ਜਦੋਂ ਏ.ਸੀ.ਕਮਰਾ ਅਤੇ ਵਧੀਆ ਬੈੱਡ ਛੱਡ ਸੱਜਣ ਨੇ ਚੁਣੀ ''ਬਾਣ ਦੀ ਮੰਜੀ'' (ਤਸਵੀਰਾਂ)

04/22/2017 10:51:20 AM

ਹੁਸ਼ਿਆਰਪੁਰ— ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਸ਼ੁੱਕਰਵਾਰ ਸਵੇਰੇ 6.20 ''ਤੇ ਆਪਣੇ ਪਿੰਡ ਬੰਬੇਲੀ ਤੋਂ ਖੱਟੀਆਂ-ਮਿੱਠੀਆਂ ਯਾਦਾਂ ਲੈ ਕੇ ਅਗਲੇ ਸਫਰ ਲਈ ਚੱਲ ਪਏ। ਜਾਂਦੇ-ਜਾਂਦੇ ਆਪਣੀ ਸਾਦਗੀ ਦੀ ਮਿਸਾਲ ਪੇਸ਼ ਕਰ ਕੇ ਗਏ। ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਨੇਤਾ ਹੋਵੇਗਾ ਜੋ ਇੰਨੀ ਸਾਦਗੀ ਭਰੀ ਮਿਸਾਲ ਕਾਇਮ ਕਰੇਗਾ। ਬੇਸ਼ੱਕ ਸਰਕਾਰ ਨੇ ਰਾਤ ਨੂੰ ਬਿਜਲੀ ਕੱਟਣ ਦਾ ਸਿਲਸਿਲਾ ਜਾਰੀ ਰੱਖਿਆ ਪਰ ਸੱਜਣ ਆਪਣੇ ਘਰ ਦੀ ਛੱਤ ''ਤੇ ਖੁਦ ਫਰਾਟਾ ਪੱਖਾ ਲਗਾ ਕੇ ਉਸ ਦੀ ਹਵਾ ''ਚ ਮਸਤੀ ਨਾਲ ਸੁੱਤੇ। 4 ਘੰਟੇ ਦੀ ਨੀਂਦ ਲੈਣ ਮਗਰੋਂ ਉਨ੍ਹਾਂ ਰੱਬ ਦਾ ਸ਼ੁਕਰਾਨਾ ਕੀਤਾ ਅਤੇ ਆਪਣੇ ਪਿੰਡ ਬੰਬੇਲੀ ਤੋਂ ਵਿਦਾਈ ਲਈ। ਸੱਜਣ ਦੇ ਮਨ ''ਚ ਪਿੰਡ ਦੀਆਂ ਅਧੂਰੀਆਂ ਯਾਦਾਂ ਨਾਲ ਇਕ ਟੀਸ ਵੀ ਬਾਕੀ ਰਹਿ ਗਈ ਕਿ ਉਹ ਨਾ ਤਾਂ ਆਪਣੇ ਪਿੰਡ ਦੀਆਂ ਗਲੀਆਂ ''ਚ ਘੁੰਮ ਸਕੇ ਅਤੇ ਨਾ ਹੀ ਪਿੰਡ ਦੇ ਖੇਤਾਂ ਦੀਆਂ ਵੱਟਾਂ ''ਤੇ ਘੁੰਮ ਸਕੇ। ਸਿਰਫ ਆਪਣੇ ਘਰ ਦੇ ਚੌਬਾਰੇ ਤੋਂ ਦੂਰੋਂ ਹੀ ਪਿੰਡ ਦੇ ਖੇਤਾਂ ਨੂੰ ਦੇਖਦੇ ਰਹੇ ਅਤੇ ਉੱਥੋਂ ਹੀ ਤਸਵੀਰਾਂ ਖਿੱਚ ਕੇ ਸਬਰ ਕਰ ਲਿਆ। ਉਹ ਪਿੰਡ ਵਾਲਿਆਂ ਨੂੰ ਸੰਦੇਸ਼ ਦੇ ਗਏ ਕਿ ਉਨ੍ਹਾਂ ਨਾਲ ਰੂ-ਬ-ਰੂ ਨਾ ਹੋਣ ਦਾ ਮਲਾਲ ਉਨ੍ਹਾਂ ਨੂੰ ਜ਼ਿੰਦਗੀ ਭਰ ਰਹੇਗਾ। 
ਵੀਰਵਾਰ ਨੂੰ ਜਦ ਸੱਜਣ ਗੁਰਦੁਆਰਾ ਸਾਹਿਬ ਤੋਂ ਆਪਣੇ ਘਰ ਗਏ ਤਾਂ ਉਨ੍ਹਾਂ ਨੇ ਬੂਟ ਉਤਾਰ ਕੇ ਚੱਪਲਾਂ ਪਾਈਆਂ। ਘਰ ਦੇ ਬਣੇ ਪਕੌੜੇ ਖਾਧੇ ਅਤੇ ਆਪ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਦੇ ਲੋਕਾਂ ਨੂੰ ਖਵਾਏ। ਉਨ੍ਹਾਂ ਕਿਹਾ ਕਿ ਹੁਣ ਉਹ ਉਨ੍ਹਾਂ ਦੇ ਘਰ ''ਚ ਮਹਿਮਾਨ ਹਨ। ਕੁੱਝ ਸਮਾਂ ਘਰ ਵਾਲਿਆਂ ਨਾਲ ਗੱਲਾਂ ਕੀਤੀਆਂ ਅਤੇ ਘਿਓ-ਸ਼ੱਕਰ ਨਾਲ ਮੱਕੀ ਦੀ ਰੋਟੀ ਖਾਣ ਅਤੇ ਲੱਸੀ ਪੀਣ ਦੀ ਇੱਛਾ ਪ੍ਰਗਟ ਕੀਤੀ। ਘਰ ਵਾਲਿਆਂ ਨੇ ਉਸੇ ਸਮੇਂ ਉਨ੍ਹਾਂ ਨੂੰ ਘਿਓ-ਸ਼ੱਕਰ ਅਤੇ ਲੱਸੀ ਨਾਲ ਮੱਕੀ ਦੀ ਰੋਟੀ ਖਵਾਈ। 
ਸ਼ਾਮ ਸਮੇਂ ਬਹੁਤ ਸਾਦਾ ਭੋਜਨ ਕਰਨ ਮਗਰੋਂ ਉਨ੍ਹਾਂ ਘਰ ਦੀ ਰਸੋਈ ''ਚ ਹੱਥ ਵਟਾ ਰਹੀਆਂ ਪਿੰਡ ਦੀਆਂ ਕੁੜੀਆਂ ਨੂੰ ਕਿਹਾ ਕਿ ਹੁਣ ਉਹ ਬੈਠ ਜਾਣ ਅਤੇ ਉਨ੍ਹਾਂ ਨੂੰ ਪੀਣ ਲਈ ਆਪ ਪਾਣੀ ਦਿੱਤਾ। ਬਾਅਦ ''ਚ ਜਦ ਕੁੜੀਆਂ ਖਾਣਾ ਖਾ ਰਹੀਆਂ ਸਨ ਤਾਂ ਸੱਜਣ ਰਸੋਈ ''ਚ ਗਏ ਅਤੇ ਉਨ੍ਹਾਂ ਲਈ ਦਹੀਂ ਲੈ ਕੇ ਆਏ। ਇਸ ਦੌਰਾਨ ਪਿੰਡ ਦੇ ਕੁੱਝ ਲੋਕਾਂ ਨਾਲ ਕਾਫੀ ਗੱਲਾਂ ਵੀ ਕੀਤੀਆਂ। 
ਘਰ ਵਾਲਿਆਂ ਨੇ ਉਨ੍ਹਾਂ ਲਈ ਏ.ਸੀ ਕਮਰਾ ਤਿਆਰ ਕਰਵਾਇਆ ਸੀ। ਦੇਰ ਰਾਤ ਜਦ ਸੌਣ ਦਾ ਸਮਾਂ ਆਇਆ ਤਾਂ ਉਨ੍ਹਾਂ ਏ.ਸੀ. ਕਮਰਾ ਛੱਡ ਕੇ ਛੱਤ ''ਤੇ ਸੌਣ ਦਾ ਵਿਚਾਰ ਬਣਾਇਆ। ਉਨ੍ਹਾਂ ਨੇ ਛੱਤ ''ਤੇ ਮੰਜਾ ਚੜ੍ਹਾਇਆ ਅਤੇ ਬਾਲਕੋਨੀ ''ਚ ਡਾਹ ਲਿਆ ਅਤੇ ਫਰਾਟਾ ਪੱਖਾ ਲਗਾ ਲਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਨਾਲ ਆਏ ਸੁਰੱਖਿਆ ਕਰਮਚਾਰੀਆਂ ਦੇ ਸੌਣ ਦਾ ਵੀ ਪ੍ਰਬੰਧ ਕੀਤਾ। ਇਹ ਜਾਣਕਾਰੀ ਦਿੰਦਿਆਂ ਸੱਜਣ ਦੇ ਚਚੇਰੇ ਭਰਾ ਜਸਵੀਰ ਸਿੰਘ ਨੇ ਦੱਸਿਆ ਕਿ ਸੱਜਣ ਤੜਕੇ 4 ਵਜੇ ਉੱਠ ਗਏ ਸਨ ਅਤੇ ਉਨ੍ਹਾਂ ਨੇ ਆਪਣੇ ਕੱਪੜੇ ਆਪ ਪ੍ਰੈੱਸ ਕੀਤੇ। ਉਹ 5 ਵਜੇ ਤਿਆਰ ਹੋ ਗਏ ਸਨ ਅਤੇ ਨਾਸ਼ਤਾ ਕਰਨ ਮਗਰੋਂ 6.20 ''ਤੇ ਚੰਡੀਗੜ੍ਹ ਲਈ ਰਵਾਨਾ ਹੋ ਗਏ।