ਯੈੱਸ ਬੈਂਕ ’ਚ ਅਜੇ 23 ਫ਼ੀਸਦੀ ਹੋਰ ਗਿਰਾਵਟ ਦਾ ਖਦਸ਼ਾ

08/23/2019 12:04:33 PM

ਨਵੀਂ ਦਿੱਲੀ —  ਨਿੱਜੀ ਸੈਕਟਰ ਦੇ ਲੈਂਡਰ ਯੈੱਸ ਬੈਂਕ ਦੇ ਸ਼ੇਅਰਾਂ ’ਚ ਗਿਰਾਵਟ ਦਾ ਜੋ ਸਿਲਸਿਲਾ ਇਸ ਸਾਲ ਸ਼ੁਰੂ ਹੋਇਆ ਸੀ, ਉਹ ਅਜੇ ਤੱਕ ਜਾਰੀ ਹੈ। ਅੱਜ ਯੈੱਸ ਬੈਂਕ ਦਾ ਸ਼ੇਅਰ ਇਕ ਵੇਲੇ ਲਗਭਗ 7.34 ਫ਼ੀਸਦੀ ਟੁੱਟ ਕੇ 60.6 ਰੁਪਏ ਦੇ ਭਾਅ ’ਤੇ ਆ ਗਿਆ ਜੋ ਲਗਭਗ ਸਾਢੇ 5 ਸਾਲਾਂ ਦਾ ਸਭ ਤੋਂ ਨੀਵਾਂ ਪੱਧਰ ਹੈ। ਇਸ ਤੋਂ ਪਹਿਲਾਂ ਮਾਰਚ 2014 ’ਚ ਸ਼ੇਅਰ ਨੇ ਇਹ ਪੱਧਰ ਵੇਖਿਆ ਸੀ। ਮੌਜੂਦਾ ਪੱਧਰ ਤੋੋਂ ਸ਼ੇਅਰ ’ਚ 23 ਫ਼ੀਸਦੀ ਹੋਰ ਗਿਰਾਵਟ ਆ ਸਕਦੀ ਹੈ।

ਟੈਕਨੀਕਲ ਚਾਰਟ ਵੇਖੀਏ ਤਾਂ ਯੈੱਸ ਬੈਂਕ ਦਾ ਸ਼ੇਅਰ 52.38 ਤੋਂ 47.01 ਰੁਪਏ ਤੱਕ ਟੁੱਟ ਸਕਦਾ ਹੈ। ਯਾਨੀ ਮੌਜੂਦਾ ਪੱਧਰ ਤੋਂ ਸ਼ੇਅਰ ’ਚ ਲਗਭਗ 23 ਫ਼ੀਸਦੀ ਹੋਰ ਗਿਰਾਵਟ ਵੇਖੀ ਜਾ ਸਕਦੀ ਹੈ। ਸ਼ੇਅਰ ਪਹਿਲਾਂ ਹੀ ਆਪਣਾ 70.04 ਰੁਪਏ ਦਾ ਸਪੋਰਟ ਲੈਵਲ ਬ੍ਰੇਕ ਕਰ ਚੁੱਕਾ ਹੈ ਅਤੇ ਹੁਣ 52.38 ਤੋਂ 47.01 ਦੇ ਪੱਧਰ ਵੱਲ ਮੂਵ ਕਰ ਰਿਹਾ ਹੈ। ਹਾਲਾਂਕਿ ਇਹ ਕੁਰੈਕਸ਼ਨ ਦਾ ਆਖਰੀ ਦੌਰ ਹੋਵੇਗਾ। 52.38 ਤੋਂ 47.01 ਦੇ ਪੱਧਰ ’ਤੇ ਪੁੱਜਣ ਤੋਂ ਬਾਅਦ ਸ਼ੇਅਰ ’ਚ ਤੇਜ਼ੀ ਆਉਣੀ ਸ਼ੁਰੂ ਹੋਵੇਗੀ।

1 ਸਾਲ ’ਚ ਡੁੱਬੇ 79,470 ਕਰੋਡ਼

ਰਿਕਾਰਡ ਹਾਈ ਤੋਂ ਹੁਣ ਤੱਕ ਦੀ ਗੱਲ ਕਰੀਏ ਤਾਂ ਯੈੱਸ ਬੈਂਕ ਦੇ ਮਾਰਕੀਟ ਕੈਪ ’ਚ ਲਗਭਗ 79,470 ਕਰੋਡ਼ ਰੁਪਏ ਦੀ ਗਿਰਾਵਟ ਆ ਚੁੱਕੀ ਹੈ। 20 ਅਗਸਤ 2019 ਨੂੰ ਬੈਂਕ ਦਾ ਮਾਰਕੀਟ ਕੈਪ 95,000 ਕਰੋਡ਼ ਰੁਪਏ ਸੀ ਜੋ 22 ਅਗਸਤ ਤੱਕ ਘਟ ਕੇ 15,531 ਕਰੋਡ਼ ਰੁਪਏ ਰਹਿ ਗਿਆ, ਯਾਨੀ 1 ਸਾਲ ਦੇ ਘੱਟ ਸਮੇਂ ’ਚ ਨਿਵੇਸ਼ਕਾਂ ਦੀ ਦੌਲਤ ਲਗਭਗ 5.5 ਗੁਣਾ ਜਾਂ 79,470 ਕਰੋਡ਼ ਰੁਪਏ ਘੱਟ ਹੋ ਗਈ। ਇਸ ਲਿਹਾਜ਼ ਨਾਲ ਔਸਤ ਕੱਢੀਏ ਤਾਂ 20 ਅਗਸਤ ਦੇ ਬਾਅਦ ਤੋਂ ਬੈਂਕ ਨੇ ਰੋਜ਼ 215 ਕਰੋਡ਼ ਦੌਲਤ ਡੁਬੋ ਦਿੱਤੀ ਹੈ।