ਵਿਸਤਾਰਾ ਦੇ ਯਾਤਰੀ US ਦੀ ਫਲਾਈਟ ਵਿਚ ਕਰ ਸਕਣਗੇ ਸਫਰ, ਲੱਗੀ ਮੌਜ

02/17/2020 3:43:43 PM

ਨਵੀਂ ਦਿੱਲੀ— ਵਿਸਤਾਰਾ ਨੇ ਯੂ. ਐੱਸ. ਦੀ ਯੂਨਾਈਟਿਡ ਏਅਰਲਾਇੰਸ ਨਾਲ ਸੀਟਾਂ ਨੂੰ ਸਾਂਝਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਇਸ ਸੰਬੰਧ 'ਚ ਦੋਹਾਂ ਕੰਪਨੀਆਂ ਵਿਚਕਾਰ ਹੋਇਆ ਸਮਝੌਤਾ ਸ਼ੁੱਕਰਵਾਰ ਤੋਂ ਪ੍ਰਭਾਵੀ ਹੋ ਚੁੱਕਾ ਹੈ।

ਇਸ ਸਮਝੌਤੇ ਤਹਿਤ ਮੁਸਾਫਰਾਂ ਨੂੰ ਇਕ ਹੀ ਕੰਪਨੀ ਦੇ ਮਾਧਿਅਮ ਨਾਲ ਦੂਜੀ ਸਹਿਯੋਗੀ ਕੰਪਨੀ ਦੀ ਫਲਾਈਟ 'ਚ ਟਿਕਟ ਬੁੱਕ ਕਰਨ ਦੀ ਸੁਵਿਧਾ ਮਿਲਦੀ ਹੈ। ਜਨਰਲ ਤੌਰ 'ਤੇ ਲੰਮੀ ਦੂਰੀ ਜਾਂ ਜਿਨ੍ਹਾਂ ਰੂਟਾਂ 'ਤੇ ਕਿਸੇ ਕੰਪਨੀ ਦੀ ਫਲਾਈਟ ਉਪਲੱਬਧ ਨਹੀਂ ਹੁੰਦੀ ਉੱਥੇ ਸਰਵਿਸ ਦੇਣ ਲਈ ਕੰਪਨੀਆਂ ਮਿਲ ਕੇ ਸਰਵਿਸ ਸਾਂਝਾ ਕਰਨ ਲਈ ਇਸ ਤਰ੍ਹਾਂ ਦਾ ਸਮਝੌਤਾ ਕਰਦੀਆਂ ਹਨ।

ਇਸ ਸਮਝੌਤੇ ਤਹਿਤ ਯੂਨਾਈਟਿਡ ਏਅਰਲਾਇੰਸ ਨੂੰ 28 ਫਰਵਰੀ ਤੋਂ ਵਿਸਤਾਰਾ ਦੀਆਂ ਫਲਾਈਟਸ 'ਚ ਸੀਟਾਂ ਬੁੱਕ ਕਰਨ ਦੀ ਸੁਵਿਧਾ ਮਿਲੇਗੀ। ਵਿਸਤਾਰਾ ਮੁਤਾਬਕ, ਦੋਹਾਂ ਕੰਪਨੀਆਂ ਦੇ ਗਾਹਕਾਂ ਨੂੰ ਫਰਵਰੀ 'ਚ ਸ਼ੁਰੂ ਹੋ ਰਹੇ ਇਕ ਯਾਤਰੀ ਪ੍ਰਚਾਰ ਪ੍ਰੋਗਰਾਮ ਤਹਿਤ ਰਿਵਾਰਡ ਅੰਕ ਕਮਾਉਣ ਤੇ ਉਨ੍ਹਾਂ ਨੂੰ ਇਨਕੈਸ਼ ਕਰਵਾਉਣ ਦੀ ਵੀ ਸੁਵਿਧਾ ਮਿਲੇਗੀ। ਵਿਸਤਾਰਾ ਦੇ ਮੁੱਖ ਵਪਾਰਕ ਅਧਿਕਾਰੀ ਵਿਨੋਦ ਕੰਨਨ ਨੇ ਇਕ ਪ੍ਰੈੱਸ ਰਿਲੀਜ਼ 'ਚ ਕਿਹਾ ਕਿ ਦੇਸ਼ ਦੇ ਲੋਕਾਂ ਤੇ ਵਪਾਰ ਲਈ ਅਮਰੀਕਾ ਹੁਣ ਵੀ ਇਕ ਮਹੱਤਵਪੂਰਨ ਸਥਾਨ ਰੱਖਦਾ ਹੈ। ਇਸ ਸਮਝੌਤੇ ਨਾਲ ਆਪਣੇ ਮੁਸਾਫਰਾਂ ਨੂੰ ਅਮਰੀਕਾ ਤੱਕ ਬਿਨਾਂ ਰੁਕਾਵਟ ਯਾਤਰਾ ਸੁਵਿਧਾ ਉਪਲੱਬਧ ਕਰਵਾਉਣ 'ਚ ਮਦਦ ਮਿਲੇਗੀ।