WHATSAPP ਪੇਮੈਂਟ ਨੂੰ RBI ਦੇ ਸਕਦੈ ਹਰੀ ਝੰਡੀ, Paytm ਨੂੰ ਮਿਲੇਗੀ ਮਾਤ

06/27/2019 10:26:34 AM

ਨਵੀਂ ਦਿੱਲੀ—  ਹੁਣ ਜਲਦ ਹੀ WhatsApp ਯੂਜ਼ਰਸ ਨੂੰ ਖੁਸ਼ਖਬਰੀ ਮਿਲਣ ਵਾਲੀ ਹੈ। ਫੇਸਬੁੱਕ ਦੀ ਮਾਲਕੀ ਹੱਕ ਵਾਲੇ WhatsApp ਨੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪੇਮੈਂਟ ਨਾਲ ਸੰਬੰਧਤ ਡਾਟਾ ਭਾਰਤ 'ਚ ਸਟੋਰ ਕਰਨ ਦੀ ਵਿਵਸਥਾ ਕਰ ਲਈ ਹੈ। ਇਸ ਨਾਲ ਉਸ ਲਈ ਭਾਰਤ 'ਚ ਡਿਜੀਟਲ ਪੇਮੈਂਟ ਸਰਵਿਸ ਸ਼ੁਰੂ ਕਰਨ ਦੀ ਰੁਕਾਵਟ ਦੂਰ ਹੋ ਗਈ ਹੈ। ਇਹ ਆਰ. ਬੀ. ਆਈ. ਦੀ ਵੱਡੀ ਜਿੱਤ ਹੈ, ਜੋ ਇਸ ਗੱਲ 'ਤੇ ਅਡਿੱਗ ਰਿਹਾ ਕਿ ਗਲੋਬਲ ਪੇਮੈਂਟ ਕੰਪਨੀਆਂ ਨੂੰ ਭਾਰਤੀ ਗਾਹਕਾਂ ਦਾ ਡਾਟਾ ਦੇਸ਼ 'ਚ ਹੀ ਰੱਖਣਾ ਹੋਵੇਗਾ।

 

ਸੂਤਰਾਂ ਮੁਤਾਬਕ, WhatsApp ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ. ਪੀ. ਆਈ.) 'ਤੇ ਆਧਾਰਿਤ ਪੇਮੈਂਟ ਸਰਵਿਸ ਨੂੰ ਸਭ ਤੋਂ ਪਹਿਲਾਂ ICICI ਬੈਂਕ ਨਾਲ ਸ਼ੁਰੂ ਕਰੇਗਾ। ਇਸ ਮਗਰੋਂ WhatsApp ਦੀ ਪੇਮੈਂਟ ਸਰਵਿਸ ਐਕਸਿਸ ਬੈਂਕ, HDFC ਬੈਂਕ ਤੇ ਐੱਸ. ਬੀ. ਆਈ. ਨਾਲ ਵੀ ਜੁੜ ਸਕਦੀ ਹੈ। WhatsApp ਵੱਲੋਂ ਡਾਟਾ ਲੋਕਲ ਸਟੋਰ ਕਰਨ 'ਤੇ ਕੰਮ ਪੂਰਾ ਹੋ ਚੁੱਕਾ ਹੈ। ਹੁਣ ਆਡੀਟਰ ਇਸ 'ਤੇ ਆਰ. ਬੀ. ਆਈ. ਨੂੰ ਰਿਪੋਰਟ ਦੇਣਗੇ, ਜਿਸ ਮਗਰੋਂ ਕੰਪਨੀ ਪੇਮੈਂਟ ਸਰਵਿਸ ਲਾਈਵ ਕਰ ਸਕਦੀ ਹੈ।

ਜ਼ਿਕਰਯੋਗ ਹੈ ਕਿ WhatsApp ਨੇ ਪੇਮੈਂਟ ਸਰਵਿਸ ਦਾ ਪਾਇਲਟ ਪ੍ਰਾਜੈਕਟ ਇਕ ਸਾਲ ਪਹਿਲਾਂ ਲਾਂਚ ਕੀਤਾ ਸੀ। ਉਸ ਤੋਂ ਬਾਅਦ ਕੰਪਨੀ ਡਾਟਾ ਲੋਕਲ ਸਟੋਰ ਕਰਨ ਤੋਂ ਲੈ ਕੇ, ਫਰਜ਼ੀ ਖਬਰਾਂ ਤੇ ਫੇਸਬੁੱਕ ਪ੍ਰਾਈਵੇਸੀ ਸੰਬੰਧੀ ਵਿਵਾਦਾਂ 'ਚ ਘਿਰੀ ਰਹੀ। ਉਸ ਨੇ ਪਿਛਲੇ ਸਾਲ ICICI ਬੈਂਕ ਨਾਲ ਮਿਲ ਕੇ ਪੇਮੈਂਟ ਫੀਚਰ ਲਾਂਚ ਕਰਨ ਦੀ ਕੋਸ਼ਿਸ ਕੀਤੀ ਸੀ ਪਰ ਇਹ ਬੀਟਾ ਸਰਵਿਸ ਤਕ ਹੀ ਸੀਮਤ ਰਹੀ। ਹੁਣ ਸੂਤਰਾਂ ਦਾ ਕਹਿਣਾ ਹੈ ਕਿ ਡਾਟਾ ਭਾਰਤ 'ਚ ਸਟੋਰ ਕਰਨ ਦੀ ਵਿਵਸਥਾ ਕਰਨ ਨਾਲ WhatsApp ਦੀ ਵੱਡੀ ਚਿੰਤਾ ਦੂਰ ਹੋ ਗਈ ਹੈ ਤੇ ਇਸ ਲਈ ਪੇਮੈਂਟ ਸਰਵਿਸ ਸ਼ੁਰੂ ਹੋ ਸਕਦੀ ਹੈ। ਇਸ ਦਾ ਮੁਕਾਬਲਾ ਪੇਟੀਐੱਮ, ਗੂਗਲ ਪੇ ਵਰਗੇ ਦਿੱਗਜਾਂ ਨਾਲ ਹੋਵੇਗਾ।