2G ਪੂਰੀ ਤਰ੍ਹਾਂ ਹੋ ਜਾਵੇਗਾ ਖਤਮ, 3ਜੀ ਵੀ ਹੋ ਸਕਦਾ ਹੈ ਠੱਪ!

02/20/2019 11:37:47 AM

ਨਵੀਂ ਦਿੱਲੀ— ਜਿਓ ਦੇ ਆਉਣ ਨਾਲ ਭਾਰਤ 'ਚ ਸ਼ੁਰੂ ਹੋਏ ਹਾਈ ਸਪੀਡ ਡਾਟਾ ਅਤੇ ਸਸਤੀ ਕਾਲਿੰਗ ਨਾਲ ਹੁਣ ਜਲਦ ਹੀ ਭਾਰਤ 'ਚ 2ਜੀ ਦਾ ਯੁੱਗ ਖਤਮ ਹੋਣ ਦੇ ਕੰਢੇ 'ਤੇ ਹੈ। 3ਜੀ ਦੇ ਗਾਹਕਾਂ ਦੀ ਗਿਣਤੀ 'ਚ ਵੀ ਭਾਰੀ ਗਿਰਾਵਟ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸਾਲ 2021 'ਚ ਟੈਲੀਕਾਮ ਕੰਪਨੀਆਂ ਨੂੰ 2ਜੀ ਸਰਵਿਸ ਬੰਦ ਕਰਨ ਦਾ ਵਿਚਾਰ ਕਰਨਾ ਪੈ ਸਕਦਾ ਹੈ। ਹਾਲਾਂਕਿ ਹੁਣ ਵੀ 2ਜੀ ਗਾਹਕਾਂ ਦੀ ਵੱਡੀ ਗਿਣਤੀ ਹੈ ਪਰ ਪਿਛਲੇ ਇਕ ਸਾਲ ਦੌਰਾਨ ਇਸ 'ਚ ਤੇਜ਼ੀ ਨਾਲ ਕਮੀ ਆਈ ਹੈ, ਜਦੋਂ ਕਿ 4ਜੀ ਗਾਹਕਾਂ ਦੀ ਗਿਣਤੀ ਵੱਧ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕਿ 3ਜੀ ਗਾਹਕਾਂ ਦੀ ਗਿਣਤੀ ਵੀ ਘਟਣ ਦੀ ਉਮੀਦ ਹੈ ਅਤੇ ਦੋ ਸਾਲਾਂ 'ਚ ਦੇਸ਼ 'ਚ 4ਜੀ ਹੀ ਇਕਮਾਤਰ ਸਟੈਂਡਰਡ ਹੋ ਸਕਦਾ ਹੈ।

ਇਕ ਸਾਲ ਪਹਿਲਾਂ ਤਕ ਕੁੱਲ ਮੋਬਾਇਲ ਯੂਜ਼ਰਸ 'ਚੋਂ 70 ਫੀਸਦੀ ਤੋਂ ਜ਼ਿਆਦਾ 2ਜੀ 'ਤੇ ਸਨ। ਨਵੰਬਰ 2018 'ਚ ਇਹ ਗਿਣਤੀ ਘੱਟ ਕੇ 58 ਫੀਸਦੀ 'ਤੇ ਆ ਗਈ। ਉੱਥੇ ਹੀ, ਤਿੰਨ ਟਾਪ ਟੈਲੀਕਾਮ ਕੰਪਨੀਆਂ ਦੇ ਸੰਯੁਕਤ 4ਜੀ ਯੂਜ਼ਰਸ ਦੇਖੀਏ ਤਾਂ ਪਿਛਲੇ ਸਾਲ ਤੋਂ 1 ਜਨਵਰੀ 2019 ਤਕ ਇਨ੍ਹਾਂ ਦੀ ਗਿਣਤੀ 85 ਫੀਸਦੀ ਵਧ ਕੇ 43.25 ਕਰੋੜ ਹੋ ਗਈ, ਜਦੋਂ ਕਿ ਇਸ ਦੌਰਾਨ ਵੋਡਾ-ਆਈਡੀਆ ਦੇ 2ਜੀ ਯੂਜ਼ਰਸ ਦੀ ਗਿਣਤੀ 11 ਫੀਸਦੀ ਘੱਟ ਕੇ 27.93 ਕਰੋੜ ਅਤੇ ਭਾਰਤੀ ਏਅਰਟੈੱਲ ਦੇ 2ਜੀ ਗਾਹਕਾਂ ਦੀ ਗਿਣਤੀ 22.5 ਫੀਸਦੀ ਘੱਟ ਹੋ ਕੇ 17.67 ਕਰੋੜ ਰਹਿ ਗਈ।
ਮਾਹਰਾਂ ਮੁਤਾਬਕ, 4ਜੀ ਸਮਾਰਟ ਫੋਨ ਦੀਆਂ ਕੀਮਤਾਂ ਘੱਟ ਹੋਣ, ਡਾਟਾ ਬਹੁਤ ਸਸਤਾ ਹੋਣ ਅਤੇ ਜਿਓ ਦੇ ਸਸਤੇ ਵੋਲਟੇ ਫੀਚਰ ਫੋਨ ਦੀ ਵਧਦੀ ਪ੍ਰਸਿੱਧੀ ਕਾਰਨ ਦੋ ਸਾਲਾਂ 'ਚ ਪੂਰੀ ਆਬਾਦੀ 4ਜੀ ਨੈੱਟਵਰਕ 'ਤੇ ਸ਼ਿਫਟ ਹੋ ਸਕਦੀ ਹੈ। ਇਸ ਦੇ ਮੱਦੇਨਜ਼ਰ 2021 ਤਕ 2ਜੀ ਪੂਰੀ ਤਰ੍ਹਾਂ ਖਤਮ ਹੋ ਸਕਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਬਾਜ਼ਾਰ 'ਚ ਸਸਤੇ ਸਮਾਰਟ ਫੋਨ ਮਿਲ ਰਹੇ ਹਨ, ਨਾਲ ਹੀ ਇੰਟਰਨੈੱਟ ਪੈਕ ਵੀ ਕਾਫੀ ਘੱਟ ਹੋਏ ਹਨ। ਸਮਾਜ ਦਾ ਹਰ ਤਬਕਾ ਇਸ ਦਾ ਫਾਇਦਾ ਉਠਾ ਰਿਹਾ ਹੈ, ਜਿਸ ਦਾ ਪਤਾ ਗ੍ਰਾਮੀਣ ਇਲਾਕਿਆਂ 'ਚ ਜਿਓ ਫੋਨ ਦੀ ਸਫਲਤਾ ਤੋਂ ਲੱਗਦਾ ਹੈ।