200 ਕਰੋੜ ਦੇ ਨਿਵੇਸ਼ ਨਾਲ ਅਪਗ੍ਰੇਡ ਹੋਵੇਗਾ ਵਰਧਮਾਨ ਸਟੀਲਜ਼ ਦਾ ਲੁਧਿਆਣਾ ਪਲਾਂਟ

11/20/2019 3:43:33 PM

ਲੁਧਿਆਣਾ — ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਨੇ ਜਾਪਾਨ ਦੀ ਟੋਯੋਟਾ ਗਰੁੱਪ ਦੀ ਕੰਪਨੀ ਆਇਚੀ ਸਟੀਲ ਕਾਰਪੋਰੇਸ਼ਨ ਦੇ ਨਾਲ ਸਮਝੌਤਾ ਕੀਤਾ ਹੈ। ਇਸ ਦੇ ਤਹਿਤ ਵਰਧਮਾਨ ਆਪਣੇ ਲੁਧਿਆਣਾ ਪਲਾਂਟ ਨੂੰ ਅਪਗ੍ਰੇਡ ਕਰੇਗੀ। ਅਪਗ੍ਰੇਡੇਸ਼ਨ 'ਤੇ 200 ਕਰੋੜ ਵਿਚੋਂ 50 ਕਰੋੜ ਆਇਚੀ ਨਿਵੇਸ਼ ਕਰੇਗੀ। ਇਸ ਦੇ ਨਾਲ ਹੀ ਵਰਧਮਾਨ ਸਪੈਸ਼ਲ ਸਟੀਲਜ਼ 'ਚ ਆਇਚੀ ਦੀ ਹਿੱਸੇਦਾਰੀ 11.5 ਫੀਸਦੀ ਹੋਵੇਗੀ। ਇਹ ਜਾਣਕਾਰੀ ਕੰਪਨੀ ਦੇ ਵਾਈਸ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਸਚਿਤ ਜੈਨ ਨੇ ਮੰਗਲਵਾਰ ਨੂੰ ਕੰਪਨੀ ਕਾਰਪੋਰੇਟ ਆਫਿਸ 'ਚ ਪੱਤਰਕਾਰਾਂ ਨੂੰ ਦਿੱਤੀ।

ਸਚਿਤ ਜੈਨ ਨੇ ਕਿਹਾ ਕਿ ਇਸ ਦੇ ਤਹਿਤ ਕੰਪਨੀ ਨੇ ਫਰਨੇਸ ਯੂਨਿਟ ਨੂੰ ਬਦਲ ਕੇ ਅਪਗ੍ਰੇਡ ਕੀਤਾ ਹੈ। ਇਸ ਨਾਲ ਕੰਪਨੀ ਦੀ ਉਤਪਾਦਨ ਸਮਰੱਥਾ ਦੋ ਲੱਖ ਟਨ ਸਟੀਲ ਬਣਾਉਣ ਤੋਂ ਵਧ ਕੇ 2.40 ਲੱਖ ਟਨ ਸਾਲਾਨਾ ਹੋ ਜਾਵੇਗੀ, ਇਸ ਦੇ ਨਾਲ ਹੀ ਉਤਪਾਦਨ ਦੀ ਲਾਗਤ 'ਚ ਵੀ ਕਮੀ ਆਵੇਗੀ। ਇਸ ਤੋਂ ਇਲਾਵਾ ਕਾਸਟਿੰਗ ਯੂਨਿਟ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਅਤੇ ਰੋਲਿੰਗ 'ਚ ਵੀ ਨਿਵੇਸ਼ ਕੀਤਾ ਜਾ ਰਿਹਾ ਹੈ। ਕੁੱਲ ਮਿਲਾ ਕੇ ਇਸ ਨਿਵੇਸ਼ ਨਾਲ ਕੰਪਨੀ ਵਿਸ਼ਵ ਪੱਧਰੀ ਅਲਾਏ ਸਟੀਲਜ਼ ਦਾ ਉਤਪਾਦਨ ਕਰੇਗੀ। ਫਿਲਹਾਲ ਇਹ ਵਿਸ਼ੇਸ਼ ਤਰ੍ਹਾਂ ਦਾ ਸਟੀਲ ਘਰੇਲੂ ਮਾਰਕਿਟ ਲਈ ਵਿਦੇਸ਼ ਤੋਂ ਆਯਾਤ ਕੀਤਾ ਜਾ ਰਿਹਾ ਹੈ। ਹੁਣ ਇਸ ਦੀ ਸਪਲਾਈ ਵਰਧਮਾਨ ਸਟੀਲ ਕਰੇਗੀ। ਸਚਿਤ ਜੈਨ ਨੇ ਕਿਹਾ ਕਿ ਵਰਧਮਾਨ ਦਾ ਸਪੈਸ਼ਲ ਅਲਾਇ ਸਟੀਲਜ਼ ਆਟੋਮੋਬਾਈਲ ਕੰਪਨੀਆਂ 'ਚ ਸਪਲਾਈ ਕੀਤਾ ਜਾ ਰਿਹਾ ਹੈ। ਅਪਗ੍ਰੇਡੇਸ਼ਨ ਦੇ ਬਾਅਦ ਬਣਨ ਵਾਲੇ ਸਪੈਸ਼ਲ ਸਟੀਲਜ਼ ਉਤਪਾਦ ਮਾਰੂਤੀ ਤੋਂ ਇਲਾਵਾ  ਟਯੋਟਾ ਸਮੇਤ ਸਾਰੀਆਂ ਆਟੋਮੋਬਾਈਲ ਕੰਪਨੀਆਂ ਨੂੰ ਦਿੱਤੇ ਜਾਣਗੇ। ਟਯੋਟਾ ਨੂੰ ਥਾਈਲੈਂਡ ਅਤੇ ਇੰਡੋਨੇਸ਼ਿਆ ਸਮੇਤ ਵਿਦੇਸ਼ 'ਚ ਵੀ ਵਿਸ਼ੇਸ਼ ਸਟੀਲ ਦੀ ਜ਼ਰੂਰਤ ਹੈ। ਇਸ ਦੀ ਸਪਲਾਈ ਵੀ ਇਥੋਂ ਕੀਤੀ ਜਾਵੇਗੀ। ਆਇਚੀ ਦੇ ਜਾਪਾਨੀ ਮਾਹਰ ਲੁਧਿਆਣੇ ਵਿਚ ਹੀ ਰਹਿ ਕੇ ਤਕਨੀਕ ਅਤੇ ਪ੍ਰੋਸੈੱਸ 'ਤੇ ਮਾਰਗ ਦਰਸ਼ਨ ਕਰਦੇ ਰਹਿਣਗੇ।

ਸਚਿਨ ਜੈਨ ਨੇ ਸੂਬਾ ਸਰਕਾਰ ਦੀ ਨਵੀਂ ਉਦਯੋਗਿਕ ਨੀਤੀ ਦੀ ਵੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸੂਬੇ 'ਚ ਨਵਾਂ ਨਿਵੇਸ਼ ਆਉਣ ਨਾਲ ਵਧੀਆ ਮਾਹੌਲ ਬਣੇਗਾ। ਇਸ ਕਾਰਨ ਵਿਦੇਸ਼ੀ ਕੰਪਨੀਆਂ ਵੀ ਸੂਬੇ 'ਚ ਨਿਵੇਸ਼ ਕਰਨ ਲਈ ਆ ਰਹੀਆਂ ਹਨ। ਜਾਪਾਨ ਦੀ ਆਇਚੀ ਕੰਪਨੀ ਦੇ ਅਧਿਕਾਰੀਆਂ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਹੈ। ਸਰਕਾਰ ਕੋਲੋਂ ਵੀ ਜਾਪਾਨੀ ਕਾਰੋਬਾਰੀਆਂ ਨੂੰ ਸਕਾਰਾਤਮਕ ਮਾਹੌਲ ਮਿਲਿਆ ਹੈ। ਵਰਧਮਾਨ ਸਪੈਸ਼ਲ ਸਟੀਲਜ਼ ਦੀ ਸਥਾਪਨਾ 1973 'ਚ ਹੋਈ ਸੀ। ਇਹ 1.2 ਬਿਲੀਅਨ ਡਾਲਰ ਦੀ ਕੰਪਨੀ ਹੈ। ਕੰਪਨੀ ਆਟੋਮੋਬਾਈਲ ਸੈਕਟਰ ਨੂੰ ਸਪੈਸ਼ਲ ਅਤੇ ਅਲਾਇ ਸੀਟਲਜ਼ ਮੁਹੱਈਆ ਕਰਵਾ ਰਹੀ ਹੈ।