AGR ''ਤੇ ਸੁਪਰੀਮ ਕੋਰਟ ''ਚ ਵੋਡਾਫੋਨ ਨੇ ਕਿਹਾ ਤਨਖਾਹ ਦੇਣ ਦੇ ਵੀ ਪੈਸੇ ਨਹੀਂ

06/11/2020 5:48:42 PM

ਨਵੀਂ ਦਿੱਲੀ— ਸੁਪਰੀਮ ਕੋਰਟ 'ਚ ਅੱਜ ਏ. ਜੀ. ਆਰ. ਦੇ ਬਕਾਏ ਦੇ ਮਾਮਲੇ ਵਿੱਚ ਸੁਣਵਾਈ ਹੋਈ। ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਵੋਡਾਫੋਨ ਆਈਡੀਆ ਸਮੇਤ ਪ੍ਰਾਈਵੇਟ ਕੰਪਨੀਆਂ ਨੂੰ 5 ਦਿਨਾਂ ਦੇ ਅੰਦਰ-ਅੰਦਰ ਬਕਾਇਆ ਵਾਪਸ ਕਰਨ ਲਈ ਰੋਡਮੈਪ ਦਾ ਹਲਫਨਾਮਾ ਜਾਰੀ ਕਰਨ ਲਈ ਕਿਹਾ ਹੈ। ਅਦਾਲਤ ਦੇ ਸਾਹਮਣੇ ਵੋਡਾਫੋਨ ਆਈਡੀਆ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਬਕਾਇਆ ਬਹੁਤ ਜ਼ਿਆਦਾ ਹੈ ਅਤੇ 3-4 ਦਿਨਾਂ ਦੇ ਅੰਦਰ ਹਲਫਨਾਮਾ ਦਾਖਲ ਨਹੀਂ ਕਰ ਸਕਦੀ।

ਟੈਲੀਕਾਮ ਕੰਪਨੀ ਨੇ ਕਿਹਾ ਕਿ ਉਸ ਕੋਲ ਇੰਨੇ ਪੈਸੇ ਵੀ ਨਹੀਂ ਹਨ ਕਿ ਉਹ ਰੋਜ਼ਾਨਾ ਖਰਚੇ ਦੇ ਨਾਲ ਆਪਣੇ ਕਰਮਚਾਰੀਆਂ ਨੂੰ ਤਨਖਾਹ ਵੀ ਦੇ ਸਕੇ। ਕੰਪਨੀ ਨੇ ਇਹ ਵੀ ਕਿਹਾ ਕਿ ਉਹ ਇਸ ਮਾਮਲੇ ਵਿੱਚ ਕੋਈ ਬੈਂਕ ਗਰੰਟੀ ਵੀ ਨਹੀਂ ਦੇ ਸਕਦੀ।
ਸਰਕਾਰ ਦੇ ਸਰਕੂਲੇਸ਼ਨ ਮੁਤਾਬਕ, ਵੋਡਾਫੋਨ-ਆਈਡੀਆ 'ਤੇ ਏ. ਜੀ. ਆਰ. ਦਾ 53,000 ਕਰੋੜ ਰੁਪਏ ਬਕਾਇਆ ਹੈ। ਇਸ 'ਚ ਬਕਾਇਆ ਰਕਮ ਤੇ ਵਿਆਜ ਅਤੇ ਜੁਰਮਾਨਾ ਸ਼ਾਮਲ ਵੀ ਹੈ। ਸੁਪਰੀਮ ਕੋਰਟ ਨੇ ਸਰਕਾਰੀ ਕੰਪਨੀਆਂ ਨੂੰ ਰਾਹਤ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਤੋਂ ਕੋਈ ਰਕਮ ਦੀ ਮੰਗ ਕਰਨਾ ਗਲਤ ਹੈ। ਹਾਲਾਂਕਿ, ਨਿੱਜੀ ਕੰਪਨੀਆਂ 'ਤੇ ਕੋਈ ਫੈਸਲਾ ਨਹੀਂ ਲਿਆ ਗਿਆ। ਹੁਣ ਇਸ ਮਾਮਲੇ ਦੀ ਸੁਣਵਾਈ 18 ਜੂਨ ਨੂੰ ਹੋਣੀ ਹੈ।
ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵੋਡਾਫੋਨ ਆਈਡੀਆ ਦੇ ਸ਼ੇਅਰ 11 ਫੀਸਦੀ ਡਿੱਗੇ। ਦੁਪਹਿਰ 2 ਵਜੇ ਵੋਡਾਫੋਨ-ਆਈਡੀਆ ਦੇ ਸ਼ੇਅਰ 11 ਫੀਸਦੀ ਦੀ ਗਿਰਾਵਟ ਨਾਲ 9.65 ਰੁਪਏ 'ਤੇ ਕਾਰੋਬਾਰ ਕਰ ਰਹੇ ਸਨ। ਵੋਡਾਫੋਨ ਆਈਡੀਆ ਨੂੰ ਸੁਪਰੀਮ ਕੋਰਟ ਦੇ ਅਕਤੂਬਰ 2019 ਦੇ ਫੈਸਲੇ ਨਾਲ ਵੱਡਾ ਝਟਕਾ ਲੱਗਾ ਸੀ। ਵੋਡਾਫੋਨ-ਆਈਡੀਆ 'ਤੇ 53,000 ਕਰੋੜ ਰੁਪਏ ਦਾ ਏ. ਜੀ. ਆਰ. ਬਕਾਇਆ ਹੈ।

Sanjeev

This news is Content Editor Sanjeev