ਹਵਾ ਹੋਏ ਰੁਜ਼ਗਾਰ ਦੇ ਦਾਅਵੇ, ਇਸ ਸਾਲ ਵਧੇਗੀ ਬੇਰੁਜ਼ਗਾਰਾਂ ਦੀ ਫੌਜ, ਪਡ਼੍ਹੋ ਇਹ ਰਿਪੋਰਟ

05/24/2017 7:26:09 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਜ਼ਿਆਦਾਤਰ ਸੈਕਟਰ ''ਚ ਹਵਾ ਹੋ ਗਏ ਹਨ। ਪਿਛਲੇ ਇਕ ਦਹਾਕੇ ਤੋਂ ਭਾਰਤੀ ਹੁਨਰਮੰਦਾਂ ਲਈ ਅੱਗੇ ਰਹੀਆਂ ਸੂਚਨਾ ਤਕਨਾਲੋਜੀ (ਆਈ. ਟੀ.) ਕੰਪਨੀਆਂ ''ਚ ਹੁਣ ਹਵਾ ਬਦਲ ਰਹੀ ਹੈ। ਹਾਲ ਹੀ ''ਚ ਇਨਫੋਸਿਸ ਦੇ ਵਿਸ਼ਾਲ ਸਿੱਕਾ ਨੇ ਕਿਹਾ ਹੈ ਕਿ ਉਹ ਅਗਲੇ 2 ਸਾਲਾਂ ''ਚ 10 ਹਜ਼ਾਰ ਅਮਰੀਕੀ ਲੋਕਾਂ ਨੂੰ ਨੌਕਰੀ ਦੇਣਗੇ। ਇਕ ਪਾਸੇ ਇਨਫੋਸਿਸ ਵਰਗੀਆਂ ਕੰਪਨੀਆਂ ਅਮਰੀਕਾ ''ਚ ਨਵੀਆਂ ਭਰਤੀਆਂ ''ਤੇ ਜ਼ੋਰ ਦੇ ਰਹੀਆਂ ਹਨ, ਉੱਥੇ ਹੀ ਦੇਸ਼ ''ਚ ਕਈ ਕੰਪਨੀਆਂ ਆਪਣੇ ਕਰਮਚਾਰੀਆਂ ਦੀ ਛੁੱਟੀ ਕਰ ਰਹੀਆਂ ਹਨ। ਕੋਲਕਾਤਾ ਦੇ ਇਸ਼ਾਨ ਬੈਨਰਜ਼ੀ ਉਨ੍ਹਾਂ ਆਈ. ਟੀ. ਪੇਸ਼ੇਵਰਾਂ ''ਚੋਂ ਇਕ ਹਨ, ਜਿਨ੍ਹਾਂ ਨੂੰ 6 ਸਾਲ ਬਾਅਦ ਕੈਪਜੇਮਨੀ ਨੇ ਨੌਕਰੀ ਤੋਂ ਅਚਾਨਕ ਕੱਢ ਦਿੱਤਾ। ਇਸ਼ਾਨ ਵਰਗੇ ਹਜ਼ਾਰਾਂ ਦੀ ਨੌਕਰੀ ''ਤੇ ਤਲਵਾਰ ਲਟਕ ਰਹੀ ਹੈ। ਵਿਪਰੋ, ਇਨਫੋਸਿਸ, ਕਾਗਨੀਜੈਂਟ, ਟੈਕ ਮਹਿੰਦਰਾ ਅਤੇ ਆਈ. ਬੀ. ਐੱਮ. ਵਰਗੀਆਂ ਦਿੱਗਜ਼ ਕੰਪਨੀਆਂ ''ਚ ਹਜ਼ਾਰਾਂ ਕਰਮਚਾਰੀਆਂ ਦੀ ਛੰਟਨੀ ਦੀ ਖਬਰ ਹੈ। ਹੈਡ ਹੰਟਰਸ ਇੰਡੀਆ ਦੇ ਅੰਦਾਜ਼ੇ ਮੁਤਾਬਕ ਅਗਲੇ 3 ਸਾਲ ''ਚ ਆਈ. ਟੀ. ਕੰਪਨੀਆਂ ''ਚ 5-6 ਲੱਖ ਕਰਮਚਾਰੀ ਬੇਕਾਰ ਹੋ ਸਕਦੇ ਹਨ। ਹਾਲਾਂਕਿ ਨੈਸਕਾਮ ਨੇ ਇਸ ਅੰਦਾਜ਼ੇ ਨੂੰ ਨਾਕਾਰ ਦਿੱਤਾ ਹੈ। ਰੁਜ਼ਗਾਰ ''ਚ ਅਹਿਮ ਯੋਗਦਾਨ ਨਿਰਮਾਣ ਸੈਕਟਰ ਦਾ ਹੁੰਦਾ ਹੈ ਪਰ ਇਸ ਨੂੰ ਰਫਤਾਰ ਦੇਣ ਦੇ ਮਕਸਦ ਨਾਲ ਲਾਂਚ ਮੇਕ ਇਨ ਇੰਡੀਆ ਦਾ ਬੱਬਰ ਸ਼ੇਰ ਅਜੇ ਤਕ ਦਹਾੜ ਨਹੀਂ ਸਕਿਆ ਹੈ।

ਅਸਤੀਫੇ ਦਾ ਦਬਾਅ, ਯੂਨੀਅਨਾਂ ਦਾ ਸਹਾਰਾ

ਆਈ. ਟੀ. ਕੰਪਨੀਆਂ ਦੇ ਕਰਮਚਾਰੀ ਭਾਰੀ ਗਿਣਤੀ ''ਚ ਇੱਕਠੇ ਹੋ ਕੇ ਹੁਣ ਯੂਨੀਅਨਾਂ ਕੋਲ ਜਾਣ ਲੱਗੇ ਹਨ। ਉਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੀਆਂ ਕੰਪਨੀਆਂ ਕਰਮਚਾਰੀਆਂ ਦੀ ਗਿਣਤੀ ਘਟਾਉਣਾ ਚਾਹੁੰਦੀਆਂ ਹਨ ਅਤੇ ਉਨ੍ਹਾਂ ''ਤੇ ਅਸਤੀਫਾ ਦੇਣ ਦਾ ਦਬਾਅ ਬਣਾ ਰਹੀਆਂ ਹਨ। ਇਸ ਤੋਂ ਇਲਾਵਾ ਵਿਪਰੋ, ਕਾਗਨੀਜੈਂਟ ਅਤੇ ਇਨਫੋਸਿਸ ਵਰਗੀਆਂ ਕੰਪਨੀਆਂ ''ਚੋਂ ਕੱਢੇ ਗਏ ਕਰਮਚਾਰੀ ਜਲਦ ਹੀ ਇਕਜੁੱਟ ਹੋ ਕੇ ਅਦਾਲਤ ਜਾਣ ਵਾਲੇ ਹਨ।

ਲੋਕਲ ਅਤੇ ਮਲਟੀਨੈਸ਼ਨਲ ਆਈ. ਟੀ. ਕੰਪਨੀਆਂ ਵੱਲੋਂ ਕੱਢੇ ਗਏ ਇਨ੍ਹਾਂ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਕੰਪਨੀਆਂ ਨੇ ਉਨ੍ਹਾਂ ''ਤੇ ਅਸਤੀਫੇ ਦੇਣ ਦਾ ਦਬਾਅ ਪਾਇਆ ਸੀ, ਜਦੋਂ ਕਿ ਉਹ ਖੁਦ ਨੌਕਰੀ ਛੱਡਣਾ ਨਹੀਂ ਚਾਹੁੰਦੇ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਕੰਪਨੀਆਂ ਨੂੰ ਛਾਂਟੀ ਸਮੇਂ ਦਿੱਤਾ ਜਾਣ ਵਾਲਾ ਮੁਆਵਜ਼ਾ ਨਾ ਦੇਣਾ ਪਵੇ। ਅਜਿਹਾ ਨਹੀਂ ਹੈ ਕਿ ਸਿਰਫ ਆਈ. ਟੀ. ਕੰਪਨੀਆਂ ''ਚੋਂ ਹੀ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ। ਬਹੁਤ ਸਾਰੀਆਂ ਕੰਪਨੀਆਂ ਆਪਣੇ ਪੁਰਾਣੇ ਕਰਮਚਾਰੀਆਂ ਨੂੰ ਕੱਢਣ ਲਈ ਵੱਖ-ਵੱਖ ਹੱਥਕੰਢੇ ਅਪਣਾ ਰਹੀਆਂ ਹਨ। ਜੇਕਰ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਇਸ ਬਾਰੇ ਜਲਦ ਕੋਈ ਕਦਮ ਨਾ ਚੁੱਕਿਆ ਤਾਂ ਕਈ ਲੋਕ ਬੇਰੁਜ਼ਗਾਰ ਹੋ ਜਾਣਗੇ।