ਕੈਨੇਡਾ ਭੇਜਣ ਦੇ ਨਾਂ ''ਤੇ ਠੱਗੀ ਵੱਜਣ ਤੋਂ ਬਾਅਦ ਨੌਜਵਾਨ ਨੇ ਖੁਦ ਨੂੰ ਲਾਈ ਅੱਗ

03/24/2019 11:54:00 PM

ਖੰਨਾ, (ਸੁਨੀਲ)— ਕੈਨੇਡਾ ਭੇਜਣ ਦੇ ਨਾਂ 'ਤੇ ਟਰੈਵਲ ਏਜੰਟ ਵਲੋਂ ਇੱਕ ਨੌਜਵਾਨ ਤੋਂ 15 ਲੱਖ ਰੂਪਏ ਦੀ ਠੱਗੀ ਕੀਤੀ ਗਈ । ਜਿਸਦੇ ਚਲਦੇ ਨੌਜਵਾਨ ਨੇ ਆਪਣੇ ਆਪ 'ਤੇ ਪਟਰੋਲ ਪਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਨੌਜਵਾਨ ਨੂੰ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰ ਉਸਦੀ ਹਾਲਤ ਵਿਗੜਦੀ ਵੇਖ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਮੰਦੀਪ ਸਿੰਘ ਵਾਸੀ ਪਿੰਡ ਸਰਵਰਪੁਰ ਜੋ ਕਿ ਖੇਤੀ ਬਾੜੀ ਕਰਦਾ ਹੈ ਦੀ ਕੁੱਝ ਸਮਾਂ ਪਹਿਲਾਂ ਨਵਾਂਸ਼ਹਿਰ ਦੇ ਏਜੰਟ ਨਾਲ ਮੁਲਾਕਾਤ ਹੋਈ । ਉਨ੍ਹਾਂ ਨੇ ਕਿਹਾ ਕਿ ਉਹ ਉਸ ਨੂੰ ਵਰਕ ਪਰਮਿਟ 'ਤੇ ਕੈਨੇਡਾ ਭੇਜ ਦੇਣਗੇ । ਇਸ ਦੌਰਾਨ ਉਨ੍ਹਾਂ ਨੇ ਮੰਦੀਪ ਤੇ ਉਸਦੇ ਛੋਟੇ ਭਰਾ ਗੁਰਪ੍ਰੀਤ ਸਿੰਘ 'ਤੋਂ ਕੁੱਲ 15 ਲੱਖ 50 ਹਜਾਰ ਰੂਪਏ ਲੈ ਲਏ । ਉਨ੍ਹਾਂ ਨੇ ਇਹ ਪੈਸੇ ਤਿੰਨ ਕਿਸ਼ਤਾਂ 'ਚ ਅਦਾ ਕੀਤੇ। ਉਥੇ ਹੀ ਮੰਦੀਪ ਨੇ ਆਪਣੀ ਜ਼ਮੀਨ ਨੂੰ ਵੇਚਦੇ ਹੋਏ ਕੁੱਲ 8 ਲੱਖ ਰੂਪਏ ਦੇ ਦਿੱਤੇ ਤੇ ਬਾਕੀ ਪੈਸਿਆਂ ਦੀ ਸਹਾਇਤਾ ਰਿਸ਼ਤੇਦਾਰਾਂ 'ਤੋਂ ਲਈ । ਤਕਰੀਬਨ 2 ਮਹੀਨੇ ਪਹਿਲਾਂ ਟਰੈਵਲ ਏਜੰਟ ਨੇ ਉਨ੍ਹਾਂ ਨੂੰ ਵੀਜ਼ਾ ਦਿਖਾਂਦੇ ਹੋਏ ਟਿਕਟ ਲਈ ਵੀ ਪੈਸੇ ਲੈ ਲਏ । ਕਾਫ਼ੀ ਸਮਾਂ ਨਿਕਲ ਜਾਣ ਉਪਰੰਤ ਜਦੋਂ ਏਜੰਟ ਨੇ ਵੀਜ਼ਾ ਵੈਰੀਫਾਈ ਨਹੀਂ ਕਰਵਾਇਆ ਤਾਂ ਉਨ੍ਹਾਂ ਦੇ ਮਨ 'ਚ ਸ਼ੱਕ ਪੈਦਾ ਹੋ ਗਿਆ । ਉਸ ਤੋਂ ਬਾਅਦ ਏਜੰਟ ਨੇ ਆਪਣਾ ਫੋਨ ਬੰਦ ਕਰ ਲਿਆ । ਤਕਰੀਬਨ 2 ਦਿਨ ਪਹਿਲਾਂ ਏਜੰਟ ਨੇ ਫਿਰ ਉਨ੍ਹਾਂ ਨੂੰ ਆਪਣਾ ਸਾਮਾਨ ਤਿਆਰ ਰੱਖਣ ਲਈ ਕਹਿੰਦੇ ਹੋਏ ਟਿਕਟ ਭੇਜਣ ਦੀ ਗੱਲ ਕਹੀ । ਫੋਨ ਨਾ ਆਉਣ ਦੀ ਸੂਰਤ 'ਤੇ ਜਦੋਂ ਉਹ ਨਵਾਂਸ਼ਹਿਰ ਪੁੱਜੇ ਤਾਂ ਪਤਾ ਲਗਾ ਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਇੱਥੇ ਨਹੀਂ ਰਹਿ ਰਹੇ । ਘਟਨਾ ਵਾਲੇ ਦਿਨ ਕਰੀਬ ਰਾਤ 1 ਵਜੇ ਮੰਦੀਪ ਨੇ ਘਰ 'ਚ ਆਪਣੇ ਆਪ 'ਤੇ ਪੈਟਰੋਲ ਪਾ ਕੇ ਅੱਗ ਲਗਾ ਲਈ । ਰੌਲਾ ਪੈਣ 'ਤੇ ਉਸਦੇ ਪਰਿਵਾਰ ਵਾਲਿਆਂ ਨੇ ਅੱਗ 'ਤੇ ਕਾਬੂ ਕਰ ਕੇ ਉਸਨੂੰ ਹਸਪਤਾਲ ਦਾਖਲ ਕਰਵਾਇਆ। ਡਾਕਟਰਾਂ ਅਨੁਸਾਰ ਇਸ ਘਟਨਾ 'ਚ ਉਸਦਾ ਸਰੀਰ 35 ਫ਼ੀਸਦੀ 'ਤੋਂ ਜ਼ਿਆਦਾ ਸੜ ਗਿਆ ਹੈ । ਉਸਨੂੰ ਆਉਣ ਵਾਲੇ 24 ਘੰਟੇ ਤੱਕ ਵਿਸ਼ੇਸ਼ ਨਿਗਰਾਨੀ 'ਚ ਰੱਖਿਆ ਜਾਵੇਗਾ। ਪੁਲਸ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮਨਦੀਪ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਅਗਲੀ ਕਾਰਵਾਈ ਅਮਲ 'ਚ ਲਿਆਈ ਜਾਵੇਗੀ।

KamalJeet Singh

This news is Content Editor KamalJeet Singh