ਪੱਛਮੀ ਏਸ਼ੀਆ ਤਣਾਅ : ਜਹਾਜਾਂ ਨੇ ਬਦਲਿਆ ਰੂਟ, ਦੇਰ ਨਾਲ ਚਲ ਰਹੀ Air India ਦੀ ਫਲਾਈਟ

01/08/2020 5:29:44 PM

ਨਵੀਂ ਦਿੱਲੀ — ਪੱਛਮੀ ਏਸ਼ੀਆ 'ਚ ਤਣਾਅ ਦੇ ਮੱਦੇਨਜ਼ਰ ਸਰਕਾਰੀ ਹਵਾਈ ਸੇਵਾ ਕੰਪਨੀ ਏਅਰ ਇੰਡੀਆ ਨੇ ਫਿਲਹਾਲ ਈਰਾਨ ਦੇ ਹਵਾਈ ਖੇਤਰ 'ਚ ਉਡਾਣ ਨਾ ਭਰਨ ਦਾ ਫੈਸਲਾ ਕੀਤਾ ਹੈ। ਏਅਰਲਾਈਨ ਦੇ ਬੁਲਾਰੇ ਧਨੰਜੇ ਕੁਮਾਰ ਨੇ ਬੁੱਧਵਾਰ ਨੂੰ ਦੱਸਿਆ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਦੇ ਜਹਾਜ਼ ਈਰਾਨ ਦੇ ਹਵਾਈ ਖੇਤਰ ਵਿਚ ਉਡਾਣ ਨਹੀਂ ਭਰਨਗੇ। ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਉੱਪਰ ਹੈ। ਜ਼ਿਕਰਯੋਗ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਸਾਰੀਆਂ ਉਡਾਣਾਂ ਦੇ ਰਸਤਿਆਂ ਨੂੰ ਬਦਲ ਦਿੱਤਾ ਗਿਆ ਹੈ।

ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਹੈ, ਸਭ ਤੋਂ ਅਹਿਮ ਸਾਡੇ ਲਈ ਯਾਤਰੀ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਹੈ। ਇਸ ਫੈਸਲੇ ਨਾਲ ਦਿੱਲੀ ਤੋਂ ਉਡਾਣ ਭਰਨ ਵਾਲੇ ਜਹਾਜ਼ਾਂ ਦੇ ਸਮੇਂ 'ਚ 20 ਮਿੰਟ ਅਤੇ ਮੁੰਬਈ ਤੋਂ ਜਾਣ ਵਾਲੀਆਂ ਫਲਾਈਟ ਦੇ ਸਮੇਂ ਵਿਚ 30 ਤੋਂ 40 ਮਿੰਟ ਜ਼ਿਆਦਾ ਲੱਗਣਗੇ। ਜ਼ਿਕਰਯੋਗ ਹੈ ਕਿ ਬੀਤੇ ਹਫਤੇ ਅਮਰੀਕਾ ਨੇ ਹਮਲਾ ਕਰਕੇ ਈਰਾਨੀ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰ ਦਿੱਤਾ ਸੀ। ਇਸ ਤੋਂ ਬਾਅਦ ਈਰਾਨ ਨੇ ਅਮਰੀਕਾ ਤੋਂ ਬਦਲਾ ਲੈਣ ਦੀ ਧਮਕੀ ਦਿੱਤੀ ਸੀ। ਦੋਵਾਂ ਦੇਸ਼ਾਂ ਵਿਚਕਾਰ ਬੀਤੇ ਕੁਝ ਸਮੇਂ ਤੋਂ ਤਣਾਅ ਬਣਿਆ ਹੋਇਆ ਹੈ ਅਤੇ ਜੰਗ ਵਰਗੇ ਹਾਲਾਤ ਬਣਦੇ ਜਾ ਰਹੇ ਹਨ।

ਇੰਡੀਗੋ ਨੇ ਏਅਰਲਾਈਨ ਨੂੰ ਕਿਹਾ ਹੈ ਕਿ ਅਮਰੀਕਾ ਅਤੇ ਈਰਾਨ ਵਿਚਕਾਰ ਜਾਰੀ ਤਣਾਅ ਦਾ ਅਸਰ ਉਨ੍ਹਾਂ ਦੀ ਉਡਾਣ ਸੇਵਾ 'ਤੇ ਨਹੀਂ ਪਵੇਗਾ। ਇੰਡੀਗੋ ਦੀ ਕੋਈ ਵੀ ਫਲਾਈਟ ਈਰਾਨ ਅਤੇ ਈਰਾਕ ਦੇ ਹਵਾਈ ਖੇਤਰ ਵਿਚੋਂ ਹੋ ਕੇ ਨਹੀਂ ਲੰਘਦੀ ਹੈ। ਮੱਧ ਏਸ਼ੀਆ ਜਾਂ ਤੁਰਕੀ ਜਾਣ ਵਾਲੀ ਫਲਾਈਟ 'ਤੇ ਕੋਈ ਅਸਰ ਨਹੀਂ ਪਵੇਗਾ। ਇੰਡੀਗੋ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਇੰਡੀਗੋ ਦਾ ਕਹਿਣਾ ਹੈ ਕਿ ਸਥਿਤੀ ਆਮ ਹੋਣ 'ਤੇ ਫਲਾਈਟ ਦੇ ਸਮੇਂ ਵਿਚ ਬਦਲਾਅ ਕੀਤੇ ਜਾ ਸਕਦੇ ਹਨ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਈਰਾਨ ਨੇ ਈਰਾਕ ਸਥਿਤ ਅਜਿਹੇ ਘੱਟੋ-ਘੱਟ 2 ਫੌਜੀ ਅੱੱਡਿਆਂ 'ਤੇ ਇਕ ਦਰਜਨ ਤੋਂ ਜ਼ਿਆਦਾ ਬੈਲਿਸਟਿਕ ਮਿਜ਼ਾਈਲ ਦਾਗੀਆਂ ਜਿਥੇ ਅਮਰੀਕੀ ਫੌਜ ਅਤੇ ਉਸਦੀ ਸਹਿਯੋਗੀ ਫੋਰਸ ਠਹਿਰੇ ਹੋਏ ਸਨ। ਬਗਦਾਦ ਵਿਚ ਅਮਰੀਕੀ ਹਵਾਈ ਹਮਲੇ 'ਚ ਈਰਾਨ ਦੇ ਫੌਜੀ ਕਮਾਂਡਰ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਦੇ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਸੁਲੇਮਾਨੀ 'ਤੇ ਹਮਲੇ ਦਾ ਆਦੇਸ਼ ਸ਼ੁੱਕਰਵਾਰ ਨੂੰ ਅਮਰੀਕਾ ਦੇ ਰਾਸ਼ਰਪਤੀ ਡੋਨਾਲਡ ਟਰੰਪ ਨੇ ਦਿੱਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਟਰੰਪ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਉਹ ਸਥਿਤੀ 'ਤੇ ਨਜ਼ਰ ਬਣਾਏ ਹੋਏ ਹਨ। ਪੇਂਟਾਗਨ ਦੇ ਬੁਲਾਰੇ ਜੋਨਾਥਨ ਹਾਫਮੈਨ ਨੇ ਈਰਾਨ ਦੇ ਮਿਜ਼ਾਈਲ ਹਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ, 'ਅਸੀਂ ਜੰਗ ਵਿਚ ਹੋਏ ਸ਼ੁਰੂਆਤੀ ਨੁਕਸਾਨ ਦਾ ਮੁਲਾਂਕਣ ਕਰ ਰਹੇ ਹਾਂ।' ਇਸ ਤੋਂ ਬਾਅਦ ਈਰਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਈਰਾਨ ਦੇ ਤਾਜ਼ਾ ਹਮਲਿਆਂ 'ਚ 80 ਲੋਕਾਂ ਦੀ ਮੌਤ ਹੋਈ ਹੈ।