ਤਾਲਾਬੰਦੀ 'ਚ ਢਿੱਲ ਪਿੱਛੋਂ ਵੀ ਵਧੀ ਬੇਰੋਜ਼ਗਾਰੀ, ਦੇਖੋ ਹੈਰਾਨ ਕਰਦੀ ਰਿਪੋਰਟ

09/02/2020 6:39:18 PM

ਨਵੀਂ ਦਿੱਲੀ— ਬੇਰੋਜ਼ਗਾਰੀ ਦਰ ਅਗਸਤ 'ਚ ਇਸ ਤੋਂ ਪਿਛਲੇ ਮਹੀਨੇ ਨਾਲੋਂ ਵੀ ਬਦਤਰ ਹੋ ਗਈ। ਭਾਰਤ 'ਚ ਲਾਕਡਾਊਨ 'ਚ ਢਿੱਲ ਦਿੱਤੇ ਜਾਣ ਤੋਂ ਬਾਅਦ ਰੋਜ਼ਗਾਰ ਦੇ ਮੋਰਚੇ 'ਤੇ ਜੂਨ ਦੇ ਮੁਕਾਬਲੇ ਜੁਲਾਈ 2020 'ਚ ਬਿਹਤਰ ਅੰਕੜੇ ਸਾਹਮਣੇ ਆਏ ਸਨ। ਉਮੀਦ ਕੀਤੀ ਜਾ ਰਹੀ ਸੀ ਕਿ ਅਨਲਾਕ ਤੋਂ ਬਾਅਦ ਹੌਲੀ-ਹੌਲੀ ਰੋਜ਼ਗਾਰ ਦੇ ਅੰਕੜੇ ਹੋਰ ਬਿਹਤਰ ਹੋਣਗੇ ਪਰ ਅਗਸਤ ਦੇ ਅੰਕੜਿਆਂ ਨੇ ਇਕ ਵਾਰ ਫਿਰ ਨਿਰਾਸ਼ ਕਰ ਦਿੱਤਾ। ਜੁਲਾਈ ਦੇ ਮੁਕਾਬਲੇ ਅਗਸਤ 'ਚ ਰੋਜ਼ਗਾਰ ਦੇ ਮੌਕੇ ਘਟੇ ਹਨ।

'ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨੋਮੀ (ਸੀ. ਐੱਮ. ਆਈ. ਈ.)' ਦੀ ਰਿਪੋਰਟ ਮੁਤਾਬਕ, ਅਗਸਤ 'ਚ ਬੇਰੋਜ਼ਗਾਰੀ ਦਰ 8.35 ਫੀਸਦੀ ਹੋ ਗਈ, ਜੋ ਪਿਛਲੇ ਮਹੀਨੇ ਜੁਲਾਈ 'ਚ ਇਸ ਤੋਂ ਘੱਟ 7.43 ਫੀਸਦੀ ਰਹੀ ਸੀ।
 

ਸ਼ਹਿਰੀ ਇਲਾਕੇ 'ਚ ਹਰ ਦਸ 'ਚੋਂ ਇਕ ਬੇਰੋਜ਼ਗਾਰ
ਰਿਪੋਰਟ ਮੁਤਾਬਕ, ਸ਼ਹਿਰੀ ਇਲਾਕੇ 'ਚ ਹਰ ਦਸ 'ਚੋਂ ਇਕ ਵਿਅਕਤੀ ਇਸ ਸਮੇਂ ਬੇਰੋਜ਼ਗਾਰੀ ਦੀ ਮਾਰ ਝੱਲ ਰਿਹਾ ਹੈ। ਸ਼ਹਿਰੀ ਇਲਾਕੇ 'ਚ ਅਗਸਤ ਦੌਰਾਨ ਬੇਰੋਜ਼ਗਾਰੀ ਦਰ 9.83 ਫੀਸਦੀ ਦਰਜ ਕੀਤੀ ਗਈ ਹੈ, ਜਦੋਂ ਕਿ ਗ੍ਰਾਮੀਣ ਇਲਾਕਿਆਂ 'ਚ ਇਹ ਦਰ 7.65 ਫੀਸਦੀ 'ਤੇ ਰਹੀ। ਜੁਲਾਈ 2020 'ਚ ਸ਼ਹਿਰ ਇਲਾਕੇ 'ਚ ਬੇਰੋਜ਼ਗਾਰੀ ਦਰ 9.15 ਫੀਸਦੀ ਅਤੇ ਪੇਂਡੂ ਬੇਰੋਜ਼ਗਾਰੀ ਦਰ 6.6 ਫੀਸਦੀ ਸੀ।

ਮਾਹਰਾਂ ਦਾ ਕਹਿਣਾ ਹੈ ਕਿ ਦੇਸ਼ 'ਚ ਆਰਥਿਕ ਗਤੀਵਧੀਆਂ ਸ਼ੁਰੂ ਹੋ ਚੁੱਕੀਆਂ ਹਨ, ਹੌਲੀ-ਹੌਲੀ ਅਨਲਾਕ ਕੀਤਾ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਵੀ ਰੋਜ਼ਗਾਰ ਦੀ ਸਥਿਤੀ ਚਿੰਤਾਜਨਕ ਹੋਣਾ ਸਰਕਾਰਾਂ ਲਈ ਮੁਸ਼ਕਲ ਦਾ ਸਬਬ ਬਣ ਸਕਦਾ ਹੈ। ਇਸ ਤੋਂ ਪਹਿਲਾਂ ਜੂਨ 'ਚ ਬੇਰੋਜ਼ਗਾਰੀ ਦਰ 10.99 ਫੀਸਦੀ 'ਤੇ ਪਹੁੰਚ ਗਈ ਸੀ। ਪਹਿਲਾਂ ਇਹ ਅੰਦਾਜ਼ਾ ਸੀ ਕਿ ਜਿਵੇਂ-ਜਿਵੇਂ ਦੇਸ਼ ਅਨਲਾਕ ਵੱਲ ਵਧਦਾ ਜਾਵੇਗਾ, ਰੋਜ਼ਗਾਰ ਦੀ ਸਥਿਤੀ ਬਿਹਤਰ ਹੁੰਦੀ ਜਾਏਗੀ ਪਰ ਅਗਸਤ ਦੇ ਅੰਕੜਿਆਂ ਨੇ ਨਿਰਾਸ਼ ਕਰ ਦਿੱਤਾ।


Sanjeev

Content Editor

Related News