ਵਿਜੇ ਮਾਲਿਆ ਨੂੰ ਝਟਕਾ, ਲੰਡਨ ਦੀ ਅਦਾਲਤ ਨੇ ਖਾਰਿਜ ਕੀਤੀ ਹਵਾਲਗੀ ਖਿਲਾਫ ਦਾਇਰ ਪਟੀਸ਼ਨ

04/21/2020 1:22:08 AM

ਨਵੀਂ ਦਿੱਲੀ (ਇੰਟ.) - ਭਾਰਤ ਤੋਂ ਭਗੌੜਾ ਐਲਾਨੇ ਕਾਰੋਬਾਰੀ ਵਿਜੇ ਮਾਲਿਆ ਨੂੰ ਵੱਡਾ ਝਟਕਾ ਲੱਗਾ ਹੈ। ਜਾਣਕਾਰੀ ਮੁਤਾਬਕ ਲੰਡਨ ਦੀ ਇਕ ਹਾਈਕੋਰਟ ’ਚ ਮਾਲਿਆ ਨੇ ਆਪਣੀ ਹਵਾਲਗੀ ਦੇ ਖਿਲਾਫ ਅਪੀਲ ਕੀਤੀ ਸੀ, ਜਿਸਨੂੰ ਕੋਰਟ ਨੇ ਅੱਜ ਖਾਰਿਜ ਕਰ ਦਿੱਤਾ ਹੈ। ਦੱਸ ਦਈਏ ਕਿ ਭਗੌੜਾ ਕਾਰੋਬਾਰੀ ਮਾਲਿਆ ਭਾਰਤ ’ਚ 9,000 ਕਰੋੜ ਰੁਪਏ ਦੀ ਧੋਖਾਦੇਹੀ ਅਤੇ ਮਨੀ ਲਾਂਡਰਿੰਗ ਮਾਮਲੇ ਨਾਲ ਜੁੜਿਆ ਹੈ।

ਜਾਣਕਾਰੀ ਮੁਤਾਬਕ ਮਾਲਿਆ ਨੇ ਫਰਵਰੀ ਇੰਗਲੈਂਡ ਅਤੇ ਵੇਲਸ ਦੀ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕੋਰਟ ਨੇ ਇਹ ਮੰਨਿਆ ਹੈ ਕਿ ਮਾਲਿਆ ਦੇ ਖਿਲਾਫ ਭਾਰਤ ’ਚ ਕਈ ਵੱਡੇ ਦੋਸ਼ ਲੱਗੇ ਹਨ। ਭਾਰਤ ’ਚ ਕਈ ਬੈਂਕਾਂ ਨਾਲ ਮਾਲਿਆ ਦੀ ਕੰਪਨੀ ਕਿੰਗਫਿਸ਼ਰ ਏਅਰਲਾਈਸ ਵਲੋਂ ਉਧਾਰ ਲਏ ਗਏ 9,000 ਕਰੋੜ ਰੁਪਏ ਦੇ ਵਿੱਤੀ ਅਪਰਾਧਾਂ ਲਈ ਉਹ ਭਾਰਤ ’ਚ ਲੋੜੀਂਦਾ ਹੈ। ਲੰਡਨ ਦੀ ਹਾਈਕੋਰਟ ਦੇ ਇਸ ਫੈਸਲੇ ਤੋਂ ਬਾਅਦ ਹੁਣ ਮਾਲਿਆ ਦੀ ਹਵਾਲਗੀ ’ਤੇ ਆਖਰੀ ਫੈਸਲੇ ਦਾ ਮਾਮਲਾ ਹੁਣ ਬ੍ਰਿਟੇਨ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਕੋਲ ਜਾਏਗਾ। ਖਬਰ ਮੁਤਾਬਕ ਲੰਡਨ ’ਚ ਰਾਇਲ ਕੋਰਟ ਆਫ ਜਸਟਿਸ ’ਚ ਲਾਰਡ ਜਸਟਿਸ ਸਟੀਫਨ ਇਰਵਿਨ ਅਤੇ ਜਸਟਿਸ ਐਲੀਜਾਬੇਥ ਲਿੰਗ ਦੇ ਦੋ ਮੈਂਬਰੀ ਬੈਂਚ ਨੇ ਮਾਲਿਆ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ। ਇਸ ਮਾਸਲੇ ਦੀ ਪੂਰੀ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ।

Inder Prajapati

This news is Content Editor Inder Prajapati