ਮਾਰਚ ’ਚ ਬੇਰੋਜ਼ਗਾਰੀ ਦੀ ਦਰ ਘਟ ਕੇ 7.6 ਫ਼ੀਸਦੀ ਰਹੀ, ਹਰਿਆਣਾ ’ਚ ਸਭ ਤੋਂ ਉੱਚੀ : CMIE

04/04/2022 12:14:51 PM

ਕੋਲਕਾਤਾ (ਭਾਸ਼ਾ) - ਮਾਲੀ ਹਾਲਤ ਦੇ ਹੌਲੀ-ਹੌਲੀ ਆਮ ਹਾਲਾਤ ਵੱਲ ਪਰਤਣ ਦੇ ਨਾਲ ਦੇਸ਼ ’ਚ ਬੇਰੋਜ਼ਗਾਰੀ ਦੀ ਦਰ ਘੱਟ ਰਹੀ ਹੈ। ਸੈਂਟਰ ਫਾਰ ਮਾਨਿਟਰਿੰਗ ਇੰਡੀਅਨ ਇਕਾਨਮੀ (ਸੀ. ਐੱਮ. ਆਈ. ਈ.) ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਸੀ. ਐੱਮ. ਆਈ. ਈ. ਦੇ ਮਾਸਿਕ ਅੰਕੜਿਆਂ ਅਨੁਸਾਰ ਦੇਸ਼ ’ਚ ਬੇਰੋਜ਼ਗਾਰੀ ਦੀ ਦਰ ਫਰਵਰੀ ’ਚ 8.10 ਫ਼ੀਸਦੀ ਸੀ, ਜੋ ਮਾਰਚ ’ਚ ਘਟ ਕੇ 7.6 ਫ਼ੀਸਦੀ ਰਹਿ ਗਈ। 2 ਅਪ੍ਰੈਲ ਨੂੰ ਇਹ ਅਨੁਪਾਤ ਹੋਰ ਘਟ ਕੇ 7.5 ਫ਼ੀਸਦੀ ਰਹਿ ਗਿਆ। ਸ਼ਹਿਰੀ ਬੇਰੋਜ਼ਗਾਰੀ ਦੀ ਦਰ 8.5 ਫ਼ੀਸਦੀ ਤੇ ਪੇਂਡੂ ਖੇਤਰਾਂ ਲਈ ਇਹ 7.1 ਫ਼ੀਸਦੀ ਰਹੀ।

ਭਾਰਤੀ ਅੰਕੜਾ ਸੰਸਥਾਨ ਦੇ ਅਰਥ ਸ਼ਾਸਤਰ ਦੇ ਸੇਵਾ-ਮੁਕਤ ਪ੍ਰੋਫੈਸਰ ਅਭਿਰੂਪ ਸਰਕਾਰ ਨੇ ਕਿਹਾ ਕਿ ਬੇਰੋਜ਼ਗਾਰੀ ਦੀ ਦਰ ਘੱਟ ਰਹੀ ਹੈ ਪਰ ਭਾਰਤ ਵਰਗੇ ਗਰੀਬ ਦੇਸ਼ ਦੀ ਨਜ਼ਰ ਤੋਂ ਇਹ ਹੁਣ ਵੀ ਕਾਫ਼ੀ ਉੱਚੀ ਹੈ। ਉਨ੍ਹਾਂ ਕਿਹਾ ਕਿ ਬੇਰੋਜ਼ਗਾਰੀ ਅਨੁਪਾਤ ’ਚ ਗਿਰਾਵਟ ਤੋਂ ਪਤਾ ਚੱਲਦਾ ਹੈ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਮਾਲੀ ਹਾਲਤ ਪਟੜੀ ’ਤੇ ਪਰਤ ਰਹੀ ਹੈ। ਸਰਕਾਰ ਨੇ ਕਿਹਾ ਕਿ ਪਰ ਭਾਰਤ ਵਰਗੇ ਗਰੀਬ ਦੇਸ਼ ਲਈ ਬੇਰੋਜ਼ਗਾਰੀ ਦਰ ਅਜੇ ਕਾਫ਼ੀ ਉੱਚੀ ਹੈ । ਖਾਸ ਕਰ ਕੇ ਪੇਂਡੂ ਖੇਤਰਾਂ ਦੇ ਲੋਕ ਬੇਰੋਜ਼ਗਾਰੀ ਨੂੰ ਨਹੀਂ ਸਹਿ ਸਕਦੇ। ਇਸ ਲਈ ਉਨ੍ਹਾਂ ਨੂੰ ਖਾਣ-ਕਮਾਉਣ ਲਈ ਜੋ ਵੀ ਰੋਜ਼ਗਾਰ ਮਿਲ ਰਿਹਾ ਹੈ , ਉਹ ਉਸ ਲਈ ਤਿਆਰ ਹੋ ਜਾਂਦੇ ਹਨ।

ਹਰਿਆਣਾ ’ਚ ਬੇਰੋਜ਼ਗਾਰੀ ਦੀ ਦਰ ਸਭ ਤੋਂ ਜ਼ਿਆਦਾ 26.7 ਫੀਸਦੀ ਰਹੀ

ਅੰਕੜਿਆਂ ਅਨੁਸਾਰ ਮਾਰਚ ’ਚ ਹਰਿਆਣਾ ’ਚ ਬੇਰੋਜ਼ਗਾਰੀ ਦੀ ਦਰ ਸਭ ਤੋਂ ਜ਼ਿਆਦਾ 26.7 ਫ਼ੀਸਦੀ ਰਹੀ। ਉਸ ਤੋਂ ਬਾਅਦ ਰਾਜਸਥਾਨ ਤੇ ਜੰਮੂ-ਕਸ਼ਮੀਰ ’ਚ ਇਹ 25-25 ਫ਼ੀਸਦੀ ਰਹੀ। ਬਿਹਾਰ ’ਚ ਬੇਰੋਜ਼ਗਾਰੀ ਦੀ ਦਰ 14.4 ਫ਼ੀਸਦੀ, ਤ੍ਰਿਪੁਰਾ ’ਚ 14.1 ਫ਼ੀਸਦੀ ਤੇ ਪੱਛਮੀ ਬੰਗਾਲ ’ਚ 5.6 ਫ਼ੀਸਦੀ ਰਹੀ। ਅਪ੍ਰੈਲ, 2021 ’ਚ ਕੁੱਲ ਬੇਰੋਜ਼ਗਾਰੀ ਦੀ ਦਰ 7.97 ਫ਼ੀਸਦੀ ਸੀ। ਪਿਛਲੇ ਸਾਲ ਮਈ ’ਚ ਇਹ 11.84 ਫ਼ੀਸਦੀ ਦੇ ਉੱਚ ਪੱਧਰ ’ਤੇ ਪਹੁੰਚ ਗਈ ਸੀ। ਮਾਰਚ, 2022 ’ਚ ਕਰਨਾਟਕ ਤੇ ਗੁਜਰਾਤ ’ਚ ਬੇਰੋਜ਼ਗਾਰੀ ਦੀ ਦਰ ਸਭ ਤੋਂ ਘੱਟ 1.8-1.8 ਫ਼ੀਸਦੀ ਰਹੀ।


Harinder Kaur

Content Editor

Related News