ਅਮਰੀਕਾ ਨੇ ਚੀਨ ਦੀ ਪੇਸ਼ਗੀ ਵਪਾਰਕ ਬੈਠਕ ਦੀ ਪੇਸ਼ਕਸ਼ ਨੂੰ ਕੀਤਾ ਰੱਦ : ਰਿਪੋਰਟ

01/23/2019 5:06:42 PM

ਵਾਸ਼ਿੰਗਟਨ — ਅਮਰੀਕਾ ਅਤੇ ਚੀਨ ਵਿਚਾਲੇ ਅਗਲੇ ਹਫਤੇ ਹੋਣ ਵਾਲੀ ਉੱਚ ਪੱਧਰੀ ਵਪਾਰਕ ਮੀਟਿੰਗ ਤੋਂ ਪਹਿਲਾਂ ਬੀਜਿੰਗ ਦੀ ਇਕ ਪੇਸ਼ਗੀ ਬੈਠਕ ਦੀ ਪੇਸ਼ਕਸ਼ ਨੂੰ ਅਮਰੀਕਾ ਨੇ ਮਨ੍ਹਾ(ਰੱਦ) ਕਰ ਦਿੱਤਾ ਹੈ। ਮੀਡੀਆ ਰਿਪੋਰਟ 'ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਫਾਈਨੈਂਸ਼ਲ ਟਾਈਮਜ਼ ਦੀ ਇਸ ਖਬਰ ਤੋਂ ਬਾਅਦ ਅਮਰੀਕੀ ਸ਼ੇਅਰ ਬਜ਼ਾਰ ਵਿਚ ਤੇਜ਼ ਗਿਰਾਵਟ ਦੇਖੀ ਗਈ। ਅਮਰੀਕਾ ਦੇ ਇਸ ਫੈਸਲੇ ਨਾਲ ਇਕ ਵਾਰ ਫਿਰ ਤੋਂ ਬਜ਼ਾਰ ਵਿਚ ਅਮਰੀਕਾ-ਚੀਨ ਵਪਾਰ ਯੁੱਧ ਦੇ ਹੱਲ ਦੀਆਂ ਕੋਸ਼ਿਸ਼ਾਂ ਦੇ ਅਸਫਲ ਹੋਣ ਦਾ ਡਰ ਦਿਖਾਈ ਦੇ ਰਿਹਾ ਹੈ।

ਦ ਟਾਈਮਜ਼ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਵਪਾਰ ਝਗੜਿਆਂ ਨਾਲ ਸੰਬੰਧਤ ਕੁਝ ਮਹੱਤਵਪੂਰਨ ਮੁੱਦਿਆਂ 'ਤੇ ਕੋਈ ਅਗਾਊਂ ਹੱਲ ਨਾ ਹੁੰਦਾ ਦੇਖ, ਚੀਨ ਨੇ ਮੁੱਖ ਮੀਟਿੰਗ ਤੋਂ ਪਹਿਲਾਂ ਗੱਲਬਾਤ ਲਈ ਇਸ ਆਹਮੋ-ਸਾਹਮਣੇ ਦੀ ਮੀਟਿੰਗ ਦਾ ਪ੍ਰਸਤਾਵ ਤਿਆਰ ਕੀਤਾ ਸੀ। ਇਸ ਪ੍ਰਸਤਾਵ ਨੂੰ ਅਮਰੀਕਾ ਦੁਆਰਾ ਰੱਦ ਕਰ ਦਿੱਤਾ ਗਿਆ। ਇਨ੍ਹਾਂ ਮੁੱਖ ਮੁੱਦਿਆਂ ਵਿਚ ਚੀਨ ਦੀ ਅਰਥਵਿਵਸਥਾ ਨਾਲ ਜੁੜੇ ਸੰਸਥਾਗਤ ਸੁਧਾਰ ਅਤੇ ਜ਼ਬਰਦਸਤੀ ਕੀਤਾ ਗਿਆ ਤਕਨੀਕੀ ਸੰਚਾਰ ਸ਼ਾਮਲ ਹੈ। ਦੋਵੇਂ ਦੇਸ਼ ਅਗਲੇ ਹਫਤੇ ਤੋਂ ਆਪਣੇ ਵਪਾਰਕ ਵਿਵਾਦਾਂ ਦਾ ਹੱਲ ਕਰਨ ਲਈ ਮੀਟਿੰਗਾਂ ਨੂੰ ਸ਼ੁਰੂ ਕਰਨਗੇ। ਦੋਵੇਂ ਦੇਸ਼ ਇਕ ਮਾਰਚ ਤੋਂ ਪਹਿਲਾਂ ਇਸਦਾ ਹੱਲ ਲੱਭਣਗੇ ਕਿਉਂਕਿ ਦੋਵਾਂ ਦੇਸ਼ਾਂ ਦੁਆਰਾ 90 ਦਿਨਾਂ ਵਿਚ ਇਕ ਹੱਲ ਲੱਭਣ ਦੀ ਤੈਅ ਕੀਤੀ ਗਈ ਸਮਾਂ ਹੱਦ ਖਤਮ ਹੋ ਰਹੀ ਹੈ। ਕੋਈ ਸਹਿਮਤੀ ਨਾ ਬਣਨ ਦੀ ਸਥਿਤੀ 'ਚ ਅਮਰੀਕਾ 'ਚ ਆਯਾਤ ਹੋਣ ਵਾਲੇ ਚੀਨ ਦੇ ਸਮਾਨ 'ਤੇ ਵਧੀਆਂ ਫੀਸ ਦੀਆਂ ਦਰਾਂ ਲਾਗੂ ਹੋ ਜਾਣਗੀਆਂ।