Huawei ''ਤੇ ਲੱਗੇਗੀ ਪਾਬੰਦੀ, ਜਨਵਰੀ ''ਚ ਟਰੰਪ ਕਰ ਸਕਦੇ ਹਨ ਐਲਾਨ!

12/27/2018 1:57:54 PM

ਵਾਸ਼ਿੰਗਟਨ— ਅਮਰੀਕਾ ਅਤੇ ਚੀਨ ਦੇ ਰਿਸ਼ਤਿਆਂ ਵਿਚਕਾਰ ਫਿਰ ਤੱਲਖੀ ਨਜ਼ਰ ਆ ਸਕਦੀ ਹੈ। ਜਾਣਕਾਰੀ ਮੁਤਾਬਕ, ਅਮਰੀਕਾ ਹੁਵਾਈ ਦੇ ਪ੍ਰਾਡਕਟਸ ਦੀ ਖਰੀਦ 'ਤੇ ਰੋਕ ਲਾਉਣ 'ਤੇ ਵਿਚਾਰ ਕਰ ਰਿਹਾ ਹੈ। ਸੂਤਰਾਂ ਮੁਤਾਬਕ, ਰਾਸ਼ਟਰਪਤੀ ਡੋਨਾਲਡ ਟਰੰਪ ਨਵੇਂ ਸਾਲ 'ਚ ਇਕ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰਨ 'ਤੇ ਵਿਚਾਰ ਕਰ ਰਹੇ ਹਨ, ਜੋ ਅਮਰੀਕੀ ਕੰਪਨੀਆਂ ਨੂੰ ਚੀਨ ਦੇ ਹੁਵਾਈ ਅਤੇ ਜੈੱਡ. ਟੀ. ਈ. ਵੱਲੋਂ ਬਣਾਏ ਗਏ ਪ੍ਰਾਡਕਟਸ ਦਾ ਇਸਤੇਮਾਲ ਕਰਨ ਤੋਂ ਰੋਕ ਦੇਵੇਗਾ।

ਟਰੰਪ ਸਰਕਾਰ ਵੱਲੋਂ ਹੁਵਾਈ ਤਕਨਾਲੋਜੀ ਅਤੇ ਜੈੱਡ. ਟੀ. ਈ. ਕਾਰਪ ਨੂੰ ਅਮਰੀਕੀ ਬਾਜ਼ਾਰ 'ਚੋਂ ਬਾਹਰ ਕੱਢਣ ਦਾ ਇਹ ਨਵਾਂ ਕਦਮ ਹੋਵੇਗਾ। ਇਹ ਦੋਵੇਂ ਚੀਨ ਦੀਆਂ ਸਭ ਤੋਂ ਵੱਡੀਆਂ ਤਕਨਾਲੋਜੀ ਕੰਪਨੀਆਂ ਹਨ। ਅਮਰੀਕਾ ਦਾ ਦੋਸ਼ ਹੈ ਕਿ ਇਹ ਦੋਵੇਂ ਕੰਪਨੀਆਂ ਚੀਨੀ ਸਰਕਾਰ ਦੇ ਇਸ਼ਾਰੇ ਤੇ ਕੰਮ ਕਰਦੀਆਂ ਹਨ ਅਤੇ ਉਨ੍ਹਾਂ ਦੇ ਸਮਾਨ ਨੂੰ ਅਮਰੀਕੀਆਂ ਦੀ ਜਾਸੂਸੀ ਕਰਨ ਲਈ ਵਰਤਿਆ ਜਾ ਸਕਦਾ ਹੈ। ਅਮਰੀਕੀ ਸਰਕਾਰ ਪਿਛਲੇ ਤਕਰੀਬਨ 8 ਮਹੀਨਿਆਂ ਤੋਂ ਇਸ 'ਤੇ ਵਿਚਾਰ ਕਰ ਰਹੀ ਹੈ ਅਤੇ ਜਨਵਰੀ 'ਚ ਇਸ ਨੂੰ ਲਾਗੂ ਕੀਤਾ ਜਾ ਸਕਦਾ ਹੈ।
ਸੂਤਰਾਂ ਮੁਤਾਬਕ, ਜਨਵਰੀ 'ਚ ਟਰੰਪ ਸਰਕਾਰ ਉਨ੍ਹਾਂ ਵਿਦੇਸ਼ੀ ਦੂਰਸੰਚਾਰ ਕੰਪਨੀਆਂ ਦੇ ਪ੍ਰਾਡਕਟਸ ਖਰੀਦਣ 'ਤੇ ਪਾਬੰਦੀ ਲਾਉਣ ਨੂੰ ਕਹਿ ਸਕਦੀ ਹੈ, ਜਿਨ੍ਹਾਂ ਦੇ ਪ੍ਰਾਡਕਟਸ ਨਾਲ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ। ਇਸ ਪਾਬੰਦੀ 'ਚ ਹੁਵਾਈ ਅਤੇ ਜੈੱਡ. ਟੀ. ਈ. ਦੇ ਪ੍ਰਾਡਕਟਸ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਹਾਲ ਹੀ ਦਾ ਇਹ ਵਿਚਾਰ ਅਗਸਤ 'ਚ ਇਕ ਰੱਖਿਆ ਨੀਤੀ ਬਿੱਲ ਪਾਸ ਕਰਨ ਤੋਂ ਬਾਅਦ ਆਇਆ ਹੈ, ਜੋ ਅਮਰੀਕੀ ਸਰਕਾਰ ਨੂੰ ਹੁਵਾਈ ਅਤੇ ਜੈੱਡ. ਟੀ. ਈ. ਦੀ ਵਰਤੋਂ ਕਰਨ ਤੋਂ ਰੋਕਦਾ ਹੈ। ਜ਼ਿਕਰਯੋਗ ਹੈ ਕਿ ਇਹ ਦੋਵੇਂ ਕੰਪਨੀਆਂ ਅਤੀਤ 'ਚ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰ ਚੁੱਕੀਆਂ ਹਨ ਕਿ ਉਨ੍ਹਾਂ ਦੇ ਪ੍ਰਾਡਕਟਸ ਦਾ ਇਸਤੇਮਾਲ ਜਾਸੂਸੀ ਕਰਨ ਲਈ ਕੀਤਾ ਜਾਂਦਾ ਹੈ।


Related News