ਕੈਨੇਡਾ 'ਚ ਪਿਆਜ਼ ਦੀ ਕਿੱਲਤ ਹੋਣ ਦਾ ਖਦਸ਼ਾ, ਤੁਹਾਡੀ ਜੇਬ 'ਤੇ ਵਧੇਗਾ ਬੋਝ

08/08/2020 10:46:01 AM

ਓਟਾਵਾ— ਕੈਨੇਡਾ 'ਚ ਸਾਲਮੋਨੇਲਾ ਕਾਰਨ ਅਮਰੀਕੀ ਲਾਲ ਪਿਆਜ਼ਾਂ ਨੂੰ ਰੀਕਾਲ ਕੀਤੇ ਜਾਣ ਨਾਲ ਕੈਨੇਡੀਅਨਾਂ ਨੂੰ ਪਿਆਜ਼ਾਂ ਦੀ ਸਪਲਾਈ 'ਚ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਹਰਾਂ ਨੇ ਇਹ ਚਿੰਤਾ ਜਤਾਈ ਹੈ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਉਨ੍ਹਾਂ ਪਿਆਜ਼ਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨਾਲ ਸਾਲਮੋਨੇਲਾ ਫੈਲਣ ਦਾ ਖਦਸ਼ਾ ਹੈ।

ਏਜੰਸੀ ਦਾ ਕਹਿਣਾ ਹੈ ਕਿ 2 ਅਗਸਤ ਤੱਕ ਕੈਨੇਡਾ 'ਚ ਸਾਲਮੋਨੇਲਾ ਦੇ 120 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 56 ਅਲਬਰਟਾ ਦੇ, ਬ੍ਰਿਟਿਸ਼ ਕੋਲੰਬੀਆ ਦੇ 43, ਮੈਨੀਟੋਬਾ ਦੇ 13 ਅਤੇ ਸਸਕੈਚਵਾਨ ਦੇ ਚਾਰ ਮਾਮਲੇ ਸ਼ਾਮਲ ਹਨ।

ਮਾਹਰਾਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਸਾਵਧਾਨੀ ਕਾਰਨ ਪਿਆਜ਼ ਅਤੇ ਇਸ ਨਾਲ ਜੁੜੇ ਉਤਪਾਦਾਂ ਦਾ ਗ੍ਰੋਸਰੀ ਸਟੋਰਾਂ 'ਤੇ ਆਉਣਾ ਮੁਸ਼ਕਲ ਹੋ ਸਕਦਾ ਹੈ। ਹਾਲਾਂਕਿ, ਕੈਨੇਡਾ 'ਚ ਬੀਜੇ ਗਏ ਪਿਆਜ਼ਾਂ ਨਾਲ ਕੋਈ ਖਤਰਾ ਨਹੀਂ ਹੈ। ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਜੇਕਰ ਉਹ ਸਟੋਰ ਜਾਂ ਦੁਕਾਨਾਂ ਤੋਂ ਪਿਆਜ਼ ਖਰੀਦਣ ਜਾਂਦੇ ਹਨ ਤਾਂ ਸਭ ਤੋਂ ਪਹਿਲਾਂ ਲੇਬਲ ਦੇਖਣ ਕਿ ਇਹ ਕਿੱਥੋਂ ਦਾ ਹੈ।

ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਮਈ ਤੋਂ ਦਰਾਮਦ ਕੀਤੇ ਗਏ ਪਿਆਜ਼ਾਂ ਨੂੰ ਹੀ ਰੀਕਾਲ ਕੀਤਾ ਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਾਮਲਿਆਂ 'ਚ ਖਾਣਾ ਪਕਾਉਣ ਨਾਲ ਸਾਲਮੋਨੇਲਾ ਮਰ ਜਾਂਦਾ ਹੈ ਪਰ ਇਸ ਗੱਲ ਦੀ ਚਿੰਤਾ ਹੈ ਕਿ ਜੀਵਣੂ ਪਿਆਜ਼ ਦੇ ਬਾਹਰਲੇ ਪਾਸੇ ਹੋ ਸਕਦੇ ਹਨ ਅਤੇ ਰਸੋਈ ਜਾਂ ਹੋਰ ਚੀਜ਼ਾਂ 'ਚ ਫੈਲ ਸਕਦੇ ਹਨ। ਕੋਈ ਜਦੋਂ ਤੱਕ ਸਥਿਤੀ ਸਪੱਸ਼ਟ ਨਹੀਂ ਹੋ ਜਾਂਦੀ ਉਦੋਂ ਤੱਕ ਇਸ ਦੀ ਜਗ੍ਹਾ ਲੱਸਣ ਵਰਤਣ ਦੀ ਸਲਾਹ ਦੇ ਰਿਹਾ ਹੈ।


Sanjeev

Content Editor

Related News