ਜੀ. ਐੱਸ. ਟੀ. : ਮਹਿੰਗੀਆਂ ਹੋਣਗੀਆਂ ਐੱਸ. ਯੂ. ਵੀ. ਅਤੇ ਲਗਜ਼ਰੀ ਕਾਰਾਂ

08/08/2017 12:10:50 PM

ਨਵੀਂ ਦਿੱਲੀ- ਐੱਸ. ਯੂ. ਵੀ. ਅਤੇ ਲਗਜ਼ਰੀ ਕਾਰਾਂ ਮਹਿੰਗੀਆਂ ਹੋ ਸਕਦੀਆਂ ਹਨ। ਇਨ੍ਹਾਂ ਕਾਰਾਂ ਦੀਆਂ ਕੀਮਤਾਂ 'ਚ ਵਾਧਾ ਹੋਣ ਦੀ ਇਕਮਾਤਰ ਵਜ੍ਹਾ ਵਾਧੂ ਸੈੱਸ ਲਾਇਆ ਜਾਣਾ ਹੈ। ਜੀ. ਐੱਸ. ਟੀ. ਕੌਂਸਲ ਨੇ ਕੇਂਦਰ ਨੂੰ ਐੱਸ. ਯੂ. ਵੀ., ਲਗਜ਼ਰੀ ਅਤੇ ਵੱਡੀਆਂ ਕਾਰਾਂ 'ਤੇ ਸੈੱਸ ਦੀ ਦਰ 15 ਫ਼ੀਸਦੀ ਤੋਂ ਵਧਾ ਕੇ 25 ਫ਼ੀਸਦੀ ਕਰਨ ਦਾ ਪ੍ਰਸਤਾਵ ਦਿੱਤਾ ਹੈ।  

ਫਿਲਹਾਲ ਲਾਗੂ ਨਹੀਂ ਹੋਵੇਗਾ ਫੈਸਲਾ 

ਜੀ. ਐੱਸ. ਟੀ. ਕੌਂਸਲ ਦਾ ਸੈੱਸ ਵਧਾਉਣ ਦਾ ਇਹ ਫੈਸਲਾ ਤੁਰੰਤ ਲਾਗੂ ਨਹੀਂ ਹੋਵੇਗਾ ਕਿਉਂਕਿ ਇਸ ਦੇ ਲਈ ਜੀ. ਐੱਸ. ਟੀ. ਕੰਪੇਨਸੈਸ਼ਨ ਲਾਅ 'ਚ ਸੋਧ ਦੀ ਜ਼ਰੂਰਤ ਪਵੇਗੀ। ਸ਼ਨੀਵਾਰ ਨੂੰ ਜੀ. ਐੱਸ. ਟੀ. ਕੌਂਸਲ ਦੀ ਇਕ ਮੀਟਿਗ ਹੋਈ ਸੀ। ਮੀਟਿੰਗ 'ਚ ਸ਼ਾਮਲ ਇਕ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਕਾਰਾਂ ਨੂੰ ਜੀ. ਐੱਸ. ਟੀ. ਦੇ ਸਭ ਤੋਂ ਉੱਚੇ 28 ਫ਼ੀਸਦੀ ਵਾਲੇ ਸਲੈਬ 'ਚ ਰੱਖਿਆ ਗਿਆ ਹੈ। ਇੱਥੇ ਤੁਹਾਨੂੰ ਦੱਸ ਦੇਈਏ ਕਿ ਜੀ. ਐੱਸ. ਟੀ. ਕੌਂਸਲ ਪਹਿਲਾਂ ਹੀ ਸੈੱਸ ਦੇ ਨਾਲ ਇਸ 'ਤੇ ਵੱਧ ਤੋਂ ਵੱਧ ਟੈਕਸ 40 ਫ਼ੀਸਦੀ ਤੈਅ ਕਰ ਚੁੱਕੀ ਹੈ। 

4 ਮੀਟਰ ਦੀ ਲੰਬਾਈ ਵਾਲੀਆਂ ਛੋਟੀਆਂ ਪੈਟਰੋਲ ਅਤੇ 1,200 ਸੀ. ਸੀ. ਇੰਜਣ ਸਮਰੱਥਾ ਵਾਲੀਆਂ ਗੱਡੀਆਂ 'ਤੇ 1 ਫ਼ੀਸਦੀ ਸੈੱਸ ਲਾਇਆ ਗਿਆ ਹੈ ਤਾਂ ਉਥੇ ਹੀ ਇਸ ਲੰਬਾਈ ਅਤੇ 1,500 ਸੀ. ਸੀ. ਸਮਰੱਥਾ ਦੀਆਂ ਡੀਜ਼ਲ ਗੱਡੀਆਂ 'ਤੇ 3 ਫ਼ੀਸਦੀ ਦਾ ਸੈੱਸ ਤੈਅ ਕੀਤਾ ਗਿਆ ਹੈ। ਮਿਡਲ ਸਾਈਜ਼ ਦੀਆਂ ਵੱਡੀਆਂ ਕਾਰਾਂ ਜਾਂ ਐੱਸ. ਯੂ. ਵੀ. 'ਤੇ ਸੈੱਸ 15 ਫ਼ੀਸਦੀ ਹੈ ਜਿਸ ਨਾਲ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਕੁਝ ਮਾਡਲਾਂ ਦੀਆਂ ਕੀਮਤਾਂ 'ਚ ਕਮੀ ਆਈ ਸੀ।