ਇਨ੍ਹਾਂ ਬੈਂਕ ਖਾਤਾਧਾਰਕਾਂ ਲਈ ਖੜ੍ਹੀ ਹੋਈ ਮੁਸੀਬਤ, ਭਰਨਾ ਪੈ ਸਕਦੈ ਭਾਰੀ ਟੈਕਸ

08/26/2020 2:42:05 AM

ਨਵੀਂ ਦਿੱਲੀ— ਸਰਕਾਰ ਕਾਲੇ ਧਨ ਤੇ ਹਵਾਲਾ ਸਮੱਸਿਆ ਨਾਲ ਲੜਨ ਲਈ ਇਨਕਮ ਟੈਕਸ ਕਾਨੂੰਨ ਸਖ਼ਤ ਕਰ ਰਹੀ ਹੈ। ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਜੇਕਰ ਕਿਸੇ ਨੇ ਪਿਛਲੇ ਵਿੱਤੀ ਸਾਲ ਦੌਰਾਨ ਆਪਣੇ ਬੈਂਕ ਖਾਤੇ 'ਚ ਕੋਈ ਵੱਡੀ ਰਕਮ ਰੱਖੀ ਸੀ, ਜਿਸ ਦਾ ਸਰੋਤ ਉਹ ਨਹੀਂ ਦੱਸ ਸਕਦਾ ਹੈ ਤਾਂ ਇਨਕਮ ਟੈਕਸ ਵਿਭਾਗ ਅਜਿਹੀ ਰਕਮ 'ਤੇ ਭਾਰੀ ਭਰਕਮ ਟੈਕਸ ਲਾ ਸਕਦਾ ਹੈ।

ਰਿਪੋਰਟਾਂ ਮੁਤਾਬਕ, ਇਨਕਮ ਟੈਕਸ ਐਕਟ ਦੀ ਧਾਰਾ 69-ਏ ਅਨੁਸਾਰ, ਜੇਕਰ ਪਿਛਲੇ ਸਾਲ ਪੈਸੇ, ਸੋਨੇ, ਗਹਿਣਿਆਂ ਜਾਂ ਹੋਰ ਕੀਮਤੀ ਚੀਜ਼ਾਂ ਦੇ ਤੁਸੀਂ ਮਾਲਕ ਰਹੇ ਹੋ, ਜਿਸ ਦਾ ਰਿਕਾਰਡ ਤੁਹਾਡੇ ਕੋਲ ਨਹੀਂ ਹੈ ਅਤੇ ਤੁਸੀਂ ਇਸ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦੇ ਸਕਦੇ ਜਾਂ ਮੁਲਾਂਕਣ ਅਧਿਕਾਰੀ ਸਵਾਲਾਂ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੁੰਦਾਂ ਤਾਂ ਇਹ ਟੈਕਸਦਾਤਾ ਦੀ ਆਮਦਨੀ ਮੰਨੀ ਜਾ ਸਕਦੀ ਹੈ ਅਤੇ ਇਸ 'ਤੇ ਭਾਰੀ ਭਰਕਮ ਟੈਕਸ ਲਗਾਇਆ ਜਾ ਸਕਦਾ ਹੈ।

ਇਸ ਤਹਿਤ ਤੁਹਾਨੂੰ 83.25 ਫੀਸਦੀ ਦੀ ਉੱਚ ਦਰ ਨਾਲ ਇਨਕਮ ਟੈਕਸ ਅਦਾ ਕਰਨਾ ਪਏਗਾ, ਜਿਸ 'ਚ 60 ਫੀਸਦੀ ਟੈਕਸ, 25 ਫੀਸਦੀ ਸਰਚਾਰਜ ਅਤੇ 6 ਫੀਸਦੀ ਜੁਰਮਾਨਾ ਸ਼ਾਮਲ ਹੈ। ਹਾਲਾਂਕਿ, ਜੇਕਰ ਨਕਦ ਕ੍ਰੈਡਿਟ ਪਹਿਲਾਂ ਹੀ ਆਮਦਨ 'ਚ ਸ਼ਾਮਲ ਕੀਤਾ ਗਿਆ ਹੈ ਅਤੇ ਪਿਛਲੇ ਵਿੱਤੀ ਸਾਲ ਦੀ ਸਮਾਪਤੀ ਜਾਂ ਇਸ ਤੋਂ ਪਹਿਲਾਂ ਟੈਕਸ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ ਤਾਂ 6 ਫੀਸਦੀ ਜੁਰਮਾਨਾ ਨਹੀਂ ਲਾਗੂ ਕੀਤਾ ਜਾਵੇਗਾ।

ਸਰਕਾਰ ਨੇ 8 ਨਵੰਬਰ 2016 ਨੂੰ ਨੋਟਬੰਦੀ ਕਰਕੇ ਰਾਤੋ-ਰਾਤ 500 ਅਤੇ 1000 ਦੇ ਕਰੰਸੀ ਨੋਟਾਂ 'ਤੇ ਪਾਬੰਦੀ ਲਾ ਦਿੱਤੀ ਸੀ। ਇਸ ਤੋਂ ਬਾਅਦ ਬਹੁਤ ਸਾਰੇ ਟੈਕਸਦਾਤਾਵਾਂ ਨੇ ਆਪਣੇ ਬੈਂਕ ਖਾਤਿਆਂ 'ਚ ਭਾਰੀ ਨਕਦੀ ਜਮ੍ਹਾ ਕਰਵਾਈ, ਜਿਸ ਦੀ ਇਨਕਮ ਟੈਕਸ (ਆਈ. ਟੀ.) ਵਿਭਾਗ ਖੋਜਬੀਨ ਕਰ ਰਿਹਾ ਹੈ। ਉਸ ਸਮੇਂ ਸਰਕਾਰ ਨੇ ਟੈਕਸਦਾਤਾਵਾਂ ਨੂੰ ਅਜਿਹੀ ਅਣਦੱਸੀ ਆਮਦਨੀ 'ਤੇ ਬਿਨਾਂ ਕਿਸੇ ਹੋਰ ਪੁੱਛਗਿੱਛ ਤੇ ਕਾਰਵਾਈ ਦੇ ਟੈਕਸ ਭਰਨ ਦੀ ਡੀਲ ਪੇਸ਼ ਕੀਤੀ ਸੀ।


Sanjeev

Content Editor

Related News