ਥੋਕ ਮਹਿੰਗਾਈ ਵਧੀ, ਸਤੰਬਰ ’ਚ 1.32 ਫੀਸਦੀ ’ਤੇ ਪਹੁੰਚੀ

10/14/2020 7:55:43 PM

ਨਵੀਂ ਦਿੱਲੀ– ਖੁਰਾਕ ਵਸਤਾਂ ਦੀਆਂ ਕੀਮਤਾਂ ’ਚ ਤੇਜ਼ੀ ਕਾਰਣ ਥੋਕ ਕੀਮਤਾਂ ’ਤੇ ਆਧਾਰਤ ਮਹਿੰਗਾਈ ਸਤੰਬਰ 2020 ’ਚ ਵਧ ਕੇ 1.32 ਫੀਸਦੀ ਹੋ ਗਈ। ਅੱਜ ਜਾਰੀ ਅਧਿਕਾਰਕ ਅੰਕੜਿਆਂ ਮੁਤਾਬਕ,‘‘ਮਹੀਨਾਵਰ ਡਬਲਯੂ. ਪੀ. ਆਈ. (ਥੋਕ ਮੁੱਲ ਸੂਚਕ ਅੰਕ) ਉੱਤੇ ਆਧਾਰਿਤ ਮਹਿੰਗਾਈ ਦੀ ਸਾਲਾਨਾ ਦਰ ਸਤੰਬਰ ’ਚ 1.32 ਫੀਸਦੀ ਰਹੀ ਜੋ ਪਿਛਲੇ ਸਾਲ ਦੀ ਸਮਾਨ ਮਿਆਦ ’ਚ 0.33 ਫੀਸਦੀ ਸੀ।’’

ਥੋਕ ਕੀਮਤਾਂ ’ਤੇ ਆਧਾਰਿਤ ਮਹਿੰਗਾਈ ਅਗਸਤ ’ਚ 0.16 ਫੀਸਦੀ ਸੀ। ਇਸ ਤੋਂ ਪਹਿਲਾਂ ਡਬਲਯੂ. ਪੀ. ਆਈ. ’ਤੇ ਆਧਾਰਿਤ ਮਹਿੰਗਾਈ ਲਗਾਤਾਰ 4 ਮਹੀਨੇ ’ਚ ਨਕਾਰਾਤਮਕ (ਅਪ੍ਰੈਲ ’ਚ ਨਕਾਰਤਮਕ 1.57 ਫੀਸਦੀ, ਮਈ ’ਚ ਨਕਾਰਾਤਮਕ 3.37 ਫੀਸਦੀ, ਜੂਨ ’ਚ ਨਕਾਰਾਤਮਕ 1.81 ਫੀਸਦੀ ਅਤੇ ਜੁਲਾਈ ’ਚ ਨਕਾਰਤਮਕ 0.58) ਫੀਸਦੀ ਸੀ।


ਵਣਜ ਅਤੇ ਉਦਯੋਗ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਖਾਣ ਵਾਲੀਆਂ ਵਸਤਾਂ ਦੀ ਮਹਿੰਗਾਈ 8.17 ਫੀਸਦੀ ਰਹੀ, ਜਦੋਂ ਕਿ ਅਗਸਤ ’ਚ ਇਹ 3.84 ਫੀਸਦੀ ਸੀ। ਸਮੀਖਿਆ ਅਧੀਨ ਮਿਆਦ ’ਚ ਅਨਾਜ ਦੀਆਂ ਕੀਮਤਾਂ ’ਚ ਗਿਰਾਵਟ ਆਈ, ਜਦੋਂ ਕਿ ਦਾਲਾਂ ਮਹਿੰਗੀਆਂ ਹੋਈਆਂ। ਇਸ ਦੌਰਾਨ ਸਬਜ਼ੀਆਂ ਦੇ ਮਹਿੰਗਾ ਹੋਣ ਦੀ ਦਰ 36.54 ਫੀਸਦੀ ਦੇ ਉੱਚ ਪੱਧਰ ’ਤੇ ਸੀ। ਆਲੂ ਦੀ ਕੀਮਤ ਇਕ ਸਾਲ ਪਹਿਲਾਂ ਦੇ ਮੁਕਾਬਲੇ 107.63 ਫੀਸਦੀ ਵੱਧ ਸੀ, ਹਾਲਾਂਕਿ ਪਿਆਜ਼ ਦੀਆਂ ਕੀਮਤਾਂ ’ਚ ਕੁਝ ਗਿਰਾਵਟ ਦੇਖਣ ਨੂੰ ਮਿਲੀ।

Sanjeev

This news is Content Editor Sanjeev