ਜੀ. ਐੱਸ. ਟੀ. ਤੋਂ ਬਚਣ ਲਈ ਕੈਸ਼ ''ਚ ਪੇਮੈਂਟ ਲੈ ਰਹੇ ਕਾਰੋਬਾਰੀ

10/21/2017 11:32:28 PM

ਨਵੀਂ ਦਿੱਲੀ— ਜੀ. ਐੱਸ. ਟੀ. ਦਾ ਖਾਕਾ ਤਿਆਰ ਕਰਨ ਅਤੇ ਉਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨਾਲ ਜੁੜੇ ਰਹੇ ਵਿੱਤ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਪਿਛਲੇ ਦਿਨੀਂ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਇਕ ਦੁਕਾਨਦਾਰ ਨੇ ਉਨ੍ਹਾਂ ਨੂੰ ਕਾਰਡ ਦੀ ਬਜਾਏ ਕੈਸ਼ 'ਚ ਪੇਮੈਂਟ ਕਰਨ ਲਈ ਕਹਿ ਦਿੱਤਾ। ਉਹ ਦਿੱਲੀ ਦੀ ਮਸ਼ਹੂਰ ਖਾਨ ਮਾਰਕੀਟ 'ਚ ਖਰੀਦਦਾਰੀ ਲਈ ਪੁੱਜੇ ਸਨ। ਸਾਮਾਨ ਲੈਣ ਤੋਂ ਬਾਅਦ ਪੇਮੈਂਟ ਲਈ ਉਨ੍ਹਾਂ ਜਦੋਂ ਆਪਣਾ ਕਾਰਡ ਕੱਢਿਆ ਤਾਂ ਕਾਊਂਟਰ 'ਤੇ ਮੌਜੂਦ ਵਿਅਕਤੀ ਨੇ ਉਨ੍ਹਾਂ ਨੂੰ ਕੈਸ਼ 'ਚ ਪੇਮੈਂਟ ਕਰਨ ਦੀ ਸਲਾਹ ਦਿੱਤੀ ਤਾਂ ਕਿ ਟੈਕਸ ਤੋਂ ਬਚਿਆ ਜਾ ਸਕੇ। 
ਕੁਝ ਹੀ ਦੂਰੀ 'ਤੇ ਸਥਿਤ ਲੋਕਨਾਇਕ ਭਵਨ ਜਿੱਥੇ ਕਈ ਇਲੈਕਟ੍ਰੀਕਲ ਦੁਕਾਨਾਂ ਹਨ, ਦੇ ਕਾਰੋਬਾਰੀ ਅਕਸਰ ਗਾਹਕਾਂ ਨੂੰ 28 ਫ਼ੀਸਦੀ ਲੇਵੀ ਤੋਂ ਬਚਣ ਲਈ ਕੈਸ਼ 'ਚ ਹੀ ਪੇਮੈਂਟ ਕਰਨ ਲਈ ਕਹਿੰਦੇ ਹਨ। ਦਿੱਲੀ ਦੇ ਇਸ ਹਾਈਪ੍ਰੋਫਾਈਲ ਇਲਾਕੇ 'ਚ ਸਥਿਤ ਫੋਟੋ ਸਟੂਡੀਓਜ਼ ਅਤੇ ਹੋਰ ਆਊਟਲੈੱਟਸ 'ਤੇ ਵੀ ਕੈਸ਼ 'ਚ ਹੀ ਪੇਮੈਂਟ ਲਈ ਕਿਹਾ ਜਾਂਦਾ ਹੈ। ਇਹ ਮਾਰਕੀਟ ਵਿੱਤ ਮੰਤਰਾਲਾ ਦੇ ਨਾਰਥ ਬਲਾਕ ਤੋਂ ਕੁਝ ਹੀ ਦੂਰੀ 'ਤੇ ਸਥਿਤ ਹੈ। ਜੀ. ਐੱਸ. ਟੀ. ਦਾ ਐਲਾਨ ਕਰਨ ਵੇਲੇ ਭਾਵੇਂ ਪੀ. ਐੱਮ. ਮੋਦੀ ਨੇ ਕਿਹਾ ਸੀ ਕਿ ਇਸ ਵਿਵਸਥਾ ਤੋਂ ਬਾਅਦ ਕੱਚੇ-ਪੱਕੇ ਬਿੱਲ ਦੀ ਵਿਵਸਥਾ ਖਤਮ ਹੋ ਜਾਵੇਗੀ ਪਰ ਜ਼ਮੀਨੀ ਤੌਰ 'ਤੇ ਬਹੁਤ ਕੁਝ ਬਦਲਿਆ ਨਹੀਂ ਹੈ।