ਭਾਰਤੀ ਕਾਰਾਂ ਦਾ ਮੈਕਸੀਕੋ-ਅਮਰੀਕਾ ''ਚ ਜਲਵਾ, ਡਾਲਰਾਂ ''ਚ ਬਰਸ ਰਹੇ ਨੋਟ!

08/20/2018 12:49:32 PM

ਨਵੀਂ ਦਿੱਲੀ— ਭਾਰਤੀ ਕਾਰਾਂ ਨੂੰ ਅਮਰੀਕਾ ਅਤੇ ਮੈਕਸੀਕੋ 'ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਲਿਹਾਜਾ ਭਾਰਤ 'ਚ ਬਣੀਆਂ ਕਾਰਾਂ ਦਾ ਹੁਣ ਅਮਰੀਕਾ ਦੂਜਾ ਸਭ ਤੋਂ ਵੱਡਾ ਬਾਜ਼ਾਰ ਬਣ ਗਿਆ ਹੈ। ਪਿਛਲੇ ਕੁਝ ਸਾਲਾਂ ਤੋਂ ਦੂਜੇ ਨੰਬਰ 'ਤੇ ਰਹਿਣ ਵਾਲਾ ਦੱਖਣੀ ਅਫਰੀਕਾ ਹੁਣ ਇਸ ਸੂਚੀ 'ਚ ਤੀਜੇ ਨੰਬਰ 'ਤੇ ਹੈ, ਜਦੋਂ ਕਿ ਭਾਰਤੀ ਕਾਰਾਂ ਦਾ ਸਭ ਤੋਂ ਵੱਡਾ ਬਾਜ਼ਾਰ ਮੈਕਸੀਕੋ ਪਹਿਲੇ ਨੰਬਰ 'ਤੇ ਹੈ। ਇਸ ਸਾਲ ਅਪ੍ਰੈਲ ਤੋਂ 30 ਜੂਨ 2018 ਤਕ ਭਾਰਤ ਨੇ ਅਮਰੀਕਾ ਨੂੰ 26.8 ਕਰੋੜ ਡਾਲਰ ਯਾਨੀ ਤਕਰੀਬਨ 18.76 ਅਰਬ ਰੁਪਏ ਦੇ ਯਾਤਰੀ ਵਾਹਨਾਂ ਦੀ ਬਰਾਮਦ (ਐਕਸਪੋਰਟ) ਕੀਤੀ ਹੈ। ਇਸ ਦੌਰਾਨ ਦੱਖਣੀ ਅਫਰੀਕਾ ਨੂੰ ਹੋਣ ਵਾਲੀ ਬਰਾਮਦ 19.9 ਕਰੋੜ ਡਾਲਰ ਰਹੀ।

ਪਿਛਲੇ ਪੂਰੇ ਵਿੱਤੀ ਸਾਲ 'ਚ ਭਾਰਤ ਨੇ ਅਮਰੀਕਾ ਅਤੇ ਦੱਖਣੀ ਅਫਰੀਕਾ ਨੂੰ ਕ੍ਰਮਵਾਰ 65.4 ਕਰੋੜ ਡਾਲਰ ਅਤੇ 66.6 ਕਰੋੜ ਡਾਲਰ ਦਾ ਐਕਸਪੋਰਟ ਕੀਤਾ ਸੀ। ਉੱਥੇ ਹੀ ਮੌਜੂਦਾ ਵਿੱਤੀ ਸਾਲ ਦੀ ਪਹਿਲੇ ਤਿੰਨ ਮਹੀਨਿਆਂ 'ਚ ਮੈਕਸੀਕੋ ਭਾਰਤੀ ਕਾਰਾਂ ਦਾ ਸਭ ਤੋਂ ਵੱਡਾ ਬਾਜ਼ਾਰ ਰਿਹਾ। ਇਸ ਦੌਰਾਨ ਮੈਕਸੀਕੋ ਨੂੰ 40.7 ਕਰੋੜ ਡਾਲਰ ਮੁੱਲ ਦੀਆਂ ਕਾਰਾਂ ਸਪਲਾਈ ਕੀਤੀਆਂ ਗਈਆਂ। ਇਸ ਦਾ ਮਤਲਬ ਹੈ ਕਿ ਲੋਕਾਂ ਵੱਲੋਂ ਭਾਰਤ 'ਚ ਬਣੀਆਂ ਕਾਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ਨਾਲ ਬਰਾਮਦ 'ਚ ਵਾਧਾ ਹੋਇਆ ਹੈ।
ਅਮਰੀਕਾ ਨੂੰ ਹੋ ਰਹੀ ਬਰਾਮਦ 'ਚ ਵਾਧਾ ਇਕ ਮਾਤਰ ਕਾਰ ਨਿਰਮਾਤਾ ਫੋਰਡ ਦੇ ਵਾਹਨਾਂ ਦੀ ਵਜ੍ਹਾ ਨਾਲ ਹੋ ਰਿਹਾ ਹੈ। ਫੋਰਡ ਕੰਪਨੀ ਨੇ ਚੇਨਈ 'ਚ ਬਣੀ ਕੰਪੈਕਟ ਯੂਟਿਲਟੀ ਗੱਡੀ ਈਕੋਸਪੋਰਟ ਦੀ ਬਰਾਮਦ ਪਿਛਲੀ ਸਾਲ ਸ਼ੁਰੂ ਕੀਤੀ ਸੀ। ਕੰਪਨੀ ਨੇ ਭਾਰਤ 'ਚ ਬਣਾਈਆਂ ਤਕਰੀਬਨ 35,000 ਕਾਰਾਂ ਦਾ ਅਮਰੀਕਾ ਸਮੇਤ ਵੱਖ-ਵੱਖ ਬਾਜ਼ਾਰਾਂ 'ਚ ਅਪ੍ਰੈਲ-ਜੂਨ ਤਿਮਾਹੀ 'ਚ ਐਕਸਪੋਰਟ ਕੀਤਾ। ਇਨ੍ਹਾਂ 'ਚ ਈਕੋਸਪੋਰਟ ਦੀ ਗਿਣਤੀ ਤਕਰੀਬਨ 20,500 ਰਹੀ। ਜ਼ਿਕਰਯੋਗ ਹੈ ਕਿ ਭਾਰਤ ਤੋਂ ਅਮਰੀਕਾ ਨੂੰ ਬਰਾਮਦ 'ਚ ਉਸ ਸਮੇਂ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਮਰੀਕੀ ਕਾਰ ਕੰਪਨੀਆਂ ਨੂੰ ਸਥਾਨਕ ਨਿਰਮਾਣ ਵਧਾਉਣ 'ਤੇ ਜ਼ੋਰ ਦੇ ਰਹੇ ਹਨ।