ਸਸਤੇ ਮਿਲਣਗੇ ਆਈਫੋਨ, ਜਾਣੋ ਭਾਰਤ ''ਚ ਕਿੱਥੇ ਹੋਣਗੇ ਤਿਆਰ

03/31/2017 12:08:49 PM

ਨਵੀਂ ਦਿੱਲੀ— ਅਗਲੇ ਮਹੀਨੇ ਤਕ ਐਪਲ ਆਪਣੇ ਆਈਫੋਨਾਂ ਦਾ ਨਿਰਮਾਣ ਭਾਰਤ ''ਚ ਕਰਨ ਲੱਗੇਗਾ। ਇਸ ਨਾਲ ਦੇਸ਼ ''ਚ ਸਸਤੇ ਆਈਫੋਨ ਮਿਲਣ ਲੱਗਣਗੇ। ਐਪਲ ਬੇਂਗਲੁਰੂ ''ਚ ਆਪਣਾ ਨਿਰਮਾਣ ਪਲਾਂਟ ਲਾਉਣ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਕਰਨਾਟਕ ਦੀ ਆਈ. ਟੀ. ਮੰਤਰੀ ਪ੍ਰਿਯੰਕਾ ਖੜਗੇ ਨੇ ਕਿਹਾ ਕਿ ਐਪਲ ਦੇ ਫੋਨਾਂ ਦਾ ਨਿਰਮਾਣ ਇਕ ਮਹੀਨੇ ਅੰਦਰ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਉਮੀਦ ਪ੍ਰਗਟ ਕੀਤੀ ਕਿ ਇਸ ਨਾਲ ਭਾਰਤ ''ਚ ਸਸਤੇ ਆਈਫੋਨ ਮਿਲ ਸਕਣਗੇ। 

ਤਾਈਵਾਨ ਦੀ ਕੰਪਨੀ ਵਿਸਟਰੋਨ ਕਾਰਪੋਰੇਸ਼ਨ ਐਪਲ ਦਾ ਨਿਰਮਾਣ ਪਲਾਂਟ ਲਾਉਣ ''ਚ ਮਦਦ ਕਰੇਗੀ। ਮੰਤਰੀ ਨੇ ਕਿਹਾ ਕਿ ਕਰਨਾਟਕ ਸਰਕਾਰ ਇਸ ਲਿਹਾਜ ਨਾਲ ਆਪਣੇ ਇੱਥੇ ਮਾਹੌਲ ਵਧੀਆ ਬਣਾਉਣ ਲਈ ਕੇਂਦਰ ਦੇ ਨਾਲ ਕੰਮ ਕਰ ਰਹੀ ਹੈ। ਜਿਸ ਨਾਲ ਕੰਪਨੀ ਨੂੰ ਭਾਰਤੀ ਬਾਜ਼ਾਰ ''ਚ ਮਜ਼ਬੂਤ ਪਕੜ ਬਣਾਉਣ ''ਚ ਮਦਦ ਮਿਲੇਗੀ। 

ਜ਼ਿਕਰਯੋਗ ਹੈ ਕਿ ਐਪਲ ਨੇ ਕੇਂਦਰ ਸਰਕਾਰ ਕੋਲ ਟੈਕਸ ਸਮੇਤ ਕਈ ਛੋਟ ਦੀ ਮੰਗ ਰੱਖੀ ਸੀ ਪਰ ਸਰਕਾਰ ਨੇ ਨਹੀਂ ਮੰਨੀ। ਐਪਲ ਚਾਹੁੰਦਾ ਸੀ ਕਿ ਪੁਰਜ਼ੇ ਬਣਾਉਣ ਵਾਲੀਆਂ ਕੰਪਨੀਆਂ ਨੂੰ ਭਾਰਤ ਲਿਆਂਦਾ ਜਾਵੇ, ਫਿਰ ਇੱਥੋਂ ਬਣੇ ਹੋਏ ਆਈਫੋਨਾਂ ਨੂੰ ਬਾਹਰ ਭੇਜਿਆ ਜਾਵੇ ਪਰ ਇਸ ਲਈ ਕੰਪਨੀ ਟੈਕਸ ਸਮੇਤ ਕਈ ਛੋਟ ਚਾਹੁੰਦੀ ਸੀ, ਜਿਸ ਨੂੰ ਕੇਂਦਰ ਸਰਕਾਰ ਨੇ ਦੇਣ ਤੋਂ ਮਨ੍ਹਾ ਕਰ ਦਿੱਤਾ। ਕਰਨਾਟਕ ਦੀ ਮੰਤਰੀ ਨੇ ਕਿਹਾ ਕਿ ਜੇਕਰ ਭਾਰਤ ਮੋਬਾਇਲ ਫੋਨ ਨਿਰਮਾਣ ਦੇ ਖੇਤਰ ''ਚ ਚੀਨ ਤੋਂ ਅੱਗੇ ਨਿਕਲਣਾ ਚਾਹੁੰਦਾ ਹੈ ਤਾਂ ਕੇਂਦਰ ਸਰਕਾਰ ਨੂੰ ਸਾਰੇ ਮੋਬਾਇਲ ਫੋਨ ਨਿਰਮਾਤਾ ਕੰਪਨੀਆਂ ਨੂੰ ਰਿਆਇਤ ਦੇਣ ਬਾਰੇ ਸੋਚਣਾ ਚਾਹੀਦਾ ਹੈ।