Zomato, Paytm ਨੇ ਡੋਬੇ 77,000 ਕਰੋੜ, ਹੁਣ IPO ਲਿਆਉਣ ਤੋਂ ਡਰ ਰਹੀਆਂ ਹਨ ਇਹ ਕੰਪਨੀਆਂ

02/18/2022 9:36:21 AM

ਨਵੀਂ ਦਿੱਲੀ (ਇੰਟ.) – ਸਾਲ 2021 ਆਈ. ਪੀ. ਓ. ਅਤੇ ਸ਼ੇਅਰ ਮਾਰਕੀਟ ਦੋਹਾਂ ਲਈ ਇਤਿਹਾਸਿਕ ਰਿਹਾ ਸੀ। ਹਾਲਾਂਕਿ ਇਸ ਸਾਲ ਹੁਣ ਤੱਕ ਬਾਜ਼ਾਰ ਦਾ ਹਾਲ ਠੀਕ ਨਹੀਂ ਰਿਹਾ ਹੈ। ਪਿਛਲੇ ਕੁੱਝ ਮਹੀਨਿਆਂ ਦੌਰਾਨ ਬਾਜ਼ਾਰ ’ਚ ਲਿਸਟ ਹੋਈਆਂ ਨਵੀਆਂ ਕੰਪਨੀਆਂ ਬਦਲੇ ਮਾਹੌਲ ’ਚ ਸਭ ਤੋਂ ਵੱਧ ਘਾਟਾ ਉਠਾ ਰਹੀਆਂ ਹਨ। ਇਨ੍ਹਾਂ ’ਚ ਪੈਸੇ ਲਗਾਉਣ ਵਾਲੇ ਨਿਵੇਸ਼ਕ ਲਗਾਤਾਰ ਨੁਕਸਾਨ ’ਚ ਜਾ ਰਹੇ ਹਨ।

ਨਵੇਂ ਜ਼ਮਾਨੇ ਦੀਆਂ ਫਿਨਟੈੱਕ ਕੰਪਨੀਆਂ ਲਈ ਸ਼ੇਅਰ ਬਾਜ਼ਾਰ ਦਾ ਤਜ਼ਰਬਾ ਹੁਣ ਤੱਕ ਸਹੀ ਨਹੀਂ ਰਿਹਾ ਹੈ। ਪਿਛਲੇ ਸਾਲ ਆਈ. ਪੀ. ਓ. ਅਤੇ ਸ਼ੇਅਰ ਮਾਰਕੀਟ ਦੇ ਬੂਮ ’ਚ ਕਈ ਸਟਾਰਟਅਪ ਕੰਪਨੀਆਂ ਆਈ. ਪੀ. ਓ. ਲੈ ਕੇ ਆਈਆਂ। ਕੁੱਝ ਨੇ ਠੀਕ-ਠਾਕ ਪ੍ਰਫਾਰਮ ਕੀਤਾ ਪਰ ਬਹੁਤ ਹਾਈਪ ਵਾਈਆਂ ਕਈ ਕੰਪਨੀਆਂ ਦੇ ਆਈ. ਪੀ. ਓ. ਮਾਰਕੀਟ ’ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਖੂਬ ਚਰਚਾ ਬਟੋਰਨ ਵਾਲੇ ਸਿਰਫ 2 ਆਈ. ਪੀ. ਓ. ਜ਼ੋਮੈਟੋ ਅਤੇ ਪੇਅ. ਟੀ. ਐੱਮ. ਦੇ ਚੱਕਰ ’ਚ ਹੁਣ ਤੱਕ ਨਿਵੇਸ਼ਕ ਕਰੀਬ 77,000 ਕਰੋੜ ਰੁਪਏ ਗੁਆ ਚੁੱਕੇ ਹਨ। ਇਨ੍ਹਾਂ ਦਾ ਹਾਲ ਦੇਖ ਕੇ ਹੁਣ ਉਨ੍ਹਾਂ ਸਟਾਰਟਅਪ ਨੂੰ ਡਰ ਸਤਾਉਣ ਲੱਗਾ ਹ ਜੋ ਹਾਲ-ਫਿਲਹਾਲ ’ਚ ਆਈ. ਪੀ. ਓ. ਲਿਆਉਣ ਦੀ ਤਿਆਰੀ ’ਚ ਹਨ।

ਸਭ ਤੋਂ ਵੱਧ ਨੁਕਸਾਨ ’ਚ ਪੇਅ. ਟੀ. ਐੱਮ. ਦੇ ਨਿਵੇਸ਼ਕ

ਪੇਅ. ਟੀ. ਐੱਮ. ਦੀ ਪੇਰੈਂਟ ਕੰਪਨੀ ਵਨ97 ਕਮਿਊਨੀਕੇਸ਼ਨਜ਼ ਦੇ ਸ਼ੇਅਰ 18 ਨਵੰਬਰ ਨੂੰ ਸ਼ੇਅਰ ਬਾਜ਼ਾਰ ’ਚ ਲਿਸਟ ਹੋਏ। ਪਹਿਲੇ ਦਿਨ ਦਾ ਕਾਰੋਬਾਰ ਬੰਦ ਹੋਣ ਤੋਂ ਬਾਅਦ ਇਸ ਕੰਪਨੀ ਦਾ ਮਾਰਕੀਟ ਕੈਪ 1,01,399.72 ਕਰੋੜ ਰੁਪਏ ਸੀ। ਹੁਣ ਇਹ ਡਿਗ ਕੇ 55,800 ਕਰੋੜ ਰੁਪਏ ਕੋਲ ਰਹਿ ਗਿਆ ਹੈ। ਇਸ ਤਰ੍ਹਾਂ ਦੇਖੀਏ ਤਾਂ ਪੇਅ. ਟੀ. ਐੱਮ. ਦੇ ਨਿਵੇਸ਼ਕ ਪਹਿਲੇ ਦਿਨ ਤੋਂ ਹੁਣ ਤੱਕ 45,50 ਕਰੋੜ ਰੁਪਏ ਦੇ ਲਗਭਗ ਗੁਆ ਚੁੱਕੇ ਹਨ।

ਕਰੀਬ 32,000 ਕਰੋੜ ਡਿਗ ਚੁੱਕੈ ਜ਼ੋਮੈਟੋ ਦਾ ਐੱਮ. ਕੈਪ

ਇਸ ਤਰ੍ਹਾਂ ਜ਼ੋਮੈਟੋ ਦਾ ਐੱਮ. ਕੈਪ 23 ਜੁਲਾਈ 2021 ਨੂੰ ਲਿਸਟਿੰਗ ਵਾਲੇ ਦਿਨ ਬਾਜ਼ਾਰ ਬੰਦ ਹੋਣ ’ਤੇ 98,731.59 ਕਰੋੜ ਰੁਪਏ ਰਿਹਾ ਸੀ। ਬੁੱਧਵਾਰ ਨੂੰ ਇਸ ਦਾ ਮਾਰਕੀਟ ਕੈਪ (ਐੱਮ. ਕੈਪ.) 66,872 ਕਰੋੜ ਰੁਪਏ ਰਿਹਾ ਸੀ। ਇਸ ਕੰਪਨੀ ਦੇ ਨਿਵੇਸ਼ਕ ਪਹਿਲੇ ਦਿਨ ਤੋਂ ਹੁਣ ਤੱਕ ਕਰੀਬ 31,860 ਕਰੋੜ ਰੁਪਏ ਗੁਆ ਚੁੱਕੇ ਹਨ। ਸਿਰਫ ਪੇਅ. ਟੀ.ਐੱਮ. ਅਤੇ ਜ਼ੋਮੈਟੋ ਦਾ ਅੰਕੜਾ ਦੇਖੀਏ ਤਾਂ ਲਿਸਟਿੰਗ ਤੋਂ ਬਾਅਦ ਹੁਣ ਤੱਕ ਨਿਵੇਸ਼ਕਾਂ ਦੀ ਜਾਇਦਾਦ ਕਰੀਬ 77,000 ਕਰੋੜ ਰੁਪਏ ਘੱਟ ਹੋ ਚੁੱਕੀ ਹੈ।

ਨਾਇਕਾ ’ਚ ਨਿਵੇਸ਼ਕਾਂ ਦੇ ਡੁੱਬੇ 33,000 ਕਰੋੜ

ਪਾਲਿਸੀ ਬਾਜ਼ਾਰ ਅਤੇ ਨਾਇਕਾ ਦੇ ਆਈ. ਪੀ. ਓ. ਨੂੰ ਵੀ ਠੀਕ-ਠਾਕ ਸੁਰਖੀਆਂ ਮਿਲੀਆਂ ਸਨ ਅਤੇ ਇਨ੍ਹਾਂ ਦੋਹਾਂ ਨੇ ਵੀ ਨਿਵੇਸ਼ਕਾਂ ਨੂੰ ਗਰੀਬ ਬਣਾਇਆ। ਨਾਇਕਾ ਦੀ ਪੇਰੈਂਟ ਕੰਪਨੀ ਐੱਫ. ਐੱਸ. ਐੱਨ. ਈ. ਕਾਮਰਸ ਬਾਜ਼ਾਰ ’ਚ 10 ਨਵੰਬਰ ਨੂੰ ਲਿਸਟ ਹੋਈ ਅਤੇ ਉਸੇ ਦਿਨ ਬਾਜ਼ਾਰ ਬੰਦ ਹੋਣ ਤੋਂ ਬਾਅਦ ਇਸ ਦਾ ਮਾਰਕੀਟ ਕੈਪ 1,04,360.85 ਕਰੋੜ ਰੁਪਏ ਰਿਹਾ ਸੀ। ਬੁੱਧਵਾਰ ਨੂੰ ਕਾਰੋਬਾਰ ਬੰਦ ਹੋਣ ਤੋਂ ਬਾਅਦ ਇਹ ਘਟ ਕੇ 71,308.55 ਕਰੋੜ ਰੁਪਏ ਰਹਿ ਗਿਆ ਸੀ। ਇਸ ਸਟਾਕ ਨੇ ਹੁਣ ਤੱਕ ਨਿਵੇਸ਼ਕਾਂ ਦਾ ਕਰੀਬ 33,000 ਕਰੋੜ ਰੁਪਏ ਦਾ ਨੁਕਸਾਨ ਕੀਤਾ ਹੈ।

4 ਕੰਪਨੀਆਂ ਨੇ ਡੋਬੇ 1.30 ਲੱਖ ਕਰੋੜ

ਪਾਲਿਸੀ ਬਾਜ਼ਾਰ ਦੀ ਪੇਰੈਂਟ ਕੰਪਨੀ ਪੀ. ਬੀ. ਫਿਨਟੈੱਕ ਨੇ ਵੀ ਨਿਵੇਸ਼ਕਾਂ ਨੂੰ ਕਰੀਬ 19,200 ਕਰੋੜ ਦਾ ਚੂਨਾ ਲਗਾਇਆ ਹੈ। ਇਸ ਦੇ ਮਾਰਕੀਟ ਕੈਪ ਪਹਿਲੇ ਦਿਨ ਦੇ 54,070.33 ਕਰੋੜ ਤੋਂ ਘਟ ਕੇ 34,870 ਕਰੋੜ ਰੁਪਏ ਦੇ ਲਗਭਗ ਰਹਿ ਗਿਆ ਹੈ। ਸਿਰਫ ਇਨ੍ਹਾਂ 4 ਸਟਾਰਟਅਪ ਦੀ ਪ੍ਰਫਾਰਮੈਂਸ ਨੂੰ ਦੇਖੀਏ ਤਾਂ ਨਿਵੇਸ਼ਕ ਪਹਿਲੇ ਦਿਨ ਤੋਂ ਹੁਣ ਤੱਕ ਦੇ ਟ੍ਰੇਡ ’ਚ ਕਰੀਬ 1.30 ਲੱਖ ਕਰੋੜ ਗੁਆ ਚੁੱਕੇ ਹਨ।

ਆਈ. ਪੀ. ਓ. ਨੂੰ ਟਾਲ ਰਹੀਆਂ ਹਨ ਇਹ ਕੰਪਨੀਆਂ

ਨਵੀਆਂ ਫਿਨਟੈੱਕ ਕੰਪਨੀਆਂ ਦਾ ਇਹ ਹਾਲ ਦੇਖ ਕੇ ਲਾਈਨ ’ਚ ਖੜ੍ਹੇ ਸਟਾਰਟਅਪ ਦਾ ਡਰ ਸੁਭਾਵਿਕ ਹੀ ਲਗਦਾ ਹੈ। ਉਹ ਵੀ ਇਸ ਗੱਲ ਨੂੰ ਦੇਖਦੇ ਹੋਏ ਕਿ ਸ਼ੇਅਰ ਮਾਰਕੀਟ ’ਚ ਫਿਲਹਾਲ ਤੇਜ਼ੀ ਗੁਆ ਚੁੱਕਾ ਹੈ ਅਤੇ ਲਗਾਤਾਰ ਨੁਕਸਾਨ ’ਚ ਰਿਹਾ ਹੈ। ਹਾਲ-ਫਿਲਹਾਲ ’ਚ ਸ਼ੇਅਰ ਮਾਰਕੀਟ ਨੂੰ ਕੋਈ ਵੱਡਾ ਸਮਰਥਨ ਮਿਲਦਾ ਦਿਖਾਈ ਨਹੀਂ ਦੇ ਰਿਹਾ ਹੈ। ਬਲੂਮਬਰਗ ਦੀ ਹਾਲ ਹੀ ਦੀ ਰਿਪੋਰਟ ਦੀ ਮੰਨੀਏ ਤਾਂ ਸਟਾਰਟਅਪ ਕੰਪਨੀਆਂ ਓਯੋ ਅਤੇ ਡੇਲਹੀਵਰੀ ਆਈ. ਪੀ. ਓ. ਟਾਲਣ ਦੀ ਯੋਜਨਾ ’ਤੇ ਕੰਮ ਕਰ ਰਹੀਆਂ ਹਨ। ਇਹ ਦੋਵੇਂ ਕੰਪਨੀਆਂ ਹੁਣ ਅਗਲੇ ਵਿੱਤੀ ਸਾਲ ’ਚ ਹੀ ਆਈ. ਪੀ. ਓ. ਲਿਆਉਣਗੀਆਂ। ਹਾਲਾਂਕਿ ਦੋਵੇਂ ਕੰਪਨੀਆਂ ਨੇ ਅਧਿਕਾਰਕ ਤੌਰ ’ਤੇ ਹਾਲੇ ਇਸ ਬਾਰੇ ਕੁੱਝ ਨਹੀਂ ਕਿਹਾ ਹੈ।

Harinder Kaur

This news is Content Editor Harinder Kaur