਿਨ ਨੇ ਕਿਹਾ ਕਿ ਇਸ ਮਾਮਲੇ ਅਤੇ ਚੀਨ-ਕੈਨੇਡਾ ਦੇ ਸਬੰਧਾਂ ਦੀ ਮੌਜੂਦਾ ਸਥਿਤੀ ਨਾਲ ਕੋਈ ਸਬੰਧ ਨਹੀਂ ਹੈ।


Sanjeev

Content Editor

Related News