ਨੋਟਬੰਦੀ-GST ਦਾ ਨਹੀਂ ਹੁਣ ਅਸਰ, 7.3 ਫੀਸਦੀ ਰਹੇਗੀ ਗ੍ਰੋਥ : ਵਿਸ਼ਵ ਬੈਂਕ

04/17/2018 10:34:47 AM

ਨਵੀਂ ਦਿੱਲੀ— ਭਾਰਤ ਦੀ ਅਰਥਵਿਵਸਥਾ ਆਉਣ ਵਾਲੇ ਦਿਨਾਂ 'ਚ ਮਜ਼ਬੂਤ ਹੋਵੇਗੀ, ਜੋ ਕਿ ਮੋਦੀ ਸਰਕਾਰ ਲਈ ਚੰਗੀ ਖਬਰ ਹੈ। ਵਿਸ਼ਵ ਬੈਂਕ ਦਾ ਅੰਦਾਜ਼ਾ ਹੈ ਕਿ ਚਾਲੂ ਮਾਲੀ ਵਰ੍ਹੇ 2018-19 ਦੌਰਾਨ ਭਾਰਤ ਦੀ ਵਿਕਾਸ ਦਰ 7.3 ਫੀਸਦੀ ਰਹੇਗੀ ਅਤੇ ਅਗਲੇ ਵਿੱਤੀ ਸਾਲ 2019-20 'ਚ ਇਹ ਵਧ ਕੇ 7.5 ਫੀਸਦੀ ਤਕ ਪਹੁੰਚ ਜਾਵੇਗੀ। ਵਿਸ਼ਵ ਬੈਂਕ ਨੇ ਕਿਹਾ ਕਿ ਦੱਖਣੀ ਏਸ਼ੀਆਈ ਖੇਤਰ 'ਚ ਆਰਥਿਕ ਸੁਧਾਰ ਭਾਰਤ ਕਾਰਨ ਹੋ ਰਿਹਾ ਹੈ।
ਵਿਸ਼ਵ ਬੈਂਕ ਨੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਹੁਣ ਨੋਟਬੰਦੀ ਅਤੇ ਜੀ. ਐੱਸ. ਟੀ. ਦੇ ਪ੍ਰਭਾਵਾਂ 'ਚੋਂ ਨਿਕਲ ਚੁੱਕੀ ਹੈ। ਉਸ ਨੇ ਇਹ ਵੀ ਕਿਹਾ ਕਿ ਭਾਰਤ ਨੂੰ ਬੇਰੁਜ਼ਗਾਰੀ 'ਤੇ ਲਗਾਮ ਲਾਉਣ ਦੀ ਜ਼ਰੂਰਤ ਹੈ। ਆਪਣੀ ਰਿਪੋਰਟ 'ਚ ਵਿਸ਼ਵ ਬੈਂਕ ਨੇ ਕਿਹਾ ਕਿ ਭਾਰਤ 'ਚ ਹਰ ਮਹੀਨੇ 13 ਲੱਖ ਨਵੇਂ ਲੋਕ ਕਾਮਿਆਂ ਦੀ ਸੂਚੀ 'ਚ ਸ਼ਾਮਲ ਹੁੰਦੇ ਹਨ ਅਤੇ ਭਾਰਤ ਨੂੰ ਰੁਜ਼ਗਾਰ ਦੀ ਦਰ ਨੂੰ ਬਣਾਈ ਰੱਖਣ ਲਈ ਹਰ ਸਾਲ 81 ਲੱਖ ਨਵੇਂ ਰੁਜ਼ਗਾਰ ਪੈਦਾ ਕਰਨ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਉਸ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਭਾਰਤ ਨੂੰ ਨਿਵੇਸ਼ ਅਤੇ ਬਰਾਮਦ ਵਧਾਉਣੀ ਚਾਹੀਦੀ ਹੈ, ਤਾਂ ਕਿ ਗਲੋਬਲ ਗ੍ਰੋਥ ਦਾ ਫਾਇਦਾ ਉਠਾਇਆ ਜਾ ਸਕੇ।
ਵਿੱਤੀ ਸਾਲ 2018-19 'ਚ ਦੇਸ਼ ਦੀ ਵਿਕਾਸ ਦਰ 7.3 ਫੀਸਦੀ ਰਹਿਣ ਦਾ ਅਨੁਮਾਨ ਭਾਰਤ ਲਈ ਖੁਸ਼ਖਬਰੀ ਹੈ। ਹਾਲਾਂਕਿ ਭਾਰਤ ਨੂੰ ਰੁਜ਼ਗਾਰ ਸਿਰਜਣ 'ਤੇ ਵੀ ਜ਼ਿਆਦਾ ਗੌਰ ਕਰਨਾ ਹੋਵੇਗਾ। ਉਧਰ ਮੌਸਮ ਵਿਭਾਗ ਨੇ ਵੀ ਇਸ ਵਾਰ ਮਾਨਸੂਨ ਚੰਗਾ ਰਹਿਣ ਦਾ ਅਨੁਮਾਨ ਜਤਾਇਆ ਹੈ, ਜਿਸ ਨਾਲ ਬੰਪਰ ਪੈਦਾਵਾਰ ਹੋਵੇਗੀ। ਸੋਮਵਾਰ ਨੂੰ ਮੌਸਮ ਵਿਭਾਗ ਨੇ ਕਿਹਾ ਕਿ ਜੂਨ ਤੋਂ ਸਤੰਬਰ ਵਿਚਕਾਰ ਮਾਨਸੂਨ ਆਮ ਰਹਿਣ ਦੀ ਸੰਭਾਵਨਾ ਹੈ। ਜੇਕਰ ਮਾਨਸੂਨ ਅਨੁਮਾਨਾਂ ਮੁਤਾਬਕ ਸਹੀ ਰਹਿੰਦਾ ਹੈ, ਤਾਂ ਇਹ ਅਰਥਵਿਵਸਥਾ ਲਈ ਬਹੁਤ ਉਤਸ਼ਾਹਜਨਕ ਹੋਵੇਗਾ।