ਕੋਚਰ ਦੀ ਸੰਪਤੀ ਹੋ ਸਕਦੀ ਹੈ ਕੁਰਕ

01/10/2020 3:33:19 PM

ਨਵੀਂ ਦਿੱਲੀ– ਵੀਡੀਓਕਾਨ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਆਈ.ਸੀ.ਆਈ.ਸੀ.ਆਈ. ਬੈਂਕ ਦੀ ਸਾਬਕਾ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜ ਅਧਿਕਾਰੀ ਚੰਦਾ ਕੋਚਰ ਅਤੇ ਉਨ੍ਹਾਂ ਦੇ ਪਤੀ ਦੀਪਕ ਕੋਚਰ ਦੀ ਚਲ-ਅਚਲ ਸੰਪਤੀ ਨੂੰ ਅਸਥਾਈ ਰੂਪ ਨਾਲ ਕੁਰਕ ਕੀਤਾ ਜਾ ਸਕਦਾ ਹੈ। ਚੰਦਾ ’ਤੇ ਵੀਡੀਓਕਾਨ ਸਮੂਹ ਨੂੰ ਕਰਜ਼ ਦੇਣ ’ਚ ਲਾਪਰਵਾਹੀ ਵਰਤਣ ਦਾ ਦੋਸ਼ ਹੈ। ਇਨ੍ਹਾਂ ਸੰਪਤੀਆਂ ’ਚ ਦੱਖਣ ਮੁੰਬਈ ਦੇ ਆਲੀਸ਼ਾਨ ਇਲਾਕੇ ’ਚ ਸਥਿਤ ਚੰਦਾ ਦਾ ਅਪਾਰਟਮੈਂਟ ਵੀ ਸ਼ਾਮਲ ਹੈ ਜਿਥੇ ਹੁਣ ਕੋਚਰ ਪਰਿਵਾਰ ਰਹਿ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਕੁਝ ਸ਼ੇਅਰ ਅਤੇ ਨਿਵੇਸ਼ ਵੀ ਕੁਰਕ ਕੀਤੇ ਜਾ ਸਕਦੇ ਹਨ। ਨਾਲ ਹੀ ਦੀਪਕ ਕੋਚਰ ਦੀਆਂ ਕੰਪਨੀਆਂ ਦੇ ਦਫਤਰ ਵੀ ਕੁਰਚ ਹੋ ਸਕਦੇ ਹਨ ਜਿਨ੍ਹਾਂ ’ਚ ਨਿਊਪਾਵਰ ਰੀਨਿਊਏਬਲਸ ਦੇ ਦਫਤਰ ਵੀ ਸ਼ਾਮਲ ਹਨ। 

ਈ.ਡੀ. ਦੇ ਇਕ ਸੂਤਰ ਨੇ ਕਿਹਾ ਕਿ ਇਨ੍ਹਾਂ ਸੰਪਤੀਆਂ ਦੀ ਨਿਵੇਸ਼ ਕੀਮਤ ਕਰੀਬ 100 ਕਰੋੜ ਰੁਪਏ ਹੈ ਪਰ ਇਨ੍ਹਾਂ ਦਾ ਬਾਜ਼ਾਰ ਮੁਲ 800 ਕਰੋੜ ਰੁਪਏ ਜਾਂ ਇਸ ਤੋਂ ਜ਼ਿਆਦਾ ਹੋ ਸਕਦਾ ਹੈ। ਇਸ ਮਾਮਲੇ ’ਚ ਪਿਛਲੇ ਸਾਲ ਜਨਵਰੀ ’ਚ ਮਾਮਲਾ ਦਰਜ ਕੀਤਾ ਗਿਆ ਸੀ ਜਿਨ੍ਹਾਂ ’ਚ ਚੰਦਾ ਕੋਚਰ ਅਤੇ 8 ਹੋਰ ਨੂੰ ਦੋਸ਼ੀ ਬਣਾਇਆ ਗਿਆ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਈ.ਡੀ. ਦੀ ਇਹ ਪਹਿਲੀ ਵੱਡੀ ਕਾਰਵਾਈ ਹੋਵੇਗੀ। ਸੂਤਰਾਂ ਮੁਤਾਬਕ, ਈ.ਡੀ. ਇਸ ਹਫਤੇ ਦੇ ਅੰਤ ਤਕ ਮਨੀ ਲਾਂਡਰਿੰਗ ਵਿਰੋਧੀ ਕਾਨੂੰਨ (ਪੀ.ਐੱਮ.ਐੱਲ.ਏ.) ਤਹਿਤ ਅਪਰਾਧ ਦੀ ਕਮਾਈ ਦੀ ਅਸਥਾਈ ਕੁਰਕੀ ਲਈ ਆਦੇਸ਼ ਜਾਰੀ ਕਰੇਗਾ। ਇਹ ਆਦੇਸ਼ 180 ਦਿਨਾਂ ਤਕ ਯੋਗ ਰਹੇਗਾ ਅਤੇ ਅਦਾਲਤ ਦੀ ਪੁੱਸ਼ਟੀ ਤੋਂ ਬਾਅਦ ਇਨ੍ਹਾਂ ਸੰਪਤੀਆਂ ਦੀ ਕੁਰਕੀ ਕੀਤੀ ਜਾਵੇਗੀ।