ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਮਾਂਟਰੀਅਲ ’ਚ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਜ਼ਬਰਦਸਤ ਰੈਲੀ

10/21/2020 6:00:41 PM

ਮਾਂਟਰੀਅਲ - ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ, ਮਾਂਟਰੀਅਲ ਦੇ ਸਮੂਹ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਜਥੇਬੰਦੀਆਂ ਨੇ ਲੰਘੇ ਐਤਵਾਰ 18 ਅਕਤੂਬਰ 2020 ਨੂੰ ਭਾਰਤ ਸਰਕਾਰ ਵਲੋਂ ਕਿਸਾਨਾਂ ਦੇ ਮੌਤ ਦੇ ਵਾਰੰਟ ਰੂਪੀ ਕਾਨੂੰਨ ਪਾਸ ਕਰਨ ਦੀ ਉੱਚੀ ਸੁਰ ਵਿੱਚ ਨਿਖੇਧੀ ਕੀਤੀ। ਇੱਕ ਤੋਂ ਬਾਅਦ ਇੱਕ ਬੁਲਾਰਿਆਂ ਨੇ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਅਤੇ ਪੰਜਾਬ ਮਾਰੂ ਨੀਤੀਆਂ ਦਾ ਖੁਲਾਸਾ ਕਰਦਿਆਂ ਇਨ੍ਹਾਂ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਤੇ ਪੰਜਾਬ ਦੇ ਲੋਕਾਂ ਨੂੰ ਹੁਣ ਮੁਕੰਮਲ ਤੌਰ ’ਤੇ ਗੁਲਾਮੀ ਦੀ ਬੀਮਾਰੀ ਨੂੰ ਗਲੋਂ ਲਾਹੁਣ ਤੱਕ ਡਟੇ ਰਹਿਣ ਦੀ ਅਪੀਲ ਕੀਤੀ। ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਇਸ ਰੈਲੀ ਵਿੱਚ ਸ਼ਮੂਲੀਅਤ ਕਰਕੇ ਦਿੱਲੀ ਵਲੋਂ ਕੀਤੀਆਂ ਜਾਂਦੀਆਂ ਵਧੀਕੀਆਂ ਦੇ ਤਾਜ਼ਾ ਤਜ਼ਰਬਿਆਂ ਨੂੰ ਸਾਂਝਾ ਕੀਤਾ।

ਮਿੱਥੇ ਸਮੇਂ ਅਨੁਸਾਰ ਸਾਢੇ 11 ਵਜੇ ਸਮੁੱਚੀ ਸੰਗਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਾਸਾਲ ਮਾਂਟਰੀਅਲ ਦੀ ਪਾਰਕਿੰਗ ਲਾਟ ਵਿੱਚ ਇੱਕਤਰ ਹੋਣਾ ਸ਼ੁਰੂ ਹੋ ਗਈ। ਬੈਨਰ ਅਤੇ ਖਾਲਸਾਈ ਝੰਡਿਆਂ ਨਾਲ ਕੇਸਰੀ ਨਿਸ਼ਾਨ ਹੇਠ ਮੰਚ ਸਜਾਇਆ ਗਿਆ। ਇਥੇ ਕਿਊਬਿਕ ਸਟੇਟ, ਕੈਨੇਡਾ ਅਤੇ ਖਾਲਿਸਤਾਨ ਦੇ ਪਰਚਮ ਮੰਚ ਦੀ ਸ਼ੋਭਾ ਵਧਾ ਰਹੇ ਸਨ। ਗੁਰਦੁਆਰਾ ਸਾਹਿਬ ਦੀ ਦਹਿਲੀਜ਼ ’ਤੇ ਵੱਖ- ਵੱਖ ਬੁਲਾਰਿਆਂ ਨੇ ਇਸ ਰੈਲੀ ਨੂੰ ਸੰਬੋਧਨ ਕੀਤਾ।

ਇਸ ਰੈਲੀ ਦੀ ਸਟੇਜ ਦੀ ਸੇਵਾ ਸਿੱਖ ਵਿਜ਼ਨ ਆਫ ਮਾਂਟਰੀਅਲ ਕਿਊਬਿਕ ਦੇ ਪ੍ਰਧਾਨ ਲਖਬੀਰ ਸਿੰਘ ਅਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਾਸਾਲ ਦੇ ਸਟੇਜ ਸਕੱਤਰ ਭਾਈ ਦਲਜੀਤ ਸਿੰਘ ਨੇ ਬਾਖੂਬੀ ਨਿਭਾਈ। ਭਾਈ ਲਖਬੀਰ ਸਿੰਘ ਨੇ ਆਪਣੇ ਵਿਚਾਰ ਦਿੰਦਿਆਂ ਵੱਖ-ਵੱਖ ਬੁਲਾਰਿਆਂ ਨੂੰ ਮੰਚ ’ਤੇ ਆਉਣ ਲਈ ਕਿਹਾ। ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਰੁਪਿੰਦਰ ਸਿੰਘ ਨੇ ਭਾਰਤ ਸਰਕਾਰ ਦੇ ਕਾਲੇ ਕਾਰਨਾਮਿਆਂ ਦਾ ਕੱਚਾ ਚਿੱਠਾ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਇਹ ਕਾਲੇ ਕਾਨੂੰਨ ਪਹਿਲੇ ਨਹੀਂ ਬਲਕਿ ਇਹ ਦਿੱਲੀ ਦਾ ਪਿਛਲੇ 70 ਸਾਲਾ ਦਾ ਲਗਾਤਾਰ ਚੱਲਦਾ ਆ ਰਿਹਾ ਵਰਤਾਰਾ ਹੈ, ਜੋ ਕਾਬਲੇ ਬਰਦਾਸ਼ਤ ਨਹੀਂ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਯੂਥ ਪ੍ਰਧਾਨ ਪਰਮਿੰਦਰ ਸਿੰਘ ਪਾਂਗਲੀ ਨੇ ਇਸ ਮੌਕੇ ਗਰਜਵੀਂ ਆਵਾਜ਼ ਵਿੱਚ ਭਾਰਤ ਸਰਕਾਰ ਦੇ ਘਟੀਆ ਹੱਥਕੰਡਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹ ਸਿੱਖ ਕੌਮ ਦੇ ਇਤਹਾਸ ਵੱਲ ਨਜ਼ਰ ਮਾਰੇ। ਉਨ੍ਹਾਂ ਮੀਰੀ ਪੀਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿੱਖ ਲੀਡਰਸ਼ਿਪ ਨੂੰ ਵੀ ਧਰਮ ਦੇ ਝਰੋਖੇ ਵਿੱਚ ਸਿਆਸਤ ਦੀਆਂ ਪੌੜੀਆਂ ਚੜ੍ਹਨੀਆਂ ਚਾਹੀਦੀਆਂ ਹਨ। ਮਾਂਟਰੀਅਲ ਇਲਾਕੇ ਵਿੱਚ ਖਾਲਿਸਤਾਨ ਦੀ ਮੂਵਮੈਂਟ ਵਿੱਚ ਨਿੱਗਰ ਭੂਮਿਕਾ ਨਿਭਾਉਣ ਵਾਲੇ ਪਰਮਿੰਦਰ ਸਿੰਘ ਪਾਂਗਲੀ ਨੇ ਕਿਹਾ ਕਿ ਇਹ ਮੁੱਦਾ ਤਿੰਨ ਆਰਡੀਨੈਂਸਾਂ ਦਾ ਨਹੀਂ, ਇਹ ਗੁਲਾਮੀ ਦਾ ਮੁੱਦਾ ਹੈ। ਗੁਲਾਮੀ ਦਾ ਜੂਲ੍ਹਾ ਗਲੋਂ ਲਾਹੁਣ ਨਾਲ ਪੰਜਾਬ ਦੇ ਵਸ਼ਿੰਦਿਆਂ ਨੂੰ ਸੁੱਖ ਦਾ ਸਾਹ ਆ ਸਕਦਾ ਹੈ।

ਇਸ ਰੈਲੀ ਦੇ ਪ੍ਰਬੰਧ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਿਊਬਿਕ ਸਟੇਟ ਦੇ ਮੁੱਖ ਸੇਵਾਦਾਰ ਮਨਵੀਰ ਸਿੰਘ, ਜੋ ਪੰਥਕ ਕੰਮਾਂ ਵਿੱਚ ਆਕਰਮਣਸ਼ੀਲਤਾ ਲਈ ਜਾਣੇ ਜਾਂਦੇ, ਨੇ ਇਹ ਸਾਰਥਕ ਕਦਮ ਪੁੱਟਦਿਆਂ ਇਸ ਰੈਲੀ ਨੂੰ ਬੜੇ ਅਸਰਦਾਇਕ ਢੰਗ ਨਾਲ ਤਰਤੀਬ ਦਿੱਤੀ। ਮਨਵੀਰ ਸਿੰਘ ਨੇ ਆਪਣੇ ਵਿਚਾਰਾਂ ਦੀ ਲੜੀ ਨੂੰ "ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥" ਨਾਲ ਸ਼ੁਰੂ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਲੁਆਈ। ਆਪਣੀ ਤਕਰੀਰ ਰਾਹੀਂ ਪੰਥਕ ਬਿਰਤਾਂਤ ਸਿਰਜਦਿਆਂ ਮਨਵੀਰ ਸਿੰਘ ਨੇ ਕਿਹਾ ਅਸੀਂ ਜਿੰਨੀਆਂ ਸਰਕਾਰੀ ਦੂਸਵਾਰੀਆਂ ਸਹਾਰੀਆਂ ਹਨ, ਜਿਸਦਾ ਹੱਲ ਖਾਲਿਸਤਾਨ ਹੈ। ਅਸੀਂ ਬੀਮਾਰੀ ਦੇ ਲੱਛਣਾਂ ਨਹੀਂ ਸਗੋਂ ਬੀਮਾਰੀ ਦਾ ਹੱਲ ਕਰਨਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਖਾਲਸਾ ਰਾਜ ਦਾ ਸੰਕਲਪ ਬੇਜ਼ਮੀਨਿਆਂ ਨੂੰ ਜ਼ਮੀਨ ਵਾਲੇ ਬਣਾਉਣਾ ਹੈ ਨਾ ਕਿ ਬੇਜ਼ਮੀਨੇ ਕਰਨਾ। ਭਾਈ ਮਨਵੀਰ ਸਿੰਘ ਦੀ ਦਿਲ ਟੁੰਬਵੀਂ ਵਿਚਾਰ ਲੋਕਾਂ ਨੇ ਸਾਹ ਧੁਹ ਕੇ ਸੁਣੀ। ਅਖੀਰ ਵਿੱਚ ਉਨ੍ਹਾਂ ਕਿਹਾ ਕਿ ਸਾਡਾ ਸੰਕਲਪ ਹੈ "ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥ ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥"

ਭਾਈ ਪ੍ਰਭਸਰਵਣ ਸਿੰਘ ਨੇ ਗੁਰਬਾਣੀ ਦੇ ਹਵਾਲੇ ਦੇ ਕੇ ਕੌਮ ਦੀ ਸੂਰਤ-ਏ-ਹਾਲਾਤ ਬਿਆਨ ਕੀਤੀ। ਹੋਰਨਾਂ ਬੁਲਾਰਿਆਂ ਵਿੱਚ ਸੁਰਜੀਤ ਸਿੰਘ, ਜਸਵਿੰਦਰ ਸਿੰਘ, ਮੇਹਰ ਸਿੰਘ ਪ੍ਰਧਾਨ ਗੁਰਦੁਆਰਾ ਪਾਰਕ ਐਕਸ, ਅਮੀਤੋਜ ਸਿੰਘ, ਵਰੁਣ ਖੰਨਾ ਅਤੇ ਅਵਤਾਰ ਸਿੰਘ ਦੇ ਨਾਮ ਵਰਨਣਯੋਗ ਹਨ।    

ਕਾਰ ਰੈਲੀ ਵਿੱਚ ਐੱਸ.ਪੀ. ਸਿੰਘ ਅਤੇ ਊਨ੍ਹਾਂ ਦੇ ਪਰਿਵਾਰ ਨੇ ਗਹਿ ਗੱਡਵਾਂ ਸਹਿਯੋਗ ਦਿੱਤਾ। ਇਨ੍ਹਾਂ ਤੋਂ ਇਲਾਵਾ ਵਲੰਟੀਅਰ ਕੰਮ ਵਿੱਚ ਕੁਲਬੀਰ ਸਿੰਘ ਬੱਲ, ਦਿਲਬਾਗ ਸਿੰਘ, ਪ੍ਰਦੀਪ ਸਿੰਘ ਹੋਰਾਂ ਨੇ ਬੈਨਰ ਅਤੇ ਤਖਤੀਆਂ ਦੀ ਸੇਵਾ ਕੀਤੀ।
ਇਸ ਰੈਲੀ ਵਿੱਚ ਨੋਟ ਕਰਨ ਵਾਲੀ ਗੱਲ ਇਹ ਸੀ ਕਿ ਸੈਂਕੜੇ ਦੀ ਤਾਦਾਦ ਵਿੱਚ ਅੰਤਰਰਾਸ਼ਟਰੀ ਸਟੂਡੈਂਟਸ ਨੇ ਆਪਣੇ ਵਾਹਨਾਂ ਨਾਲ ਸ਼ਮੂਲੀਅਤ ਕੀਤੀ ਅਤੇ ਬੜੇ ਜੋਸ਼ ਨਾਹਰੇਬਾਜ਼ੀ ਕੀਤੀ।

Shiromani Akali Dal Amritsar Canada
514-770-7465

rajwinder kaur

This news is Content Editor rajwinder kaur