ਬੱਚਤ ਖਾਤੇ ''ਤੇ ਲੈਣਾ ਹੈ ਜ਼ਿਆਦਾ ਵਿਆਜ, ਤਾਂ ਹੁਣ ਇੰਨੇ ਜਮ੍ਹਾ ਕਰਾਓ ਪੈਸੇ!

08/17/2017 11:46:51 AM

ਨਵੀਂ ਦਿੱਲੀ— ਜੇਕਰ ਤੁਸੀਂ ਬੈਂਕ 'ਚ ਆਪਣੇ ਬੱਚਤ ਖਾਤੇ 'ਤੇ ਜ਼ਿਆਦਾ ਵਿਆਜ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਵਾਸਤੇ ਵੱਡੀ ਰਕਮ ਜਮ੍ਹਾ ਕਰਾਉਣੀ ਪਵੇਗੀ। ਕਈ ਵੱਡੇ ਬੈਂਕਾਂ ਨੇ ਬੱਚਤ ਖਾਤਿਆਂ 'ਤੇ ਦਿੱਤੇ ਜਾਣ ਵਾਲੇ ਵਿਆਜ 'ਚ ਕਟੌਤੀ ਕਰ ਦਿੱਤੀ ਹੈ। ਭਾਰਤੀ ਸਟੇਟ ਬੈਂਕ, ਬੈਂਕ ਆਫ ਬੜੌਦਾ ਅਤੇ ਐਕਿਸਸ ਬੈਂਕ ਤੋਂ ਬਾਅਦ ਵੀਰਵਾਰ ਨੂੰ ਨਿੱਜੀ ਖੇਤਰ ਦੇ ਸਭ ਤੋਂ ਵੱਡੇ ਬੈਂਕ ਐੱਚ. ਡੀ. ਐੱਫ. ਸੀ. ਨੇ ਵੀ ਬੱਚਤ ਖਾਤੇ 'ਤੇ ਵਿਆਜ ਦਰ 4 ਫੀਸਦੀ ਤੋਂ ਘਟਾ 3.50 ਫੀਸਦੀ ਕਰ ਦਿੱਤੀ ਹੈ। ਹੁਣ 50 ਲੱਖ ਤੋਂ ਘੱਟ ਰਾਸ਼ੀ ਵਾਲੇ ਬੱਚਤ ਖਾਤਿਆਂ 'ਤੇ ਸਿਰਫ 3.50 ਫੀਸਦੀ ਹੀ ਵਿਆਜ ਮਿਲੇਗਾ, ਜਦੋਂ ਕਿ 50 ਲੱਖ ਤੋਂ ਵਧ ਜਮ੍ਹਾ ਰਾਸ਼ੀ 'ਤੇ ਪਹਿਲੇ ਦੀ ਤਰ੍ਹਾਂ 4 ਫੀਸਦੀ ਵਿਆਜ ਮਿਲਦਾ ਰਹੇਗਾ। ਯਾਨੀ ਜਿਨ੍ਹਾਂ ਲੋਕਾਂ ਦੇ ਪੈਸੇ ਬੱਚਤ ਖਾਤੇ 'ਚ 50 ਲੱਖ ਤੋਂ ਘੱਟ ਹੋਣਗੇ ਉਨ੍ਹਾਂ ਨੂੰ 0.5 ਫੀਸਦੀ ਵਿਆਜ ਘੱਟ ਮਿਲੇਗਾ।


ਮੰਨਿਆ ਜਾ ਰਿਹਾ ਹੈ ਕਿ ਨੋਟਬੰਦੀ ਦੇ ਬਾਅਦ ਬੈਂਕਾਂ 'ਚ ਵਧ ਪੈਸੇ ਜਮ੍ਹਾ ਹੋਣ ਕਾਰਨ ਬੱਚਤ ਖਾਤਿਆਂ 'ਤੇ ਵਿਆਜ ਦਰ ਘਟਾਈ ਗਈ ਹੈ। ਉੱਥੇ ਹੀ, ਭਾਰਤੀ ਸਟੇਟ ਬੈਂਕ ਵੱਲੋਂ ਐੱਫ. ਡੀ. 'ਤੇ ਮਿਲਣ ਵਾਲਾ ਵਿਆਜ ਵੀ ਘਟਾਇਆ ਗਿਆ ਸੀ। ਆਓ ਜਾਣਦੇ ਹਾਂ ਕਿਹੜੀ ਬੈਂਕ 'ਚ ਵਿਆਜ ਦਰਾਂ 'ਚ ਕਮੀ ਕੀਤੀ ਗਈ ਹੈ।
1. ਐੱਸ. ਬੀ. ਆਈ. ਬੱਚਤ ਖਾਤਿਆਂ 'ਤੇ ਵਿਆਜ ਘੱਟ ਕਰਨ ਦੀ ਸ਼ੁਰੂਆਤ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਕੀਤੀ ਸੀ। ਐੱਸ. ਬੀ. ਆਈ. ਨੇ ਬੀਤੀ ਦਿਨੀਂ ਇਸ ਵਿਆਜ 'ਚ 0.5 ਫੀਸਦੀ ਦੀ ਕਟੌਤੀ ਕੀਤੀ ਸੀ। ਪਹਿਲਾਂ ਐੱਸ. ਬੀ. ਆਈ. 1 ਕਰੋੜ ਤਕ ਦੀ ਰਾਸ਼ੀ ਵਾਲੇ ਬੱਚਤ ਖਾਤਿਆਂ 'ਤੇ 4 ਫੀਸਦੀ ਦੀ ਦਰ ਨਾਲ ਵਿਆਜ ਦਿੰਦਾ ਸੀ ਪਰ ਕਟੌਤੀ ਦੇ ਬਾਅਦ ਹੁਣ ਇਹ ਦਰ 3.50 ਫੀਸਦੀ ਰਹਿ ਗਈ ਹੈ। ਹਾਲਾਂਕਿ 1 ਕਰੋੜ ਤੋਂ ਉਪਰ ਦੀ ਜਮ੍ਹਾ ਰਾਸ਼ੀ 'ਤੇ ਪਹਿਲੇ ਦੀ ਤਰ੍ਹਾਂ ਵਿਆਜ ਮਿਲਦਾ ਰਹੇਗਾ।
2. ਬੈਂਕ ਆਫ ਬੜੌਦਾ ਬੈਂਕ ਆਫ ਬੜੌਦਾ ਨੇ 50 ਲੱਖ ਰੁਪਏ ਤਕ ਦੇ ਬੱਚਤ ਖਾਤਿਆਂ 'ਤੇ ਵਿਆਜ ਦਰ 4 ਫੀਸਦੀ ਤੋਂ ਘਟਾ ਕੇ 3.50 ਫੀਸਦੀ ਕਰ ਦਿੱਤੀ ਗਈ ਹੈ। ਹਾਲਾਂਕਿ ਇਸ ਤੋਂ ਜ਼ਿਆਦਾ ਜਮ੍ਹਾ ਰਾਸ਼ੀ 'ਤੇ 4 ਫੀਸਦੀ ਵਿਆਜ ਮਿਲਦਾ ਰਹੇਗਾ। 
3. ਐਕਸਿਸ ਬੈਂਕਇੱਥੇ ਵੀ 50 ਲੱਖ ਰੁਪਏ ਤਕ ਦੇ ਬੈਲੰਸ ਵਾਲੇ ਖਾਤਿਆਂ 'ਤੇ ਵਿਆਜ 3.50 ਫੀਸਦੀ ਮਿਲੇਗਾ। ਜਦੋਂ ਕਿ 50 ਲੱਖ ਰੁਪਏ ਤੋਂ ਜ਼ਿਆਦਾ ਦੇ ਬੈਲੰਸ 'ਤੇ 4 ਫੀਸਦੀ ਵਿਆਜ ਮਿਲਦਾ ਰਹੇਗਾ।