ਕਣਕ ਅਤੇ ਚੌਲ ਵਿਗਾੜ ਰਹੇ ਹਨ ਰਸੋਈ ਦਾ ਬਜਟ

12/16/2022 11:41:49 AM

ਨਵੀਂ ਦਿੱਲੀ- ਮੋਟੇ ਅਨਾਜ ਦੀ ਪ੍ਰਚੂਨ ਮਹਿੰਗਾਈ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ, ਭਾਵੇਂ ਕਿ ਕੁੱਲ ਖੁਰਾਕੀ ਮਹਿੰਗਾਈ ਦਰ 'ਚ ਨਰਮੀ ਆਈ ਹੈ। ਖਰਾਬ ਮੌਸਮ ਕਾਰਨ ਇਨ੍ਹਾਂ ਦਾਣਿਆਂ ਦੀ ਪੈਦਾਵਾਰ ਘਟੀ ਹੈ, ਜਿਸ ਕਾਰਨ ਅਜਿਹਾ ਹੋ ਰਿਹਾ ਹੈ। ਨਵੰਬਰ 'ਚ ਮੋਟੇ ਅਨਾਜ ਦੀ ਮਹਿੰਗਾਈ ਅਕਤੂਬਰ ਮਹੀਨੇ 'ਚ 12.08 ਫੀਸਦੀ ਤੋਂ ਵਧ ਕੇ ਨਵੰਬਰ 'ਚ 12.96 ਫੀਸਦੀ ਹੋ ਗਈ। ਇਹ ਉਦੋਂ ਵੀ ਹੋਇਆ ਜਦੋਂ ਹੈੱਡਲਾਈਨ ਮਹਿੰਗਾਈ 11 ਮਹੀਨਿਆਂ 'ਚ ਪਹਿਲੀ ਵਾਰ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਦੇ 6 ਫੀਸਦੀ ਦੇ ਟੀਚੇ ਦੇ ਅੰਦਰ ਆ ਗਈ। ਖੁਰਾਕੀ ਮਹਿੰਗਾਈ ਦਰ ਵੀ 11 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ  4.67 ਫੀਸਦੀ 'ਤੇ ਆ ਗਈ ਹੈ।
ਖਰਾਬ ਮੌਸਮ ਦੀ ਮਾਰ ਨੇ ਪਾਇਆ ਕਣਕ-ਝੋਨੇ ਦੇ ਭਾਅ 'ਤੇ ਅਸਰ
ਕਣਕ ਦੀ ਪ੍ਰਚੂਨ ਮਹਿੰਗਾਈ ਅਕਤੂਬਰ 'ਚ 17.64 ਫੀਸਦੀ ਤੋਂ ਵਧ ਕੇ ਨਵੰਬਰ 'ਚ 19.67 ਫੀਸਦੀ ਹੋ ਗਈ। ਸਾਲ ਦੀ ਸ਼ੁਰੂਆਤ 'ਚ ਇਹ ਸਿਰਫ 5.1 ਫੀਸਦੀ ਸੀ ਅਤੇ ਚਾਲੂ ਵਿੱਤੀ ਸਾਲ ਦੀ ਸ਼ੁਰੂਆਤ 'ਚ ਇਹ ਵਧ ਕੇ 9.59 ਫੀਸਦੀ ਹੋ ਗਈ ਹੈ। ਉਸ ਪੱਧਰ ਦੀ ਤੁਲਨਾ 'ਚ ਇਹ ਨਵੰਬਰ 'ਚ ਦੁੱਗਣੇ ਤੋਂ ਵੱਧ ਹੋ ਗਈ ਹੈ। ਇਕ ਹੋਰ ਮੁੱਖ ਅਨਾਜ ਚੌਲਾਂ ਦੀ ਮਹਿੰਗਾਈ ਦਰ ਅਕਤੂਬਰ ਦੇ 10.21 ਫੀਸਦੀ ਤੋਂ ਵਧ ਕੇ ਨਵੰਬਰ 'ਚ 10.51 ਫੀਸਦੀ ਹੋ ਗਈ। ਜਨਵਰੀ 'ਚ ਇਹ ਸਿਰਫ 2.8 ਫੀਸਦੀ ਅਤੇ ਅਪ੍ਰੈਲ 'ਚ 3.96 ਫੀਸਦੀ ਸੀ।
ਅਕਤੂਬਰ ਅਤੇ ਨਵੰਬਰ ਨੂੰ ਛੱਡ ਕੇ ਇਨ੍ਹਾਂ ਸਾਰੇ ਮਹੀਨਿਆਂ 'ਚ ਹੋਰ ਅਨਾਜਾਂ ਦੀ ਮਹਿੰਗਾਈ ਦਰ ਘੱਟ ਹੋਣ ਕਾਰਨ ਕਣਕ ਅਤੇ ਚੌਲਾਂ ਦੀਆਂ ਕੀਮਤਾਂ ਨੇ ਮਹਿੰਗਾਈ ਵਧਾਉਣ 'ਚ ਅਹਿਮ ਭੂਮਿਕਾ ਨਿਭਾਈ। ਅਕਤੂਬਰ 'ਚ ਦਰਾਂ 'ਚ 1.99 ਫੀਸਦੀ ਦਾ ਵਾਧਾ ਹੋਇਆ ਸੀ, ਜਦਕਿ ਸਤੰਬਰ 'ਚ 1.37 ਫੀਸਦੀ ਦੀ ਕਮੀ ਆਈ ਸੀ। ਨਵੰਬਰ 'ਚ ਇਹ ਥੋੜ੍ਹਾ ਨਰਮ ਹੋ ਕੇ 1.7 ਫੀਸਦੀ 'ਤੇ ਆ ਗਿਆ। ਕਣਕ-ਝੋਨੇ ਦੀਆਂ ਕੀਮਤਾਂ 'ਚ ਵਾਧੇ ਨਾਲ ਗਰੀਬਾਂ ਦਾ ਬਜਟ ਵਿਗੜ ਸਕਦਾ ਹੈ ਪਰ ਸਰਕਾਰ ਨੇ 80 ਕਰੋੜ ਲੋਕਾਂ ਲਈ ਮੁਫਤ ਅਨਾਜ ਯੋਜਨਾ ਨੂੰ 3 ਮਹੀਨੇ ਵਧਾ ਕੇ 31 ਦਸੰਬਰ ਤੱਕ ਕਰ ਦਿੱਤਾ ਹੈ।
ਗਰੀਬਾਂ ਦੀ ਰਸੋਈ ਨੂੰ ਸੰਭਾਲ ਰਹੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ
ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀ.ਐੱਮ.ਜੀ.ਕੇ.ਏ.ਵਾਈ) ਦੇ ਤਹਿਤ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਲਾਭਪਾਤਰੀਆਂ ਨੂੰ 5 ਕਿਲੋ ਕਣਕ ਜਾਂ ਚੌਲ ਮੁਫਤ ਦਿੱਤੇ ਜਾਂਦੇ ਹਨ। ਇਹ ਉਨ੍ਹਾਂ ਦੇ ਮਾਸਿਕ ਕੋਟੇ ਤੋਂ ਇਲਾਵਾ ਹੈ। ਇਸ ਤੋਂ ਇਲਾਵਾ ਰਾਸ਼ਨ ਵਾਲੇ ਚੌਲਾਂ ਅਤੇ ਕਣਕ ਦੇ ਭਾਅ ਵਿੱਚ ਵੀ ਕੋਈ ਵਾਧਾ ਨਹੀਂ ਹੋਇਆ ਹੈ। ਉਦਾਹਰਨ ਲਈ, ਜਨਤਕ ਵੰਡ ਪ੍ਰਣਾਲੀ (ਪੀ.ਡੀ.ਐੱਸ) ਚੌਲਾਂ ਦੀਆਂ ਕੀਮਤਾਂ 'ਚ ਅਪ੍ਰੈਲ ਤੱਕ ਕੈਲੰਡਰ ਸਾਲ ਦੇ ਪਹਿਲੇ 4 ਮਹੀਨਿਆਂ ਦੌਰਾਨ ਗਿਰਾਵਟ ਦੇਖੀ ਗਈ। ਇਸ ਤੋਂ ਬਾਅਦ ਸਤੰਬਰ ਤੱਕ ਮਹਿੰਗਾਈ ਦਰ 1 ਫੀਸਦੀ ਤੋਂ ਹੇਠਾਂ ਰਹੀ। ਜਨਤਕ ਵੰਡ ਪ੍ਰਣਾਲੀ ਤਹਿਤ ਉਪਲਬਧ ਚੌਲਾਂ ਦੀ ਕੀਮਤ 'ਚ ਅਕਤੂਬਰ-ਨਵੰਬਰ ਦੌਰਾਨ ਕੋਈ ਵਾਧਾ ਨਹੀਂ ਹੋਇਆ ਹੈ। ਪੀ.ਡੀ.ਐੱਸ ਕਣਕ ਦੇ ਮਾਮਲੇ 'ਚ ਨਵੰਬਰ 2022 ਤੱਕ ਹਰ ਮਹੀਨੇ ਕੀਮਤਾਂ 'ਚ ਗਿਰਾਵਟ ਜਾਰੀ ਰਹੀ।
ਕਣਕ ਅਤੇ ਚੌਲਾਂ ਦੋਵਾਂ ਦਾ ਉਤਪਾਦਨ ਪਿਛਲੇ ਸਾਲ ਦੇ ਪੱਧਰ ਤੋਂ ਘੱਟ ਰਿਹਾ
ਸਰਕਾਰ ਦੇ ਅਨੁਮਾਨਾਂ ਅਨੁਸਾਰ ਕਣਕ ਅਤੇ ਚੌਲਾਂ ਦੋਵਾਂ ਦਾ ਉਤਪਾਦਨ ਪਿਛਲੇ ਸਾਲ ਦੇ ਪੱਧਰਾਂ ਨਾਲੋਂ ਘੱਟ ਰਿਹਾ ਹੈ ਪਰ ਅਧਿਕਾਰਤ ਤੌਰ 'ਤੇ ਘੋਸ਼ਿਤ ਕੀਤੇ ਗਏ ਅਤੇ ਨਿੱਜੀ ਵਪਾਰੀਆਂ ਦੇ ਹਿਸਾਬ ਨਾਲ ਗਿਰਾਵਟ ਦੀ ਹੱਦ ਵੱਖ-ਵੱਖ ਹੁੰਦੀ ਹੈ। ਇਹ ਹਾਲ ਹੀ ਦੇ ਇਤਿਹਾਸ ਵਿੱਚ ਘੱਟ ਹੀ ਦੇਖਿਆ ਗਿਆ ਹੈ, ਜਦੋਂ ਮੌਸਮ ਦੇ ਉਲਟ ਮੌਸਮ ਦੇ ਕਾਰਨ ਦੋਵਾਂ ਮੁੱਖ ਅਨਾਜਾਂ ਦੇ ਉਤਪਾਦਨ 'ਚ ਕਮੀ ਆਈ ਹੈ। 2022 'ਚ ਹਾੜ੍ਹੀ ਦੀ ਕਟਾਈ ਤੋਂ ਠੀਕ ਪਹਿਲਾਂ ਗਰਮੀ 'ਚ ਅਚਾਨਕ ਵਾਧਾ ਹੋਣ ਕਾਰਨ ਕਣਕ ਦਾ ਉਤਪਾਦਨ ਘਟਿਆ ਹੈ। ਪੂਰਬੀ ਭਾਰਤ ਦੇ ਮੁੱਖ ਉਤਪਾਦਕ ਸੂਬਿਆਂ ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ 'ਚ ਸੋਕੇ ਅਤੇ ਘੱਟ ਬਾਰਿਸ਼ ਕਾਰਨ ਪਿਛਲੇ ਸਾਉਣੀ ਦੇ ਸੀਜ਼ਨ 'ਚ ਚੌਲਾਂ ਦੀ ਪੈਦਾਵਾਰ 'ਚ ਗਿਰਾਵਟ ਆਈ ਸੀ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।

Aarti dhillon

This news is Content Editor Aarti dhillon