20,000 ਦਾ ਨਵਾਂ ਨੋਟ ਦੇਖ ਕੇ ਲੋਕ ਹੋਏ ਹੈਰਾਨ

01/17/2017 3:33:14 PM

ਕਰਾਕਾਸ— ਵੈਨੇਜ਼ੁਏਲਾ ਦੇ ਲੋਕ ਨਵੇਂ ਨੋਟ ਲੈਣ ਲਈ ਏ. ਟੀ. ਐੱਮਜ਼ ਦੇ ਬਾਹਰ ਲੰਬੀਆਂ ਕਾਤਰਾਂ ''ਚ ਖੜ੍ਹੇ ਹਨ। ਇੱਥੋਂ ਦੀ ਸਰਕਾਰ ਨੇ ਦੇਸ਼ ''ਚ ਅਸਮਾਨ ਛੂੰਹਦੀ ਮਹਿੰਗਾਈ ਨਾਲ ਨਜਿੱਠਣ ਲਈ 500 ਤੋਂ 20,000 ਬੋਲੀਵਰ ਦੇ ਨਵੇਂ ਨੋਟ ਜਾਰੀ ਕੀਤੇ ਹਨ। ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੁਰੋ ਨੇ ਕਿਹਾ ਕਿ ਇਸ ਨਾਲ ਆਰਥਿਕ ਸੰਕਟ ਨਾਲ ਜੂਝ ਰਹੀ ਦੇਸ਼ ਦੀ ਅਰਥਵਿਵਸਥਾ ਨੂੰ ਸਥਿਰ ਕਰਨ ''ਚ ਮਦਦ ਮਿਲੇਗੀ।

ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਨੇ ਪਿਛਲੇ ਮਹੀਨੇ ਦੇਸ਼ ''ਚ 100 ਬੋਲੀਵਰ ਦੇ ਸਭ ਤੋਂ ਵੱਡੇ ਨੋਟਾਂ ਨੂੰ ਬਾਜ਼ਾਰ ''ਚੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। ਇਸ ਫੈਸਲੇ ਕਾਰਨ ਦੇਸ਼ ''ਚ ਲੁੱਟ-ਖੋਹ ਅਤੇ ਥਾਂ-ਥਾਂ ''ਤੇ ਪ੍ਰਦਰਸ਼ਨ ਸ਼ੁਰੂ ਹੋ ਗਏ। ਇਸ ਨੂੰ ਦੇਖਦੇ ਹੋਏ ਰਾਸ਼ਟਰਪਤੀ ਨੂੰ ਆਪਣੇ ਕਦਮ ਪਿੱਛੇ ਖਿਚਣੇ ਪਏ ਅਤੇ ਐਤਵਾਰ ਨੂੰ ਉਨ੍ਹਾਂ ਨੇ ਐਲਾਨ ਕੀਤਾ ਕਿ 20 ਫਰਵਰੀ ਤਕ ਪੁਰਾਣੇ 100 ਬੋਲੀਵਰ ਦੇ ਨੋਟ ਚੱਲਦੇ ਰਹਿਣਗੇ।

ਰਾਜਧਾਨੀ ਕਾਰਾਕਾਸ ਦੇ ਲੋਕ ਵੱਡੀ ਰਾਸ਼ੀ ਦੇ ਨੋਟ ਦੇਖ ਕੇ ਹੈਰਾਨ ਹਨ ਪਰ ਦੇਸ਼ ''ਚ ਤਿੰਨ ਅੰਕਾਂ ''ਚ ਪਹੁੰਚੀ ਮਹਿੰਗਾਈ ਕਾਰਨ ਪਰਿਵਾਰਾਂ ਦੀ ਖਰੀਦ ਸ਼ਕਤੀ ਬਹੁਤ ਘੱਟ ਗਈ ਹੈ। ਇੱਥੋਂ ਤਕ ਕਿ ਨਵੇਂ ਨੋਟ ''ਚ ਜਿਹੜੇ 20,000 ਬੋਲੀਵਰ ਦੇ ਵੱਡੇ ਨੋਟ ਹਨ, ਉਨ੍ਹਾਂ ਦੀ ਬਾਜ਼ਾਰ ''ਚ ਕੀਮਤ ਸਿਰਫ 6 ਡਾਲਰ ਬੋਲੀ ਜਾ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯਕੀਨ ਨਹੀਂ ਸੀ ਕਿ ਕਦੇ ਇੰਨੀ ਵੱਡੀ ਰਕਮ ਦੇ ਨੋਟ ਜਾਰੀ ਹੋਣਗੇ। ਹਾਲਾਂਕਿ, ਉਨ੍ਹਾਂ ਦਾ ਕਹਿਣਾ ਹੈ ਕਿ ਮਹਿੰਗਾਈ ਇੰਨੀ ਜ਼ਿਆਦਾ ਵਧ ਚੁੱਕੀ ਹੈ ਕਿ ਉਨ੍ਹਾਂ ਨੂੰ ਨੋਟਾਂ ਨਾਲ ਭਰੀ ਪੂਰੀ ਗੱਡੀ ਲੈ ਕੇ ਚੱਲਣਾ ਪੈਂਦਾ ਹੈ, ਨਵੇਂ ਵੱਡੇ ਨੋਟਾਂ ਨਾਲ ਕੁਝ ਰਾਹਤ ਮਿਲ ਸਕਦੀ ਹੈ। ਸਰਕਾਰ ਨੇ ਕੱਲ ਵਿਸ਼ੇਸ਼ ਵਿਦੇਸ਼ੀ ਕਰੰਸੀ ਵਟਾਂਦਰਾ ਕੇਂਦਰਾਂ ਦੇ ਉਦਘਾਟਨ ਦੀ ਵੀ ਯੋਜਨਾ ਬਣਾਈ ਹੈ। ਇਹ ਕੇਂਦਰ ਸਰਹੱਦ ਦੇ ਨਜ਼ਦੀਕ ਬਣਾਏ ਜਾਣਗੇ ਤਾਂ ਕਿ ਗੈਰ-ਕਾਨੂੰਨੀ ਕਾਰੋਬਾਰ ''ਤੇ ਰੋਕ ਲਾਈ ਜਾ ਸਕੇ।