ਵੱਡੀ ਖ਼ਬਰ! UK ਤੋਂ ਜਲਦ ਨੀਰਵ ਮੋਦੀ ਨੂੰ ਭਾਰਤ ਲਿਆ ਸਕਦੀ ਹੈ ਸਰਕਾਰ

01/09/2021 2:44:58 PM

ਲੰਡਨ- ਬ੍ਰਿਟਿਸ਼ ਅਦਾਲਤ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਭਾਰਤ ਹਵਾਲੇ ਕਰਨ ਬਾਰੇ ਫ਼ੈਸਲਾ 25 ਫਰਵਰੀ ਨੂੰ ਸੁਣਾ ਸਕਦੀ ਹੈ। ਇਸ ਮਾਮਲੇ ਦੀ ਸੁਣਵਾਈ ਪੂਰੀ ਹੋ ਚੁੱਕੀ ਹੈ। ਨੀਰਵ ਮੋਦੀ ਨੂੰ ਭਾਰਤ ਹਵਾਲੇ ਕਰਨ ਦੇ ਮਾਮਲੇ ਵਿਚ ਬ੍ਰਿਟੇਨ ਦੀ ਅਦਾਲਤ ਵਿਚ ਅੰਤਿਮ ਸੁਣਵਾਈ ਵਿਚ ਦੱਸਿਆ ਗਿਆ ਕਿ ਨੀਰਵ ਮੋਦੀ ਪੌਂਜੀ ਵਰਗੀ ਇਕ ਸਕੀਮ ਚਲਾ ਰਿਹਾ ਸੀ, ਜਿਸ ਕਾਰਨ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਵਿਚ ਉਸ ਨੇ ਵੱਡੀ ਧੋਖਾਧੜੀ ਕੀਤੀ।

ਨੀਰਵ ਮੋਦੀ ਲੰਡਨ ਦੀ ਵੈਂਡਸਵਰਥ ਜੇਲ੍ਹ ਵਿਚ ਬੰਦ ਹੈ। ਉਸ ਨੂੰ ਪਿਛਲੇ ਸਾਲ ਭਾਰਤ ਦੀ ਹਵਾਲਗੀ ਬੇਨਤੀ ਮਗਰੋਂ ਲੰਡਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। 8 ਜਨਵਰੀ ਨੂੰ ਪੂਰੀ ਹੋਈ ਅੰਤਿਮ ਸੁਣਵਾਈ ਵਿਚ ਨੀਰਵ ਮੋਦੀ ਵੀਡੀਓ ਲਿੰਕ ਜ਼ਰੀਏ ਵੈਸਟਮਿੰਸਟਰ ਅਦਾਲਤ ਵਿਚ ਪੇਸ਼ ਹੋਇਆ।

ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਭਾਰਤ ਵਿਚ ਪੀ. ਐੱਨ. ਬੀ. ਨਾਲ ਹੋਈ ਧੋਖਾਧੜੀ ਦੇ ਮਾਮਲੇ ਵਿਚ ਲੌੜੀਂਦਾ ਹੈ। ਨੀਰਵ ਮੋਦੀ ਅਤੇ ਮੇਹੁਲ ਚੌਕਸੀ ਨੇ ਕੁਝ ਬੈਂਕ ਅਧਿਕਾਰੀਆਂ ਨਾਲ ਮਿਲ ਕੇ ਗਾਰੰਟੀ ਪੱਤਰ ਜ਼ਰੀਏ ਪੀ. ਐੱਨ. ਬੀ. ਨਾਲ 14 ਹਜ਼ਾਰ ਕਰੋੜ ਰੁਪਏ ਦਾ ਘੋਟਾਲਾ ਕੀਤਾ ਹੈ। ਨੀਰਵ ਨੂੰ 2019 ਵਿਚ ਭਗੌੜਾ ਐਲਾਨਿਆ ਗਿਆ ਸੀ। ਪੀ. ਐੱਨ. ਬੀ. ਧੋਖਾਧੜੀ ਮਾਮਲੇ ਵਿਚ ਜਾਂਚ ਕਰ ਰਹੀ ਸੀ. ਬੀ. ਆਈ. ਅਤੇ ਈ. ਡੀ. ਦੀ ਬੇਨਤੀ 'ਤੇ 19 ਮਾਰਚ 2019 ਨੂੰ ਲੰਡਨ ਵਿਚ ਗ੍ਰਿਫਤਾਰ ਹੋਣ ਤੋਂ ਬਾਅਦ ਨੀਰਵ ਮੋਦੀ ਜੇਲ੍ਹ ਵਿਚ ਹੈ।

Sanjeev

This news is Content Editor Sanjeev