ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਇਕ ਹੋਰ ਮਾਮਲੇ ''ਚ ਗ੍ਰਿਫਤਾਰ

01/27/2021 10:45:54 PM

ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਯੈੱਸ ਬੈਂਕ ਦੇ ਸਹਿ-ਪ੍ਰਮੋਟਰ ਰਾਣਾ ਕਪੂਰ ਨੂੰ ਤਾਜ਼ਾ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਹੈ। 

ਮੀਡੀਆ ਰਿਪੋਰਟਾਂ ਮੁਤਾਬਕ, ਇਹ ਮਾਮਲਾ ਮਹਾਰਾਸ਼ਟਰ ਵਿਚ ਪੀ. ਐੱਮ. ਸੀ. ਬੈਂਕ ਵਿਚ 4,300 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਨਾਲ ਜੁੜਿਆ ਹੈ। ਕੂਪਰ ਫਿਲਹਾਲ ਨਿਆਂਇਕ ਹਿਰਾਸਤ ਵਿਚ ਹੈ। ਕੇਂਦਰੀ ਜਾਂਚ ਏਜੰਸੀ ਨੇ ਪਿਛਲੇ ਸਾਲ ਮਾਰਚ ਵਿਚ 63 ਸਾਲਾ ਕਪੂਰ ਨੂੰ ਵਿੱਤੀ ਗੜਬੜੀਆਂ ਅਤੇ ਯੈੱਸ ਬੈਂਕ ਵੱਲੋਂ ਕਈ ਵੱਡੇ ਕਰਜ਼ਦਾਰਾਂ ਨੂੰ ਦਿੱਤੇ ਗਏ ਕਰਜ਼ ਬਦਲੇ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਲੀ ਰਿਸ਼ਵਤ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ।

ਰਿਪੋਰਟਾਂ ਮੁਤਾਬਕ, ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ ਵਿਸ਼ੇਸ਼ ਪੀ. ਐੱਮ. ਐੱਲ. ਏ. ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ ਦੂਜੇ ਮਨੀ ਲਾਂਡਰਿੰਗ ਮਾਮਲੇ ਵਿਚ 30 ਜਨਵਰੀ ਤੱਕ ਈ. ਡੀ. ਦੀ ਹਿਰਾਸਤ ਵਿਚ ਭੇਜ ਦਿੱਤਾ। ਰਿਪੋਰਟਾਂ ਦਾ ਕਹਿਣਾ ਹੈ ਕਿ ਕੇਂਦਰੀ ਜਾਂਚ ਏਜੰਸੀ ਨੇ ਪੰਜਾਬ ਅਤੇ ਮਹਾਰਾਸ਼ਟਰ ਕੋ-ਆਪਰੇਟਿਵ (ਪੀ. ਐੱਮ. ਸੀ.) ਬੈਂਕ ਵਿਚ ਕਥਿਤ ਕਰਜ਼ ਧੋਖਾਧੜੀ ਜਾਂਚ ਮਾਮਲੇ ਵਿਚ ਅਕਤੂਬਰ 2019 ਵਿਚ ਮਨੀ ਲਾਂਡਰਿੰਗ ਦਾ ਅਪਰਾਧਿਕ ਮਾਮਲਾ ਦਰਜ ਕੀਤਾ ਸੀ। ਇਹ ਮਾਮਲਾ ਹਾਊਸਿੰਗ ਡਿਵੈਲਪਮੈਂਟ ਇੰਫਰਾਸਟ੍ਰਕਚਰ ਲਿਮਟਿਡ (ਐੱਚ. ਆਈ. ਐੱਲ.), ਉਸ ਦੇ ਪ੍ਰਮੋਟਰਾਂ ਰਾਕੇਸ਼ ਕੁਮਾਰ ਵਧਾਵਨ, ਉਨ੍ਹਾਂ ਦੇ ਬੇਟੇ ਸਾਰੰਗ ਵਧਾਵਨ, ਬੈਂਕ ਦੇ ਸਾਬਕਾ ਚੇਅਰਮੈਨ ਵਾਰਯਾਮ ਸਿੰਘ ਅਤੇ ਸਾਬਕਾ ਪ੍ਰਬੰਧਕ ਨਿਰਦੇਸ਼ਕ ਜਾਇ ਥਾਮਸ ਖਿਲਾਫ ਦਰਜ ਕੀਤਾ ਗਿਆ ਹੈ।

Sanjeev

This news is Content Editor Sanjeev