COVID-19 ਲਾਕਡਾਊਨ 'ਚ ਸੋਨੇ ਦਾ ਚੜ੍ਹ ਰਿਹੈ ਪਾਰਾ, 50 ਹਜ਼ਾਰ ਨੂੰ ਕਰ ਸਕਦਾ ਹੈ ਟੱਚ

04/18/2020 4:15:41 PM

ਨਵੀਂ ਦਿੱਲੀ— ਗਲੋਬਲ ਅਰਥਵਿਵਸਥਾ 'ਚ ਮੰਦੀ ਦੇ ਖਦਸ਼ੇ ਤੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਸੋਨਾ ਲਗਾਤਾਰ ਰਿਕਾਰਡ ਤੋੜ ਰਿਹਾ ਹੈ। ਕੋਰੋਨਾ ਵਾਇਰਸ ਸੰਕਟ ਨੇ ਜਦੋਂ ਦੀ ਦਸਤਕ ਦਿੱਤੀ ਹੈ, ਉਦੋਂ ਤੋਂ ਹੀ ਇਕੁਇਟੀ ਬਾਜ਼ਾਰਾਂ 'ਚ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ, ਜਦੋਂ ਕਿ ਇਸ ਦੇ ਉਲਟ ਸੋਨੇ 'ਚ ਚੰਗੀ ਤੇਜ਼ੀ ਦੇਖਣ ਨੂੰ ਮਿਲੀ ਹੈ। ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ ਮਈ 2019 'ਚ 1,250 ਡਾਲਰ ਪ੍ਰਤੀ ਔਂਸ ਸੀ, ਜੋ ਹੁਣ ਤਕਰੀਬਨ 1,700 ਡਾਲਰ ਪ੍ਰਤੀ ਔਂਸ ਹੋ ਗਈ ਹੈ। ਉੱਥੇ ਹੀ, ਇਸ ਦੌਰਾਨ ਭਾਰਤ 'ਚ ਸੋਨਾ ਲਗਭਗ 32,000 ਰੁਪਏ ਪ੍ਰਤੀ 10 ਗ੍ਰਾਮ ਤੋਂ ਉਪਰ ਨਿਕਲ ਕੇ ਹੁਣ ਤਕਰੀਬਨ 46,800 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਚੁੱਕਾ ਹੈ, ਯਾਨੀ ਇਕ ਸਾਲ ਤੋਂ ਵੀ ਘੱਟ ਸਮੇਂ 'ਚ ਨਿਵੇਸ਼ਕਾਂ ਨੂੰ ਲਗਭਗ 45 ਫੀਸਦੀ ਰਿਟਰਨ ਦੇ ਚੁੱਕਾ ਹੈ ਜਾਂ ਕਹਿ ਲਓ ਮਹਿੰਗਾ ਹੋ ਚੁੱਕਾ ਹੈ। ਬਾਜ਼ਾਰ ਮਾਹਰਾਂ ਮੁਤਾਬਕ, ਗਲੋਬਲ ਮੰਦੀ ਦੇ ਡਰ ਕਾਰਨ ਭਾਰਤ 'ਚ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 50,000 ਰੁਪਏ ਤੱਕ ਜਾ ਸਕਦੀ ਹੈ।


ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 'ਚ ਗਿਰਾਵਟ ਕਾਰਨ ਵੀ ਸੋਨੇ ਦੀਆਂ ਕੀਮਤਾਂ ਨੂੰ ਸਮਰਥਨ ਮਿਲ ਰਿਹਾ ਹੈ। ਪਿਛਲੇ ਸਾਲ ਸਤੰਬਰ ਤੋਂ ਭਾਰਤੀ ਕਰੰਸੀ ਡਾਲਰ ਦੇ ਮੁਕਾਬਲੇ 7 ਫੀਸਦੀ ਟੁੱਟ ਚੁੱਕੀ ਹੈ। ਸ਼ੁੱਕਰਵਾਰ ਨੂੰ ਭਾਰਤੀ ਰੁਪਿਆ ਡਾਲਰ ਦੇ ਮੁਕਾਬਲੇ 76.39 ਦੇ ਪੱਧਰ 'ਤੇ ਬੰਦ ਹੋਇਆ ਹੈ, ਜੋ ਪਿਛਲੇ ਸਾਲ 70-72 ਦੀ ਰੇਂਜ 'ਚ ਸੀ।



ਕਿਉਂ ਵੱਧ ਰਹੀਆਂ ਹਨ ਸੋਨੇ ਦੀਆਂ ਕੀਮਤਾਂ-
ਸੋਨੇ ਦੀਆਂ ਕੀਮਤਾਂ 'ਚ ਪਿਛਲੇ ਸਾਲ ਮਈ ਤੋਂ ਤੇਜ਼ੀ ਹੈ। ਹਾਲਾਂਕਿ ਭਾਵੇਂ ਹੀ ਵਿਚ-ਵਿਚਕਾਰ ਇਸ 'ਚ ਹਲਕੀ-ਫੁਲਕੀ ਗਿਰਾਵਟ ਆਈ ਹੋਵੇ ਪਰ ਕੀਮਤਾਂ ਉੱਚ ਪੱਧਰ 'ਤੇ ਹੀ ਹਨ। ਬੀਤੇ ਸਾਲ ਸੋਨੇ ਚ ਉਛਾਲ ਇਸ ਲਈ ਸ਼ੁਰੂ ਹੋਇਆ ਕਿਉਂਕਿ ਆਰਥਿਕ ਸੰਕੇਤਾਂ ਦੇ ਆਧਾਰ 'ਤੇ ਕੁਝ ਰਿਪੋਰਟਾਂ ਆਈਆਂ ਕਿ ਸਾਲ 2008 ਦੇ ਵਿੱਤੀ ਸੰਕਟ ਤੋਂ 11 ਸਾਲਾਂ ਬਾਅਦ ਅਮਰੀਕੀ ਅਰਥਵਿਵਸਥਾ ਇਕ ਹੋਰ ਮੰਦੀ 'ਚ ਦਾਖਲ ਹੋ ਸਕਦੀ ਹੈ। ਮੰਦੀ ਦੇ ਇਸ ਖਦਸ਼ੇ ਕਾਰਨ ਸੋਨੇ 'ਚ ਤੇਜ਼ੀ ਸ਼ੁਰੂ ਹੋਈ, ਜਦੋਂ ਕਿ ਹੁਣ ਕੋਵਿਡ-19 ਕਾਰਨ ਵਿਸ਼ਵ ਭਰ 'ਚ ਲਾਕਡਾਊਨ ਕਾਰਨ ਸੋਨੇ ਨੂੰ ਹੋਰ ਹਵਾ ਮਿਲ ਗਈ। ਦਰਅਸਲ, ਜਦੋਂ ਵੀ ਮੰਦੀ ਦਾ ਖਦਸ਼ਾ ਹੁੰਦਾ ਹੈ, ਨਿਵੇਸ਼ਕ ਸਟਾਕ ਬਾਜ਼ਾਰਾਂ 'ਚ ਹੋਣ ਵਾਲੇ ਨੁਕਾਸਨ ਦੀ ਭਰਪਾਈ ਲਈ ਸੋਨੇ ਦਾ ਰੁਖ਼ ਕਰਨ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਪਿਛਲੇ ਦੋ ਸਾਲਾਂ ਦੌਰਾਨ ਚੀਨ ਤੇ ਰੂਸ ਸਮੇਤ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ ਵੀ ਸੋਨੇ ਦੀ ਖਰੀਦਦਾਰੀ ਕੀਤੀ, ਜਿਸ ਨਾਲ ਕੀਮਤਾਂ ਨੂੰ ਸਮਰਥਨ ਮਿਲਿਆ।

ਨਿਵੇਸ਼ਕ ਅਨਿਸ਼ਚਿਤਤਾ ਦੇ ਮਾਹੌਲ 'ਚ ਸੋਨੇ ਦੀ ਖਰੀਦਦਾਰੀ ਇਸ ਲਈ ਵਧਾ ਦਿੰਦੇ ਹਨ ਕਿਉਂਕਿ ਸੰਕਟ ਦੀ ਘੜੀ 'ਚ ਇਸ ਨੂੰ ਆਸਾਨੀ ਨਾਲ ਵੇਚਿਆ ਜਾ ਸਕਦਾ ਹੈ ਤੇ ਇਸ ਨੂੰ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਕਿਸੇ ਵੀ ਵੱਡੀ ਆਰਥਿਕ ਦੁਰਘਟਨਾ ਤੇ ਮੰਦੀ ਤੋਂ ਬਾਅਦ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਜਾਰੀ ਰਹੀ ਹੈ।


 

ਕੀ ਹੁਣ ਡਿੱਗ ਸਕਦੀ ਹੈ ਸੋਨੇ ਦੀ ਕੀਮਤ?

ਜਿਸ ਤਰ੍ਹਾਂ ਦੇ ਆਰਥਿਕ ਹਾਲਾਤ ਬਣਦੇ ਦਿਸ ਰਹੇ ਹਨ ਕਿਹਾ ਜਾ ਰਿਹਾ ਹੈ ਕਿ ਸੋਨਾ ਜਲਦ ਸਸਤਾ ਹੋਣ ਵਾਲਾ ਨਹੀਂ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਗਲੋਬਲ ਆਰਥਿਕਤਾ 'ਤੇ ਸੰਕਟਾਂ ਦੇ ਬੱਦਲਾਂ ਨੂੰ ਦੇਖਦੇ ਹੋਏ ਕੌਮਾਂਤਰੀ ਬਾਜ਼ਾਰ 'ਚ ਸੋਨਾ 1,900 ਡਾਲਰ ਪ੍ਰਤੀ ਔਂਸ ਤੋਂ ਪਾਰ ਜਾ ਸਕਦਾ ਹੈ। ਉੱਥੇ ਹੀ, ਭਾਰਤ 'ਚ ਕੀਮਤਾਂ ਨੂੰ ਰੁਪਏ 'ਚ ਕਮਜ਼ੋਰੀ ਨਾਲ ਵੀ ਸਮਰਥਨ ਮਿਲੇਗਾ।

ਹੁਣ ਸਵਾਲ ਇਹ ਹੈ ਕਿ ਸੋਨੇ 'ਚ ਤੇਜ਼ੀ ਰੁਕ ਸਕਦੀ ਹੈ? ਤਾਂ ਇਸ ਦਾ ਜਵਾਬ ਹੈ ਕਿ ਜੇਕਰ ਆਰਥਿਕ ਸੰਕਟ ਨਾਲ ਨਜਿੱਠਣ ਲਈ ਵਿਸ਼ਵ ਭਰ ਦੇ ਪ੍ਰਮੁੱਖ ਕੇਂਦਰੀ ਬੈਂਕਾਂ ਤੇ ਨਿਵੇਸ਼ਕਾਂ ਵੱਲੋਂ ਸੋਨੇ ਦੀ ਵਿਕਰੀ ਕੀਤੀ ਜਾਂਦੀ ਹੈ ਤਾਂ ਸੋਨੇ ਦੀਆਂ ਕੀਮਤਾਂ 'ਚ ਕਮਜ਼ੋਰੀ ਆ ਸਕਦੀ ਹੈ। ਹਾਲਾਂਕਿ, ਇਹ ਸਪੱਸ਼ਟ ਤੌਰ 'ਤੇ 2021 'ਚ ਸੰਭਵ ਹੋਣ ਦੀ ਸੰਭਾਵਨਾ ਹੈ, ਜਦੋਂ ਇਕਨੋਮੀ 'ਚ ਰਿਕਵਰੀ ਦੀ ਉਮੀਦ ਹੈ। 2021 'ਚ ਨਿਵੇਸ਼ਕ ਸਟਾਕ, ਰੀਅਲ ਅਸਟੇਟ ਵਰਗੇ ਰਿਸਕੀ ਨਿਵੇਸ਼ 'ਚ ਪੈਸਾ ਲਾਉਣਾ ਸ਼ੁਰੂ ਕਰ ਸਕਦੇ ਹਨ ਅਤੇ ਸੋਨੇ, ਯੂ. ਐੱਸ. ਡਾਲਰ, ਸਰਕਾਰੀ ਬਾਂਡ ਵਰਗੀਆਂ ਸੁਰੱਖਿਅਤ ਥਾਵਾਂ ਤੋਂ ਪੈਸਾ ਕੱਢ ਸਕਦੇ ਹਨ। 2020 ਵਿਚ ਆਈ. ਐੱਮ. ਐੱਫ. ਨੇ ਗਲੋਬਲ ਅਰਥਵਿਵਸਥਾ 'ਚ 3 ਫੀਸਦੀ ਗਿਰਾਵਟ ਦਾ ਅਨੁਮਾਨ ਜਤਾਇਆ ਹੈ। ਅਮਰੀਕਾ ਤੇ ਯੂਰਪ ਦੀ ਵਿਕਾਸ ਦਰ 'ਚ ਕ੍ਰਮਵਾਰ 6 ਫੀਸਦੀ ਤੇ 6.6 ਫੀਸਦੀ ਦੀ ਗਿਰਾਵਟ ਹੋਵੇਗੀ। ਹਾਲਾਂਕਿ, ਭਾਰਤ ਦੀ ਵਿਕਾਸ ਦਰ ਇਸ ਦੌਰਾਨ 1.9 ਫੀਸਦੀ ਰਹਿਣ ਦਾ ਅੰਦਾਜ਼ਾ ਹੈ।

Sanjeev

This news is Content Editor Sanjeev