ਕੌਮਾਂਤਰੀ ਉਡਾਣਾਂ 'ਤੇ ਰੋਕ ਵਿਚਕਾਰ ਲੰਡਨ ਲਈ ਇੱਥੋਂ ਉਡਾਣਾਂ ਦੁਬਾਰਾ ਸ਼ੁਰੂ

09/02/2020 5:48:53 PM

ਮੁੰਬਈ— ਬ੍ਰਿਟੇਨ ਦੀ ਵਰਜਿਨ ਐਟਲਾਂਟਿਕ ਨੇ ਬੁੱਧਵਾਰ ਨੂੰ ਬੋਇੰਗ 787 ਡਰੀਮਲਾਈਨਰ ਨਾਲ ਦਿੱਲੀ ਤੋਂ ਲੰਡਨ ਹੀਥਰੋ ਲਈ ਸੇਵਾਵਾਂ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਹੈ। ਉੱਥੇ ਹੀ, 17 ਸਤੰਬਰ ਤੋਂ ਇਹ ਮੁੰਬਈ ਤੋਂ ਲੰਡਨ ਦੇ ਹੀਥਰੋ ਲਈ ਉਡਾਣਾਂ ਦੁਬਾਰਾ ਸ਼ੁਰੂ ਕਰੇਗੀ। ਕੰਪਨੀ ਨੇ ਬੁੱਧਵਾਰ ਨੂੰ ਇਕ ਪ੍ਰੈੱਸ ਰਿਲੀਜ਼ 'ਚ ਇਹ ਜਾਣਕਾਰੀ ਦਿੱਤੀ।

ਹਵਾਈ ਸੇਵਾ ਕੰਪਨੀ ਵਰਜਿਨ ਐਟਲਾਂਟਿਕ ਦੇ ਕੰਟਰੀ ਮੈਨੇਜਰ ਨੇ ਕਿਹਾ, ''ਦੁਬਾਰਾ ਸੇਵਾਵਾਂ ਸ਼ੁਰੂ ਕਰਨ ਨਾਲ ਸਾਡੇ ਗਾਹਕਾਂ ਵੱਲੋਂ ਮਿਲੀ ਪ੍ਰਤੀਕਿਰਿਆ ਬਹੁਤ ਉਤਸ਼ਾਹਜਨਕ ਹੈ।''

ਉੱਥੇ ਹੀ, ਏਅਰਲਾਈਨ ਜਹਾਜ਼ 'ਚ ਯਾਤਰਾ ਦੌਰਾਨ ਇਕਨੋਮੀ ਤੇ ਪ੍ਰੀਮੀਅਮ ਇਕਨੋਮੀ ਕਲਾਸਾਂ 'ਚ ਖਾਣ-ਪੀਣ ਦਾ ਸਾਮਾਨ ਵੀ ਉਪਲਬਧ ਕਰਾ ਰਹੀ ਹੈ। ਗੌਰਤਲਬ ਹੈ ਕਿ ਸਰਕਾਰ ਵੱਲੋਂ ਕੌਮਾਂਤਰੀ ਯਾਤਰੀ ਉਡਾਣਾਂ 'ਤੇ ਪਾਬੰਦੀ 30 ਸਤੰਬਰ ਤੱਕ ਲਈ ਵਧਾਈ ਗਈ ਹੈ। ਹਾਲਾਂਕਿ, ਇਹ ਹੁਕਮ ਉਨ੍ਹਾਂ ਉਡਾਣਾਂ 'ਤੇ ਲਾਗੂ ਨਹੀਂ ਹੈ, ਜੋ ਡੀ. ਜੀ. ਸੀ. ਏ. ਤੋਂ ਇਜਾਜ਼ਤ ਲੈ ਕੇ ਉਡਾਣ ਭਰ ਰਹੀਆਂ ਹਨ।

ਵੰਦੇ ਭਾਰਤ ਮਿਸ਼ਨ ਤਹਿਤ ਮਈ ਤੋਂ ਅਤੇ 'ਏਅਰ ਬੱਬਲ' ਸਮਝੌਤੇ ਤਹਿਤ ਜੁਲਾਈ ਤੋਂ ਵਿਸ਼ੇਸ਼ ਉਡਾਣਾਂ ਚੱਲ ਰਹੀਆਂ ਹਨ। ਭਾਰਤ ਦਾ ਇਸ ਸਮੇਂ ਅਮਰੀਕਾ, ਬ੍ਰਿਟੇਨ, ਜਰਮਨੀ, ਫਰਾਂਸ, ਕਤਰ, ਮਾਲਦੀਵ ਅਤੇ ਯੂ. ਏ. ਈ. ਨਾਲ ਏਅਰ ਬੱਬਲ ਸਮਝੌਤਾ ਹੈ, ਜਿਸ ਤਹਿਤ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਕੁਝ ਸ਼ਰਤਾਂ ਨਾਲ ਸੀਮਤ ਉਡਾਣਾਂ ਨੂੰ ਇਜਾਜ਼ਤ ਦਿੱਤੀ ਗਈ ਹੈ। ਇਸ ਸੰਬੰਧ 'ਚ 13 ਹੋਰ ਦੇਸ਼ਾਂ ਨਾਲ ਗੱਲਬਾਤ ਚੱਲ ਰਹੀ ਹੈ। ਪਿਛਲੇ ਮਹੀਨੇ Virgin Atlantic ਨੇ ਕਿਹਾ ਸੀ ਕਿ ਉਹ ਭਾਰਤ ਅਤੇ ਯੂ. ਕੇ. ਵਿਚਕਾਰ ਹੋਏ 'ਏਅਰ ਬੱਬਲ' ਸਮਝੌਤੇ ਤਹਿਤ ਦਿੱਲੀ ਤੇ ਮੁੰਬਈ ਅਤੇ ਲੰਡਨ ਦੇ ਹੀਥਰੋ ਹਵਾਈ ਅੱਡੇ ਵਿਚਕਾਰ ਉਡਾਣਾਂ ਦੁਬਾਰਾ ਸ਼ੁਰੂ ਕਰੇਗੀ। ਲੰਡਨ ਹੀਥਰੋ-ਦਿੱਲੀ ਮਾਰਗ 'ਤੇ ਹਫ਼ਤੇ 'ਚ ਤਿੰਨ ਉਡਾਣਾਂ ਹੋਣਗੀਆਂ।


Sanjeev

Content Editor

Related News