ਘੱਟ ਰਹੀ ਹੈ ਵੋਡਾਫੋਨ ਆਈਡੀਆ ਦੇ ਗਾਹਕਾਂ ਦੀ ਗਿਣਤੀ, ਪ੍ਰਮੋਟਰ ਚਿੰਤਤ

07/10/2020 4:47:48 PM

ਮੁੰਬਈ : ਆਦਿੱਤਯ ਬਿਰਲਾ ਗਰੁੱਪ ਅਤੇ ਵੋਡਾਫੋਨ ਗਰੁੱਪ ਦੀ ਟੈਂਸ਼ਨ ਵੱਧ ਰਹੀ ਹੈ। ਇਸ ਦਾ ਕਾਰਣ ਇਹ ਹੈ ਕਿ ਵੋਡਾਫੋਨ ਆਈਡੀਆ ਦੇ ਗਾਹਕਾਂ ਦੀ ਗਿਣਤੀ ਘੱਟ ਰਹੀ ਹੈ। ਇਨ੍ਹਾਂ ਦੋਵਾਂ ਗਰੁੱਪਾਂ ਦੀ ਹਿੱਸੇਦਾਰੀ ਵੋਡਾਫੋਨ ਆਈਡੀਆ 'ਚ ਹੈ। ਮਾਮਲੇ ਨਾਲ ਜੁੜੇ ਸੂਤਰਾਂ ਮੁਤਾਬਕ ਬੀਤੀ 2 ਤਿਮਾਹੀ 'ਚ ਕੰਪਨੀ 2 ਕਰੋੜ ਤੋਂ ਵੱਧ ਗਾਹਕ ਗੁਆ ਚੁੱਕੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ 30 ਜੂਨ ਨੂੰ ਖ਼ਤਮ ਤਿਮਾਹੀ 'ਚ ਕੰਪਨੀ ਦੇ ਹੋਰ 1.5 ਕਰੋੜ ਗਾਹਕ ਘੱਟ ਸਕਦੇ ਹਨ। ਗਾਹਕਾਂ ਦੀ ਘਟਦੀ ਗਿਣਤੀ ਨਾਲ ਕੰਪਨੀ ਦੇ ਪ੍ਰਮੋਟਰ ਕਾਫੀ ਚਿੰਤਤ ਹਨ। ਇਸ ਨਾਲ ਕੰਪਨੀ ਦਾ ਕੰਮਕਾਜ ਜਾਰੀ ਰਹਿਣ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਲੱਗ ਸਕਦਾ ਹੈ।

ਰਣਨੀਤੀ 'ਚ ਕਰਨਾ ਹੋਵੇਗਾ ਬਦਲਾਅ
ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੇ ਸੁਪਰੀਮ ਕੋਰਟ ਤੋਂ ਏ. ਜੀ. ਆਰ. ਦਾ ਬਕਾਇਆ ਚੁਕਾਉਣ ਲਈ 20 ਸਾਲ ਦਾ ਸਮਾਂ ਵੀ ਮਿਲ ਜਾਂਦਾ ਹੈ ਤਾਂ ਵੀ ਬਿਨਾਂ ਗਾਹਕ ਕੰਮਕਾਜ ਜਾਰੀ ਰੱਖਣਾ ਸੰਭਵ ਨਹੀਂ ਹੈਂ। ਕੰਪਨੀ ਦੇ ਪ੍ਰਮੋਟਰਸ ਨੂੰ ਪੂੰਜੀ ਨਿਵੇਸ਼ ਕਰਨਾ ਹੋਵੇਗਾ ਅਤੇ ਰਣਨੀਤੀ 'ਚ ਬਦਲਾਅ ਕਰਨਾ ਹੋਵੇਗਾ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਏ.ਜੀ. ਆਰ. 'ਚ ਰਾਹਤ ਅਹਿਮ ਮਾਮਲਾ ਹੈ। ਇਹ ਵੱਡਾ ਸਵਾਲ ਬਿਜਨੈੱਸ ਨਾਲ ਜੁੜਿਆ ਹੈ। ਕੰਪਨੀ ਦੀ ਸਥਿਤੀ ਕਮਜ਼ੋਰ ਹੋ ਚੁੱਕੀ ਹੈ। ਮੁਕਾਬਲੇਬਾਜ਼ ਆਪਣੀ ਧਾਕ ਜਮਾ ਰਹੇ ਹਨ।

ਜੂਨ ਤਿਮਾਹੀ 'ਚ ਵੋਡਾਫੋਨ ਗੁਆ ਸਕਦੀ ਹੈ 1.5 ਕਰੋੜ ਗਾਹਕ
ਐਕਸਿਸ ਕੈਪੀਟਲ ਦਾ ਮੰਨਣਾ ਹੈ ਕਿ ਜੂਨ ਤਿਮਾਹੀ 'ਚ ਵੋਡਾਫੋਨ 1.5 ਕਰੋੜ ਗਾਹਕ ਗਵਾ ਸਕਦੀ ਹੈ ਜਦੋਂ ਕਿ ਇਸ ਦੌਰਾਨ ਜੀਓ ਨਾਲ 60 ਲੱਖ ਗਾਹਕ ਜੁੜ ਸਕਦੇ ਹਨ। ਏਅਰਟੈੱਲ ਦੇ ਗਾਹਕਾਂ 'ਚ ਵਾਧੇ ਦੀ ਦਰ ਵੀ ਠੀਕ-ਠਾਕ ਹੈ। ਪੂੰਜੀ ਜੁਟਾਉਣ ਅਤੇ ਨਵੇਂ ਨਿਵੇਸ਼ ਦੇ ਮਾਮਲੇ 'ਚ ਬਾਕੀ ਦੋਵੇਂ ਕੰਪਨੀਆਂ ਵੋਡਾਫੋਨ ਆਈਡੀਆ ਤੋਂ ਕਾਫੀ ਅੱਗੇ ਹਨ। ਵੋਡਾਫੋਨ ਅਤੇ ਆਈਡੀਆ ਦਾ ਰਲੇਵਾਂ ਅਗਸਤ 2018 'ਚ ਹੋਇਆ ਸੀ। ਉਦੋਂ ਕੰਪਨੀ ਕੋਲ 40.8 ਕਰੋੜ ਯੂਜ਼ਰਸ ਸਨ। ਮਾਰਚ ਤਿਮਾਹੀ ਤੱਕ ਕੰਪਨੀ ਦੇ ਗਾਹਕਾਂ ਦੀ ਗਿਣਤੀ 11.7 ਕਰੋੜ ਘਟ ਕੇ 29.1 ਕਰੋੜ ਰਹਿ ਗਈ। ਜੀਓ ਕੋਲ 38.8 ਕਰੋੜ ਅਤੇ ਏਅਰਟੈੱਲ ਕੋਲ 28.4 ਕਰੋੜ ਗਾਹਕ ਹਨ।

20 ਸਾਲ ਦਾ ਸਮਾਂ ਮਿਲ ਜਾਣ ਤੋਂ ਬਾਅਦ ਟੈਲੀਕਾਮ ਬਾਜ਼ਾਰ 'ਚ ਬਣੀਆਂ ਰਹਿਣਗੀਆਂ 3 ਕੰਪਨੀਆਂ
ਜੇ ਵੋਡਾਫੋਨ ਆਈਡੀਆ ਨੂੰ ਸਰਕਾਰ ਵਲੋਂ ਪ੍ਰਸਤਾਵਿਤ 20 ਸਾਲ ਦਾ ਸਮਾਂ ਮਿਲ ਜਾਂਦਾ ਹੈ ਤਾਂ ਟੈਲੀਕਾਮ ਕੰਪਨੀਆਂ ਦੇ ਔਸਤ ਰੈਵੇਨਿਊ ਪ੍ਰਤੀ ਯੂਜ਼ਰ 'ਚ ਵਾਧਾ ਹੋਣ ਦੇ ਆਸਾਰ ਹਨ। ਵਿਸ਼ਲੇਸ਼ਕ ਭਾਵੇਂ ਹੀ ਪੂੰਜੀ ਪਾਏ ਜਾਣ ਦੇ ਪੱਖ 'ਚ ਹੋਣ ਪਰ ਕੰਪਨੀ ਦੇ ਪ੍ਰਮੋਟਰਸ ਦੀ ਸੋਚ ਇਸ ਤੋਂ ਵੱਖ ਹੈ। ਸੂਤਰਾਂ ਮੁਤਾਬਕ ਆਦਿਤੱਯ ਬਿਰਲਾ ਗਰੁੱਪ ਪਹਿਲਾਂ ਹੀ ਕਈ ਚੁਣੌਤੀਆਂ ਨਾਲ ਜੂਝ ਰਿਹਾ ਹੈ। ਉਹ ਡੁੱਬਦੀ ਬੇੜੀ ਨੂੰ ਬਚਾਉਣ ਦਾ ਯਤਨ ਸ਼ਾਇਦ ਹੀ ਕਰਨ, ਵੋਡਾਫੋਨ ਵੀ ਅਜਿਹਾ ਨਾ ਕਰਨ ਦੀ ਵਕਾਲਤ ਕਰ ਰਹੀ ਹੈ।


cherry

Content Editor

Related News