ਨੋਵਾ ਸਕੋਸ਼ੀਆ ਤੋਂ ਬਾਹਰੋਂ ਆਉਣ ਵਾਲੇ ਲੋਕਾਂ 'ਤੇ ਇਹ ਸਖਤ ਨਿਯਮ ਲਾਗੂ

07/08/2020 2:05:55 PM

ਹੈਲੀਫੈਕਸ— ਐਟਲਾਂਟਿਕ ਕੈਨੇਡਾ ਤੋਂ ਬਾਹਰ ਰਹਿਣ ਵਾਲੇ ਲੋਕਾਂ ਨੂੰ ਹੁਣ ਨੋਵਾ ਸਕੋਸ਼ੀਆ ਦੀ ਯਾਤਰਾ ਕਰਨ ਤੋਂ ਪਹਿਲਾਂ ਸਵੈ-ਘੋਸ਼ਣਾ ਪੱਤਰ ਭਰਨਾ ਹੋਵੇਗਾ। ਪ੍ਰੀਮੀਅਰ ਸਟੀਫਨ ਮੈਕਨਿਲ ਨੇ ਐਟਲਾਂਟਿਕ ਖੇਤਰ ਦੇ ਬਾਹਰੋਂ ਆਏ ਯਾਤਰੀਆਂ ਦੇ ਖੁਦ ਨੂੰ ਅਲੱਗ-ਥਲੱਗ ਨਾ ਰੱਖਣ ਦੀਆਂ ਖਬਰਾਂ 'ਤੇ ਨਿਰਾਸ਼ਾ ਜ਼ਾਹਰ ਕਰਦਿਆਂ ਨੋਵਾ ਸਕੋਸ਼ੀਆ ਆਉਣ ਵਾਲੇ ਯਾਤਰੀਆਂ ਦੀ ਨਿਗਰਾਨੀ ਵਧਾਉਣ ਦਾ ਨਿਰਦੇਸ਼ ਦਿੱਤਾ ਹੈ।

ਸਵੈ-ਘੋਸ਼ਣਾ ਫਾਰਮ ਹੁਣ ਆਨਲਾਈਨ ਉਪਲਬਧ ਹਨ ਅਤੇ ਲਾਜ਼ਮੀ ਤੌਰ 'ਤੇ border@novascotia.ca 'ਤੇ ਜਮ੍ਹਾ ਕਰਨਾ ਹੋਵੇਗਾ।

ਫਾਰਮ 'ਚ ਜਿਸ ਸੂਬੇ ਦੇ ਤੁਸੀਂ ਰਹਿਣ ਵਾਲੇ ਹੋ ਉਸ ਦਾ ਨਾਂ, ਲਾਇਸੈਂਸ ਪਲੇਟ ਨੰਬਰ, ਕਦੋਂ ਤੇ ਸੂਬੇ 'ਚ ਕਿਹੜੀ ਜਗ੍ਹਾ ਜਾਣਾ ਹੈ, ਉਹ ਜਗ੍ਹਾ ਦਾ ਨਾਂ ਜਿੱਥੇ ਸਵੈ-ਅਲੱਗ-ਥਲੱਗ ਹੋਣਾ ਹੈ ਅਤੇ ਫੋਨ ਨੰਬਰ ਜਿੱਥੇ ਸੰਪਰਕ ਕੀਤਾ ਜਾ ਸਕਦਾ ਹੈ ਵਰਗੀ ਜਾਣਕਾਰੀ ਦੇਣੀ ਹੋਵੇਗੀ। ਅਧਿਕਾਰੀ 14 ਦਿਨਾਂ ਤੱਕ ਹਰ ਦਿਨ ਕਾਲ ਕਰਨਗੇ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਐਟਲਾਂਟਿਕ ਖੇਤਰ ਦੇ ਬਾਹਰੋਂ ਆਏ ਯਾਤਰੀ ਸਵੈ-ਅਲੱਗ-ਥਲੱਗ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਇਕ ਦਿਨ 'ਚ ਤਿੰਨ ਵਾਰ ਕਾਲ ਕਰਨ 'ਤੇ ਜੇਕਰ ਸੰਪਰਕ ਨਹੀਂ ਹੁੰਦਾ ਤਾਂ ਪੁਲਸ ਉਸ ਜਗ੍ਹਾ 'ਤੇ ਜਾ ਕੇ ਜਾਂਚ ਕਰੇਗੀ। ਹੈਲਥ ਪ੍ਰੋਟੈਕਸ਼ਨ ਨਿਰਦੇਸ਼ ਮੁਤਾਬਕ, ਸਵੈ-ਅਲੱਗ-ਥਲੱਗ ਕਰਨ 'ਚ ਅਸਫਲ ਰਹਿਣ 'ਤੇ 1000 ਡਾਲਰ ਜੁਰਮਾਨਾ ਹੈ। ਯਾਤਰੀਆਂ ਨੂੰ ਫਾਰਮ ਦਾ ਇਕ ਉਤਾਰਾ ਵੀ ਆਪਣੇ ਕੋਲ ਰੱਖਣਾ ਹੋਵੇਗਾ।

ਪ੍ਰੀਮੀਅਰ ਸਟੀਫਨ ਮੈਕਨਿਲ ਕੀ ਬੋਲੇ?
ਪ੍ਰੀਮੀਅਰ ਨੇ ਕਿਹਾ, ''ਅਸੀਂ ਆਪਣੀ ਆਰਥਿਕਤਾ ਨੂੰ ਸੁਰੱਖਿਅਤ ਢੰਗ ਨਾਲ ਖੋਲ੍ਹਣ, ਲੋਕਾਂ ਨੂੰ ਸੂਬੇ 'ਚ ਘੁੰਮਣ ਦਾ ਮੌਕਾ ਦੇਣ ਅਤੇ ਉਨ੍ਹਾਂ ਨੂੰ ਆਪਣੇ ਅਜ਼ੀਜ਼ਾਂ ਨਾਲ ਦੁਬਾਰਾ ਜੋੜਨ ਲਈ ਸਖਤ ਮਿਹਨਤ ਕਰ ਰਹੇ ਹਾਂ। ਬਹੁਤ ਸਾਰੇ ਲੋਕ ਸੁੱਰਖਿਅਤ ਹਨ ਤੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਹਰ ਕੋਈ ਜੋ ਨੋਵਾ ਸਕੋਸ਼ੀਆ 'ਚ ਦਾਖਲ ਹੁੰਦਾ ਹੈ ਉਹ ਵੀ ਇਹ ਕਰੇਗਾ ਪਰ ਐਟਲਾਂਟਿਕ ਤੋਂ ਬਾਹਰੋਂ ਆਉਣ ਵਾਲੇ ਬਹੁਤ ਸਾਰੇ ਲੋਕ ਕੋਵਿਡ-19 ਸੈਲਫ ਆਈਸੋਲੇਟ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ, ਜਿਸ ਕਾਰਨ ਨਿਗਰਾਨੀ ਵਧਾਉਣੀ ਪੈ ਰਹੀ ਹੈ।''


Sanjeev

Content Editor

Related News