ਯੂ. ਬੀ. ਆਈ. ਨੇ ਗਾਹਕਾਂ ਨੂੰ ਦਿੱਤੀ ਸੌਗਾਤ, 0.10 ਫੀਸਦੀ ਸਸਤੇ ਹੋਏ ਲੋਨ

01/13/2020 2:41:31 PM

ਨਵੀਂ ਦਿੱਲੀ— ਪਬਲਿਕ ਸੈਕਟਰ ਦੇ ਯੂਨੀਅਨ ਬੈਂਕ ਆਫ ਇੰਡੀਆ (ਯੂ. ਬੀ. ਆਈ.) ਨੇ ਨਵਾਂ ਕਰਜ਼ ਲੈਣਾ ਸਸਤਾ ਕਰ ਦਿੱਤਾ ਹੈ। ਯੂ. ਬੀ. ਆਈ. ਨੇ MCLR ਲੋਨ ਦਰਾਂ 'ਚ ਕਟੌਤੀ ਕਰ ਦਿੱਤੀ ਹੈ। ਬੈਂਕ ਨੇ MCLR 10 ਆਧਾਰ ਅੰਕ ਯਾਨੀ 0.10 ਫੀਸਦੀ ਘਟਾ ਦਿੱਤਾ ਹੈ।

ਬੈਂਕ ਅਨੁਸਾਰ, ਇਕ ਸਾਲ ਦੀ MCLR ਦਰ ਹੁਣ 8.20 ਫੀਸਦੀ ਤੋਂ ਘੱਟ ਕੇ 8.10 ਫੀਸਦੀ ਹੋ ਗਈ ਹੈ। ਬੈਂਕ ਨੇ ਜੁਲਾਈ 2019 ਤੋਂ ਹੁਣ ਤੱਕ ਲਗਾਤਾਰ ਸੱਤਵੀਂ ਵਾਰ MCLR 'ਚ ਕਟੌਤੀ ਕੀਤੀ ਹੈ। ਯੂ. ਬੀ. ਆਈ. ਵੱਲੋਂ ਫਰਵਰੀ 2019 ਤੋਂ ਹੁਣ ਤੱਕ ਵੱਖ-ਵੱਖ ਸਮੇਂ 'ਚ MCLR ਦਰ 0.60 ਫੀਸਦੀ ਤੋਂ ਲੈ ਕੇ 0.75 ਫੀਸਦੀ ਤਕ ਘਟਾਈ ਜਾ ਚੁੱਕੀ ਹੈ। ਨਵੀਂ ਕਟੌਤੀ ਸ਼ਨੀਵਾਰ ਤੋਂ ਪ੍ਰਭਾਵੀ ਹੋ ਗਈ ਹੈ।


ਜ਼ਿਕਰਯੋਗ ਹੈ ਕਿ ਜਲਦ ਹੀ ਸਰਕਾਰੀ ਬੈਂਕਾਂ 'ਚ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਮਗਰੋਂ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਰਕਾਰੀ ਬੈਂਕ ਬਣਨ ਜਾ ਰਿਹਾ ਹੈ। ਪੀ. ਐੱਨ. ਬੀ. 'ਚ ਓਰੀਐਂਟਲ ਬੈਂਕ ਅਤੇ ਯੂਨਾਈਟਡ ਬੈਂਕ ਨੂੰ ਮਿਲਾ ਦਿੱਤਾ ਜਾਵੇਗਾ। ਕੇਨਰਾ ਅਤੇ ਸਿੰਡੀਕੇਟ ਬੈਂਕ ਇਕ ਹੋਣਗੇ। ਯੂਨੀਅਨ ਬੈਂਕ 'ਚ ਕਾਰਪੋਰੇਸ਼ਨ ਬੈਂਕ ਅਤੇ ਆਂਧਰਾ ਬੈਂਕ ਨੂੰ ਮਿਲਾ ਦਿੱਤਾ ਜਾਵੇਗਾ, ਜੋ 5ਵਾਂ ਵੱਡਾ ਸਰਕਾਰੀ ਬੈਂਕ ਹੋਵੇਗਾ। ਇਸ ਤੋਂ ਇਲਾਵਾ ਇੰਡੀਅਨ ਬੈਂਕ 'ਚ ਇਲਾਹਾਬਾਦ ਬੈਂਕ ਦਾ ਰਲੇਵਾਂ ਹੋਵੇਗਾ।
ਸਰਕਾਰੀ ਬੈਂਕਾਂ 'ਚ ਹੋਣ ਜਾ ਰਹੇ ਇਸ ਬਦਲਾਵ ਮਗਰੋਂ ਗਾਹਕਾਂ ਨੂੰ ਕਈ ਕੰਮ ਕਰਨੇ ਪੈ ਸਕਦੇ ਹਨ ਪਰ ਖਾਤੇ 'ਚ ਜਮ੍ਹਾਂ ਰਕਮ ਜਾਂ ਖਾਤੇ ਨੂੰ ਲੈ ਕੇ ਤੁਹਾਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣ ਜਾ ਰਹੀ। ਬੈਂਕਾਂ ਦੀ ਬਰਾਂਚ ਅਤੇ ਏ. ਟੀ. ਐੱਮ. ਦੇ ਵੱਡੇ ਨੈੱਟਵਰਕ ਦਾ ਫਾਇਦਾ ਗਾਹਕਾਂ ਨੂੰ ਮਿਲੇਗਾ। ਉੱਥੇ ਹੀ, ਇਕ ਹੋਣ ਜਾ ਰਹੇ ਬੈਂਕਾਂ ਦੀ ਜਿਨ੍ਹਾਂ ਸ਼ਹਿਰਾਂ 'ਚ ਨਾਲ- ਨਾਲ ਬਰਾਂਚ ਹੈ ਉਨ੍ਹਾਂ ਨੂੰ ਮਿਲਾ ਕੇ ਇਕ ਕੀਤਾ ਜਾਵੇਗਾ ਤੇ ਕੁਝ ਬਰਾਂਚਾਂ ਨੂੰ ਬੰਦ ਵੀ ਕੀਤਾ ਜਾ ਸਕਦਾ ਹੈ।